ਝੋਨੇ ਦੀ ਫ਼ਸਲ ਨੂੰ ਕੀੜਿਆਂ ,ਬਿਮਾਰੀਆਂ ਤੋਂ ਬਚਾਉਣ ਲਈ ਸਿਫਾਰਸ਼ਾਂ ਅਨੁਸਾਰ ਖਾਦਾਂ ਵਰਤਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ  21 ਜੁਲਾਈ 2024 (     )
ਜਿਲ੍ਹਾ ਫਰੀਦਕੋਟ ਵਿੱਚ ਝੋਨੇ ਦੀ ਲਵਾਈ ਖਤਮ ਹੋ ਗਈ ਹੈ ਅਤੇ ਬਾਸਮਤੀ ਦੀ ਲਵਾਈ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗੀ, ਹੁਣ ਕਿਸਾਨਾਂ ਵੱਲੋਂ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ.ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਘੱਟ ਬਰਸਾਤ ਹੋਣ ਅਤੇ ਹੁੰਮਸ ਭਰੀ ਗਰਮੀ ਕਾਰਨ ਝੋਨੇ ਦੀ ਫ਼ਸਲ ਦਾ ਵਾਧਾ ਅਤੇ ਫੁਟਾਰਾ ਸਹੀ ਤਰਾਂ ਨਹੀਂ ਹੋ ਰਿਹਾ,ਜਿਸ ਕਾਰਨ ਕਿਸਾਨ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਖਾਸ ਕਰਕੇ ਯੂਰੀਆ ਵਰਤ ਰਹੇ ਹਨ । ਉਨ੍ਹਾਂ ਦੱਸਿਆ ਕਿ ਮਿੱਟੀ ਦੇ ਨਮੂਨੇ ਪਰਖ ਕਰਨ ਤੇ ਇਹ ਵੀ ਪਤਾ ਲੱਗਾ ਹੈ ਕਿ ਮਿੱਟੀ ਵਿਚ ਜੈਵਿਕ ਮਾਦੇ ਦੀ ਮਾਤਰਾ ਘੱਟ ਹੈ ਜਿਸ ਕਾਰਨ ਪ੍ਰਤੀ ਏਕੜ 110 ਕਿਲੋ ਯੂਰੀਆ ਖਾਦ ਦੀ ਵਰਤੋਂ ਤਿੰਨ ਬਰਾਬਰ ਕਿਸ਼ਤਾਂ ਵਿਚ ਪਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦੂਜੀ ਅਤੇ ਤੀਜੀ ਕਿਸ਼ਤ ਓਦੋਂ ਪਾਓ ਜਦੋਂ ਖੇਤ ਵਿਚ ਪਾਣੀ ਨਾ ਹੋਵੇ ਅਤੇ ਯੂਰੀਆ ਪਾਉਣ ਤੋਂ ਤਿੰਨ ਦਿਨਾਂ ਬਾਅਦ ਪਾਣੀ ਲਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਿੱਟੀ ਵਿਚ ਜੈਵਿਕ ਮਾਦੇ ਵਿਚ ਵਾਧਾ ਕਰਨ ਲਈ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਖੇਤਾਂ ਵਿਚ ਮਿਲਾਉਣਾ ਚਾਹੀਦਾ ਅਤੇ ਅੱਗ ਨਹੀਂ ਲਗਾਉਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਫ਼ਸਲ ਦੇ ਪੱਤੇ ਪੀਲੇ ਹੋ ਰਹੇ ਹਨ ਤਾਂ  ਘਬਰਾਉਣ ਦੀ ਜ਼ਰੂਰਤ ਨਹੀਂ ,ਇਹ ਮੌਸਮ ਅਤੇ ਜ਼ਿੰਕ ਦੀ ਘਾਟ ਕਾਰਨ ਹੋ ਰਿਹਾ। ਉਨ੍ਹਾਂ ਦੱਸਿਆ ਜੇਕਰ ਹੇਠਲੇ ਪੱਤਿਆਂ ਤੇ ਭੁਰੇ ਧੱਬੇ ਪੈ ਕੇ ਪੱਤੇ ਭੁਰੇ ਹੋ ਰਹੇ ਹਨ ਤਾਂ ਸਾਢੇ ਛੇ ਕਿਲੋ ਜ਼ਿੰਕ ਸਲਫੇਟ 33 ਫੀਸਦੀ ਪ੍ਰਤੀ ਏਕੜ ਨੂੰ 20 ਕਿਲੋ ਮਿੱਟੀ ਜਾਂ ਰੇਤ ਵਿਚ ਮਿਲਾ ਕੇ ਛੱਟਾ ਦੇ ਦੇਣਾ ਚਾਹੀਦਾ ਅਤੇ ਜਲਦੀ ਰਿਕਵਰੀ ਲਈ ਜ਼ਿੰਕ ਸਲਫੇਟ ਦਾ ਛਿੜਕਾਅ ਵੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਨੂੰ  ਸਿਫਾਰਸ਼ਾਂ ਤੋਂ ਜ਼ਿਆਦਾ ਜਾਂ ਹੋਰ ਖੇਤੀ ਸਮਗਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
 ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਚਲ ਰਹੀ ਅਤਿ-ਅਧੁਨਿਕ ਮਿੱਟੀ ਪਰਖ ਪ੍ਰਯੋਗਸਾਲਾ ਵਿੱਚ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਵੱਖ-ਵੱਖ ਪਿੰਡਾਂ ਤੋ ਕਿਸਾਨਾ ਵੱਲੋ ਆਪਣੇ ਖੇਤਾਂ ਦੇ ਟੈਸਟ ਕਰਵਾਏ ਗਏ ਕੁੱਲ 1164 ਮਿੱਟੀ ਦੇ ਸੈਂਪਲਾਂ ਤੋ ਪਤਾ ਲੱਗਦਾ ਹੈ ਕਿ ਕਿਸੇ ਵੀ ਪਿੰਡ ਦੀ ਮਿੱਟੀ ਵਿੱਚ ਸਲਫਰ ਅਤੇ ਲੋਹੇ ਤੱਤ ਦੀ ਘਾਟ ਨਹੀ ਆਈ ਜਿਸ ਕਾਰਨ ਝੋਨੇ ਦੀ ਫ਼ਸਲ ਵਿੱਚ ਇਹਨਾ ਖਾਦਾਂ ਦੀ ਵਰਤੋ ਤੋ ਗੁਰੇਜ ਕਰਨ ਦੀ ਜ਼ਰੂਰਤ ਹੈ ਤਾਂ  ਜੋਂ ਖੇਤੀ ਲਾਗਤ ਖਰਚੇ ਘਟ ਕੀਤੇ ਜਾ ਸਕਣ। ਇਸ ਤੋ ਇਲਾਵਾ  88.75 ਪ੍ਰਤੀਸਤ ਮਿੱਟੀ ਦੇ ਸੈਂਪਲਾਂ ਵਿੱਚ ਜਿੰਕ ਵੱਧ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਲਗਭਗ 42 ਪ੍ਰਤੀਸਤ ਮਿੱਟੀ ਦੇ ਸੈਂਪਲਾਂ ਵਿੱਚ ਪੋਟਾਸ ਤੱਤ ਦੀ ਘਾਟ ਪਾਈ ਗਈ  ਹੈ  ਜਿਸ ਦੀ ਪੂਰਤੀ ਲਈ ਪ੍ਰਤੀ ਏਕੜ 20 ਕਿਲੋ ਮਿਉਰਟ ਆਫ ਪੋਟਾਸ਼ 60% ਦੀ ਵਰਤੋਂ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਜੇਕਰ ਕਣਕ ਦੀ ਫ਼ਸਲ ਨੂੰ 50 ਕਿਲੋ ਪ੍ਰਤੀ ਏਕੜ ਡੀ ਏ ਪੀ ਖਾਦ ਦੀ ਵਰਤੋਂ ਕੀਤੀ ਸੀ ਤਾਂ ਝੋਨੇ ਜਾਂ ਬਾਸਮਤੀ ਦੀ ਨੂੰ ਡੀ ਏ ਪੀ ਖਾਦ ਪਾਉਣ ਦੀ ਜ਼ਰੂਰਤ ਨਹੀਂ।
 ਉਨ੍ਹਾਂ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਪਰਖ ਦੇ ਅਧਾਰ ਤੇ ਹੀ ਲੋੜ ਅਨੁਸਾਰ ਖਾਦਾਂ ਦੀ ਵਰਤੋ ਕਰਨ । ਜਿਨ੍ਹਾਂ ਕਿਸਾਨਾ ਨੇ ਇਸ ਸੀਜਨ ਮਿੱਟੀ ਪਰਖ ਨਹੀ ਕਰਵਾਈ ਉਹ ਝੋਨੇ ਦੀ ਕਟਾਈ ਤੋਂ ਬਾਅਦ ਅਪਣੇ ਖੇਤ ਦੀ ਮਿੱੱਟੀ ਪਰਖ ਜ਼ਰੁਰ ਕਰਵਾਉਣ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫਸਰ/ਖ਼ੇਤੀਬਾੜੀ ਵਿਸਥਾਰ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *