ਕੁਸ਼ਲ ਅਤੇ ਪਾਰਦਰਸ਼ੀ ਪ੍ਰਣਾਲੀ ਜ਼ਰੀਏ ਪ੍ਰਸ਼ਾਸਨਿਕ ਸੇਵਾਵਾਂ ਨੂੰ ਬਿਹਤਰ ਬਣਾਉਣ ਵਿੱਚ ਕੌਮੀ ਡਿਜੀਟਲ ਪਲੇਟਫਾਰਮਾਂ ਦੀ ਭੂਮਿਕਾ ਅਹਿਮ: ਪ੍ਰਮੁੱਖ ਸਕੱਤਰ ਨੀਲਕੰਠ


ਚੰਡੀਗੜ੍ਹ, 23 ਅਕਤੂਬਰ:

ਇਥੇ ਮਗਸੀਪਾ ਵਿਖੇ ਕੋਲੈਬ-ਫਾਈਲਜ਼ (CollabFiles), ਈ-ਟਾਲ ( eTAAL) ਅਤੇ ਗੋਵ.ਇਨ (Gov.in) ਸਕਿਉਰ ਇੰਟਰਾਨੈਟ ਵੈੱਬ ਪੋਰਟਲ ਬਾਰੇ ਕਰਵਾਈ ਗਈ ਇੱਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਨੀਲਕੰਠ ਐਸ. ਆਵਾੜ੍ਹ ਨੇ ਕਿਹਾ ਕਿ ਕੌਮੀ ਡਿਜੀਟਲ ਪਲੇਟਫਾਰਮ ਕੁਸ਼ਲ, ਪਾਰਦਰਸ਼ੀ ਅਤੇ ਸੁਰੱਖਿਅਤ ਪ੍ਰਣਾਲੀਆਂ ਜ਼ਰੀਏ ਪ੍ਰਸ਼ਾਸਨਿਕ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਨੀਤੀਆਂ ਅਤੇ ਸੇਵਾਵਾਂ ਨੂੰ ਵਧੇਰੇ ਜਵਾਬਦੇਹ ਬਣਾ ਕੇ ਡਾਟਾ-ਅਧਾਰਤ ਫੈਸਲੇ ਲੈਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਹ ਵਰਕਸ਼ਾਪ ਮਗਸੀਪਾ ਵਿਖੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ (ਐਨ.ਆਈ.ਸੀ.) ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਪੰਜਾਬ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ 100 ਤੋਂ ਵੱਧ ਨੁਮਾਇੰਦਿਆਂ ਨੇ ਹਿੱਸਾ ਲਿਆ।

ਸ੍ਰੀ ਨੀਲਕੰਠ ਨੇ ਜ਼ੋਰ ਦੇ ਕੇ ਕਿਹਾ ਕਿ ਵਿਭਾਗਾਂ ਦਰਮਿਆਨ ਆਪਸੀ ਸਹਿਯੋਗ ਅਤੇ ਤਾਲਮੇਲ ਜ਼ਰੀਏ ਹੀ ਇਨ੍ਹਾਂ ਪਲੇਟਫਾਰਮਾਂ ਦੀ ਪੂਰੀ ਸਮਰੱਥਾ ਨੂੰ ਅਸਲ ਮਾਇਨਿਆਂ ਵਿੱਚ ਵਰਤਿਆਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਲੇਟਫਾਰਮਾਂ ਦਾ ਅਸਲ ਫਾਇਦਾ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਵੱਖ-ਵੱਖ ਸਰਕਾਰੀ ਸੰਸਥਾਵਾਂ ਆਪਸੀ ਤਾਲਮੇਲ ਰਾਹੀਂ ਕੰਮ ਕਰਨ। ਇਨ੍ਹਾਂ ਪਲੇਟਫਾਰਮਾਂ ਦੀ ਪੂਰੀ ਸਮਰੱਥਾ ਦਾ ਲਾਭ ਲੈਣ ਲਈ ਬਿਹਤਰ ਡਾਟਾ ਏਕੀਕਰਣ, ਅੰਤਰ-ਵਿਭਾਗੀ ਸੰਚਾਰ ਅਤੇ ਬਿਹਤਰ ਅਭਿਆਸਾਂ ਨੂੰ ਸਾਂਝਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਡਿਜ਼ੀਟਲ ਪਲੇਟਫਾਰਮਾਂ ਅਤੇ ਡੇਟਾ-ਅਧਾਰਤ ਸ਼ਾਸਨ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਅਧਿਕਾਰੀਆਂ ਵਾਸਤੇ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ ਕਰਨ ਦੀ ਲੋੜ ਹੈ ਤਾਂ ਜੋ ਅਸਲ ਮਾਇਨਿਆਂ ਵਿੱਚ ਇਨ੍ਹਾਂ ਪਲੇਟਫਾਰਮਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਵੱਡੀ ਪੱਧਰ ਉਤੇ ਡੇਟਾ ਨੂੰ ਸਟੋਰ, ਪ੍ਰੋਸੈਸ ਕਰਨ ਅਤੇ ਵਿਸ਼ਲੇਸ਼ਣ ਕਰਨ ਸਬੰਧੀ ਇਨ੍ਹਾਂ ਪਲੇਟਫਾਰਮਾਂ ਦੀ ਸਮਰੱਥਾ ਸੇਵਾਵਾਂ ਪ੍ਰਦਾਨ ਕਰਨ, ਜਵਾਬਦੇਹੀ ਅਤੇ ਪਾਰਦਰਸ਼ਤਾ ਵਿੱਚ ਸੁਧਾਰ ਕਰ ਸਕਦੀ ਹੈ।

ਉਨ੍ਹਾਂ ਨੇ ਦੇਸ਼ ਭਰ ਵਿੱਚ ਸਰਕਾਰੀ ਸੰਸਥਾਵਾਂ ਨੂੰ ਲੋੜੀਂਦਾ ਡਿਜੀਟਲ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਪ੍ਰਦਾਨ ਕਰਕੇ ਕੁਸ਼ਲ, ਪਾਰਦਰਸ਼ੀ ਅਤੇ ਸੁਰੱਖਿਅਤ ਸ਼ਾਸਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਐਨ.ਆਈ.ਸੀ. ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਹਿਯੋਗ ਨੂੰ ਉਤਸ਼ਾਹਿਤ ਕਰਦਿਆਂ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਰਾਹੀਂ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਹ ਪਲੇਟਫਾਰਮ ਨਾ ਸਿਰਫ਼ ਕੁਸ਼ਲ ਹਨ, ਸਗੋਂ ਸਾਰੇ ਹਿੱਸੇਦਾਰਾਂ ਲਈ ਇਕ-ਸਮਾਨ ਸਹੂਲਤ ਵਾਲੇ, ਪਾਰਦਰਸ਼ੀ ਅਤੇ ਸੁਰੱਖਿਅਤ ਵੀ ਹਨ।

ਵਧੀਕ ਸਕੱਤਰ ਸਕੂਲ ਸਿੱਖਿਆ ਪਰਮਿੰਦਰ ਪਾਲ ਸਿੰਘ ਸੰਧੂ ਨੇ ਡਿਜੀਟਲ ਪਹਿਲਕਦਮੀਆਂ ਦੀ ਅਗਵਾਈ ਕਰਨ ਲਈ ਐਨ.ਆਈ.ਸੀ.ਪੰਜਾਬ ਦੀ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਆਪਣੇ ਸੰਬੋਧਨ ਵਿੱਚ ਐਨ.ਆਈ.ਸੀ. ਪੰਜਾਬ ਦੇ ਡੀ.ਡੀ.ਜੀ ਅਤੇ ਸਟੇਟ ਕੋਆਰਡੀਨੇਟਰ ਆਈ.ਪੀ.ਐਸ. ਸੇਠੀ ਨੇ ਆਈ.ਸੀ.ਟੀ. ਪਹਿਲਕਦਮੀਆਂ ਦੇ ਕੌਮੀ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ ਅਤੇ ਲੋੜੀਂਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਐਨ.ਆਈ.ਸੀ. ਵੱਲੋਂ ਸੰਪੂਰਨ ਸਹਾਇਤਾ ਅਤੇ ਵਚਨਬੱਧਤਾ ਦਾ ਭਰੋਸਾ ਦਿੱਤਾ।

ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਦਾ ਸੁਆਗਤ ਕਰਦਿਆਂ ਸਟੇਟ ਇਨਫੋਰਮੈਟਿਕਸ ਅਫ਼ਸਰ (ਐਸ.ਆਈ.ਓ.) ਪੰਜਾਬ ਐਨ.ਆਈ.ਸੀ., ਵਿਵੇਕ ਵਰਮਾ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਈ-ਕੋਲੈਬ ਫਾਈਲਜ਼, ਈ-ਟਾਲ ਅਤੇ ਗੋਵ.ਇਨ ਸੁਰੱਖਿਅਤ ਇੰਟਰਾਨੈੱਟ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਤਾਂ ਜੋ ਸਰਕਾਰੀ ਵਿਭਾਗਾਂ ਦਰਮਿਆਨ ਸੁਰੱਖਿਅਤ ਸੰਚਾਰ ਅਤੇ ਡੇਟਾ ਹੈਂਡਲਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਐਨ.ਆਈ.ਸੀ. ਪੰਜਾਬ ਦੁਆਰਾ ਮੈਨੇਜ (ਪ੍ਰਬੰਧਿਤ) ਕੀਤੇ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ‘ਤੇ ਵੀ ਚਾਨਣਾ ਪਾਇਆ, ਜਿਨ੍ਹਾਂ ਦਾ ਉਦੇਸ਼ ਪ੍ਰਕਿਰਿਆਵਾਂ ਨੂੰ ਸਰਲ, ਵਧੇਰੇ ਪਾਰਦਰਸ਼ੀ ਅਤੇ ਜਵਾਬਦੇਹੀ ਬਣਾਉਣਾ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਇਨ੍ਹਾਂ ਪਹਿਲਕਦਮੀਆਂ ਨੂੰ ਅਪਣਾਉਣ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਐਨ.ਆਈ.ਸੀ. ਤੇਲੰਗਾਨਾ ਦੇ ਸੀਨੀਅਰ ਡਾਇਰੈਕਟਰ ਡਾ. ਪੀ. ਗਾਇਤਰੀ ਨੇ ਇੱਕ ਪੇਸ਼ਕਾਰੀ ਦੇਣ ਦੇ ਨਾਲ-ਨਾਲ ਕੋਲੈਬ-ਫਾਈਲਜ਼ ‘ਤੇ ਲਾਈਵ ਡੈਮੋਨਸਟ੍ਰੇਸ਼ਨ ਦਿੱਤੀ। ਉਨ੍ਹਾਂ ਦੱਸਿਆ ਕਿ ਕੋਲੈਬ-ਫਾਈਲਜ਼ ਭਾਰਤ ਵਿੱਚ ਸਰਕਾਰੀ ਸੰਸਥਾਵਾਂ ਨੂੰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਵਿੱਚ ਮਦਦ ਕਰਨ ਵਾਸਤੇ ਵੱਖ-ਵੱਖ ਦਫ਼ਤਰੀ ਸੇਵਾਵਾਂ ਪੇਸ਼ ਕਰਦਾ ਹੈ। ਸਿੰਗਲ ਸਾਈਨ-ਆਨ (ਐਸ.ਐਸ.ਓ.) ਫਰੇਮਵਰਕ, ਪਰਿਚੈ ਅਤੇ ਜਨ ਪਰਿਚੈ ਨਾਲ ਇਸ ਦਾ ਏਕੀਕਰਨ, ਸਾਰੇ ਸਰਕਾਰੀ ਕਰਮਚਾਰੀਆਂ ਲਈ ਇੱਕ ਸੁਰੱਖਿਅਤ, ਏਕੀਕ੍ਰਿਤ ਅਤੇ ਸਰਲ ਡਿਜੀਟਲ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ।

ਐਨ.ਆਈ.ਸੀ. ਹੈੱਡਕੁਆਰਟਰ ਵਿਖੇ ਆਈ.ਟੀ. ਦੇ ਡਾਇਰੈਕਟਰ ਡਾ. ਓ.ਪੀ. ਗੁਪਤਾ ਨੇ ਈ-ਟਾਲ ਅਤੇ ਗੋਵ.ਇਨ ਸੁਰੱਖਿਆਤ ਇੰਟਰਾਨੈੱਟ ਪੋਰਟਲਾਂ ਬਾਰੇ ਪੇਸ਼ਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਈ-ਟਾਲ ਈ-ਗਵਰਨੈਂਸ ਸੇਵਾਵਾਂ ਦੇ ਪ੍ਰਭਾਵ ਸਬੰਧੀ ਅਸਲ-ਸਮੇਂ ਦੀ ਸਥਿਤੀ ਪ੍ਰਦਾਨ ਕਰਦਾ ਹੈ। ਇਹ ਇਲੈਕਟ੍ਰਾਨਿਕ ਲੈਣ-ਦੇਣ ਦੇ ਵਿਸ਼ਲੇਸ਼ਣ ਰਾਹੀਂ ਸਰਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਪਹਿਲਕਦਮੀਆਂ ਦੇ ਪ੍ਰਭਾਵ ਦੀ ਨਿਗਰਾਨੀ ਅਤੇ ਮੁਲਾਂਕਣ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਫੈਸਲੇ ਲੈਣ ਵਿੱਚ ਆਸਾਨੀ ਦੇ ਨਾਲ-ਨਾਲ ਜਨਤਕ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਡਾ. ਗੁਪਤਾ ਨੇ ਇਹ ਵੀ ਦੱਸਿਆ ਕਿ ਗੋਵ.ਇਨ ਸੁਰੱਖਿਅਤ ਇੰਟਰਾਨੈੱਟ ਵਨ-ਸਟਾਪ ਸਲਿਊਸ਼ਨ ਵਜੋਂ ਕੰਮ ਕਰਦਾ ਹੈ, ਕਾਰਜਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਵੱਖ-ਵੱਖ ਸੇਵਾਵਾਂ ਤੱਕ ਪਹੁੰਚ ‘ਚ ਲਗਦੇ ਸਮੇਂ ਨੂੰ ਘਟਾਉਂਦਾ ਹੈ। ਈ-ਮੇਲ, ਈ-ਆਫ਼ਿਸ, ਸਪੈਰੋ, ਕੋਲੈਬ-ਫਾਈਲਜ਼ ਅਤੇ ਭਾਸ਼ਿਨੀ ਸਮੇਤ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਐਪਲੀਕੇਸ਼ਨਾਂ ਦਾ ਪੂਰੇ ਸਮੂਹ ਤੱਕ ਐਸ.ਐਸ.ਓ. ਰਾਹੀਂ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ, ਜਿਸ ‘ਤੇ ਸੁਰੱਖਿਅਤ ਕਲਾਉਡ ਸਟੋਰੇਜ ਦੀ ਸੁਵਿਧਾ ਵੀ ਉਪਲਬਧ ਹੈ।

Leave a Reply

Your email address will not be published. Required fields are marked *