ਅੰਮ੍ਰਿਤਸਰ , 23 ਫਰਵਰੀ , 2025: –
ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਅਤੇ ਮਨੁੱਖੀ ਭਲਾਈ ਦੀ ਭਾਵਨਾ ਨੂੰ ਸਾਕਾਰ ਕਰਨ ਲਈ, ‘ ਪ੍ਰੋਜੈਕਟ ਅੰਮ੍ਰਿਤ ‘ ਅਧੀਨ ‘ ਸਾਫ਼ ਪਾਣੀ , ਸਾਫ਼ ਮਨ ‘ ਪ੍ਰੋਜੈਕਟ ਦੇ ਤੀਜੇ ਪੜਾਅ ਵਿਚ ਸ਼ਹਿਰ ਚ ਮੌਜੂਦ ਚਾਟੀਵਿੰਡ ਨਹਿਰ, ਤਾਰਾਂ ਵਾਲਾ ਪੁੱਲ, ਵੱਲਾ ਨਹਿਰ ਆਦਿ ਸਥਾਨਾਂ ਦੇ ਜਲ ਸਰੋਤਾਂ ਦੀ ਸਫ਼ਾਈ ਵਿਚ ਵਿਸ਼ੇਸ ਤੌਰ ਤੇ ਕੈਬਿਨਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਸ਼ਾਮਲ ਹੋਏ ਅਤੇ ਆਪ ਸਾਫ ਸਫਾਈ ਦੀ ਕਮਾਨ ਸੰਭਾਲੀ ਅਤੇ ਖੁਦ ਸਾਫ ਸਫਾਈ ਕੀਤੀ।
ਉਨਾਂ ਕਿਹਾ ਕਿ ਸਾਡੀ ਸਰਕਾਰ ਵੀ ਪਿਛਲੇ ਤਿੰਨ ਸਾਲਾਂ ਤੋਂ ਪੁਰੇ ਸੂਬੇ ਵਿਚ ਸਾਫ਼ ਸਫਾਈ ਦੀ ਮੁਹਿੰਮ ਨੂੰ ਵੱਡੇ ਪੱਧਰ ਤੇ ਕਰ ਰਹੀ ਹੈ। ਉਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਹਵਾ ਪਾਣੀ ਨੂੰ ਸਾਫ ਕਰਨਾ ਪਵੇਗਾ ਤਾਂ ਹੀ ਸਾਡੀਆਂ ਆਉਣ ਵਾਲੀਆ ਨਸਲਾਂ ਗੰਭੀਰ ਬਿਮਾਰੀਆਂ ਤੋਂ ਬੱਚ ਸਕਣਗੀਆਂ। ਕੈਬਨਟ ਮੰਤਰੀ ਈਟੀਓ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਹਿਰਾਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਗੰਦਗੀ ਨੂੰ ਨਾ ਸੁੱਟਣ ਉਹਨਾਂ ਕਿਹਾ ਕਿ ਉਹਨਾਂ ਦੇ ਇਸ ਕੰਮ ਨਾਲ ਨਹਿਰਾ ਦਾ ਪਾਣੀ ਖਰਾਬ ਹੋ ਰਿਹਾ ਹੈ ਅਤੇ ਜਲ ਜੰਤੂ ਵੀ ਵੱਡੀ ਗਿਣਤੀ ਵਿੱਚ ਮਰ ਜਾਂਦੇ ਹਨ ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ ਰੱਖੀਏ।
ਕੈਬਿਨਟ ਮੰਤਰੀ ਈਟੀਓ ਨੇ ਦਸਿਆ ਕਿ ਅੱਜ ਦੀ ਇਸ ਸਾਫ ਸਫਾਈ ਵਿਚ ਸੰਤ ਨਿਰੰਕਾਰੀ ਮਿਸ਼ਨ ਦੇ ਸੈਂਕੜੇ ਸੇਵਾਦਾਰ ਹਿੱਸਾ ਲੈ ਰਹੇ ਹਨ ਅਤੇ ਇਹ ਸਫ਼ਾਈ ਮੁਹਿੰਮ ਸਮੁੱਚੇ ਦੇਸ਼ ਵਿਚ ਅਨੇਕਾਂ ਜਲ ਸਰੋਤਾਂ ਤੇ ਕੀਤੀ ਜਾਵੇਗੀ ਜਿਸਦਾ ਸ਼ੁੱਭ ਆਰੰਭ ਯਮੁਨਾ ਨਦੀ ਦੇ ਛੱਠ ਘਾਟ, ਆਈਟੀਓ ਵਿਖੇ, ਪਰਮ ਪੂਜਨੀਕ ਮਾਤਾ ਸੁਦੀਕਸ਼ਾ ਜੀ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਕੀਤਾ ਗਿਆ । ਇਸ ਪ੍ਰੋਜੈਕਟ ਦਾ ਉਦੇਸ਼ ਪਾਣੀ ਦੀ ਸੰਭਾਲ ਅਤੇ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਪਾਣੀ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇ। ਕੈਬਨਟ ਮੰਤਰੀ ਸਰਦਾਰ ਈਟੀਓ ਨੇ ਸੰਤ ਨਿਰੰਕਾਰੀ ਮਿਸ਼ਨ ਦੀ ਸਲਾਘਾ ਕਰਦਿਆਂ ਕਿਹਾ ਕਿ ਉਹਨਾਂ ਦੀ ਇਸ ਮੁਹਿਮ ਦੀ ਆਉਣ ਵਾਲੇ ਸਮੇਂ ਵਿੱਚ ਸਾਰਥਕ ਨਤੀਜੇ ਨਿਕਲਣਗੇ ਅਤੇ ਇਹ ਮਿਸ਼ਨ ਪਹਿਲਾਂ ਵੀ ਖ਼ੂਨਦਾਨ ਵਰਗੇ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਦੇ ਰਹੇ ਹਨ ।
ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਨੂੰ ਅਪਨਾਉਂਦੇ ਹੋਏ, ਸਰਕਾਰ ਦੇ ਸਹਿਯੋਗ ਨਾਲ ਸਾਲ 2023 ਵਿੱਚ ‘ਪ੍ਰੋਜੈਕਟ ਅੰਮ੍ਰਿਤ’ ਸ਼ੁਰੂ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ਼ ਪਾਣੀ ਦੇ ਸਰੋਤਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣਾ ਹੈ, ਸਗੋਂ ਪਾਣੀ ਦੀ ਸੰਭਾਲ ਨੂੰ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਸੋਚ ਨੂੰ ਵਿਕਸਤ ਕਰਨਾ ਵੀ ਹੈ। ਦਰਿਆਵਾਂ, ਝੀਲਾਂ, ਤਲਾਅ, ਖੂਹਾਂ ਅਤੇ ਚਸ਼ਮੇ ਵਰਗੇ ਕੁਦਰਤੀ ਜਲ ਸਰੋਤਾਂ ਦੀ ਸਫ਼ਾਈ ਅਤੇ ਸੰਭਾਲ ਨੂੰ ਸਮਰਪਿਤ ਇਸ ਮੈਗਾ ਮੁਹਿੰਮ ਨੇ ਆਪਣੇ ਪਹਿਲੇ ਦੋ ਪੜਾਵਾਂ ਵਿੱਚ ਬੇਮਿਸਾਲ ਸਫ਼ਲਤਾ ਪ੍ਰਾਪਤ ਕੀਤੀ। ਇਸੇ ਪ੍ਰੇਰਨਾ ਨਾਲ, ਇਸ ਸਾਲ ਤੀਜੇ ਪੜਾਅ ਨੂੰ ਵਧੇਰੇ ਵਿਆਪਕ , ਪ੍ਰਭਾਵਸ਼ਾਲੀ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਨਾਲ ਅੱਗੇ ਵਧਾਇਆ ਗਿਆ ਹੈ, ਤਾਂ ਜੋ ਇਹ ਮੁਹਿੰਮ ਫੈਲਦੀ ਰਹੇ ਅਤੇ ਸਮਾਜ ਵਿੱਚ ਜਾਗਰੂਕਤਾ, ਸੇਵਾ ਅਤੇ ਸਮਰਪਣ ਦੀ ਇੱਕ ਮਜ਼ਬੂਤ ਲਹਿਰ ਪੈਦਾ ਕਰੇ।
ਵਧੇਰੇ ਜਾਣਕਾਰੀ ਦਿੰਦੇ ਹੋਏ, ਸੰਤ ਨਿਰੰਕਾਰੀ ਮੰਡਲ ਦੇ ਸਕੱਤਰ, ਮਾਣਯੋਗ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਕਿਹਾ ਕਿ ਇਹ ਵਿਸ਼ਾਲ ਮੁਹਿੰਮ ਦੇਸ਼ ਭਰ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 900 ਤੋਂ ਵੱਧ ਸ਼ਹਿਰਾਂ ਵਿੱਚ 1600 ਤੋਂ ਵੱਧ ਥਾਵਾਂ ‘ਤੇ ਇੱਕੋ ਸਮੇਂ ਆਯੋਜਿਤ ਕੀਤੀ ਗਈ ਹੈ। ਇਸ ਮੈਗਾ ਮੁਹਿੰਮ ਦਾ ਇਹ ਬੇਮਿਸਾਲ ਪੈਮਾਨਾ ਇਸਨੂੰ ਇੱਕ ਇਤਿਹਾਸਕ ਕਿਰਦਾਰ ਦੇਵੇਗਾ, ਜਿਸ ਰਾਹੀਂ ਪਾਣੀ ਦੀ ਸੰਭਾਲ ਅਤੇ ਸਫਾਈ ਦਾ ਸੰਦੇਸ਼ ਲੋਕਾਂ ਤੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚੇਗਾ।
ਉਨਾਂ ਦਸਿਆ ਕਿ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਸਫਾਈ ਪ੍ਰਤੀ ਜਾਗਰੂਕਤਾ ਸੰਗੀਤਕ ਗੀਤਾਂ, ਸਮੂਹ ਗਾਇਨ, ਜਾਗਰੂਕਤਾ ਸੈਮੀਨਾਰਾਂ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਰਾਹੀਂ ਪੈਦਾ ਕੀਤੀ ਜਾ ਰਹੀ ਹੈ। ਇਹ ਪਹਿਲ ਸਿਰਫ਼ ਸਫ਼ਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਾਜ ਭਲਾਈ ਪ੍ਰਤੀ ਸਕਾਰਾਤਮਕ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਬਣੇਗੀ। ਇਸ ਮੌਕੇ ਅੰਮ੍ਰਿਤਸਰ ਜੌਨ ਦੇ ਇੰਚਾਰਜ ਸ੍ਰੀ ਰਾਕੇਸ਼ ਸੇਠੀ, ਸੰਯੋਜਕ ਸ਼੍ਰੀ ਸੂਰਜ ਪ੍ਰਕਾਸ਼ ਜੀ , ਡਾ ਦੇਸ ਰਾਜ ਜੀ ਅਤੇ ਵੱਡੀ ਗਿਣਤੀ ਵਿਚ ਵਲੰਟੀਅਰ ਮੌਜੂਦ ਸਨ ।