ਝੰਡਾ ਰੋਗ ਦੀ ਰੋਕਥਾਮ ਲਈ ਬਾਸਮਤੀ ਦੀ ਪਨੀਰੀ ਦੀਆਂ ਜੜਾਂ ਨੂੰ ਸੋਧਣਾ ਜ਼ਰੂਰੀ:ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 10 ਜੁਲਾਈ,

ਬਾਸਮਤੀ ਦੀ ਫਸਲ ਨੂੰ ਪੈਰਾਂ ਦੇ ਗਲਣ ਦੇ ਰੋਗ(ਝੰਡਾ ਰੋਗ) ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਨੂੰ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜਾਂ ਨੂੰ ਸੋਧਣ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਸ ਮੁਹਿੰਮ ਦੀ ਸ਼ੁਰੂਆਤ ਬਲਾਕ ਫਰੀਦਕੋਟ ਦੇ ਪਿੰਡ ਕਿਲਾ ਨੌ ਦੇ ਅਗਾਂਹਵਧੂ ਕਿਸਾਨ ਦਿਲਪ੍ਰੀਤ ਸਿੰਘ ਦੇ ਫਾਰਮ ਤੋਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਕੀਤੀ ਗਈ।

              ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਬਾਸਮਤੀ ਵਿੱਚ ਪੈਰਾਂ ਦੇ ਗਲਣ ਜਾਂ ਝੰਡਾ ਰੋਗ ਇਕ ਮਹੱਤਵ ਪੂਰਨ ਬਿਮਾਰੀ ਹੈ ਜਿਸ ਦੀ ਜੇਕਰ ਸਹੀ ਸਮੇਂ ਤੇ ਰੋਕਥਾਮ ਨਾਂ ਕੀਤੀ ਜਾਵੇ ਤਾਂ ਬਾਸਮਤੀ ਖਾਸ ਕਰਕੇ ਪੂਸਾ 1121 ਅਤੇ 1509,1718,1847 ਆਦਿ ਕਿਸਮਾਂ ਦਾ ਬਹੁਤ ਨੁਕਸਾਨ ਕਰ ਦਿੰਦੀ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਬਾਸਮਤੀ ਦੀ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਕਈ ਵਾਰ ਬਾਸਮਤੀ ਵਾਲੇ ਖੇਤ ਵਾਹੁਣੇ ਵੀ ਪੈ ਜਾਂਦੇ ਹਨ ਇਸ ਲਈ ਬਾਸਮਤੀ ਦੀ ਵਧੇਰੇ ਅਤੇ ਮਿਆਰੀ ਪੈਦਾਵਾਰ ਲਈ ਇਸ ਰੋਗ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ ਕਿਉਂ ਕਿ ਜਦ ਇੱਕ ਵਾਰ ਇਹ ਬਿਮਾਰੀ ਖੇਤ ਵਿੱਚ ਆ ਗਈ ਤਾਂ ਫਿਰ ਇਸ ਦੀ ਰੋਕਥਾਮ ਕਰਨੀ ਮੁਸ਼ਕਲ ਹੋ ਜਾਂਦੀ ਹੈ।

ਉਨਾਂ ਦੱਸਿਆ ਕਿ ਇਹ ਮੁਹਿੰਮ ਆਈ ਪੀ ਐਲ ਬਾਇਉਲਾਜੀਕਲ ਗੁਰੂਗਰਾਮ ਦੇ ਸਹਿਯੋਗ ਨਾਲ ਚਲਾਈ ਜਾਵੇਗੀ। ਉਨਾਂ ਦੱਸਿਆ ਇਸ ਬਿਮਾਰੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵਾਂ ਬਾਇਉ ਕੰਟਰੋਲ ਏਜੰਟ ਟ੍ਰਾਈਕੋਡਰਮਾ ਐਸਪੈਰੇਲਮ 2% ਡਬਲਿਯੂ ਪੀ ਦੀ ਸਿਫਾਰਸ਼ ਕੀਤੀ ਗਈ ਹੈ ।ਉਨਾਂ ਦੱਸਿਆ ਕਿ ਬਾਸਮਤੀ ਦੀ ਫਸਲ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਪਨੀਰੀ ਦੀ ਲਵਾਈ ਤੋਂ ਪਹਿਲਾ ਜੜਾਂ ਨੂੰ ਸੋਧਣਾ ਬਹੁਤ ਜ਼ਰੂਰੀ ਹਨ ਕਿਉਂਕਿ ਲਵਾਈ ਤੋਂ ਬਾਅਦ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ।ਉਨਾਂ ਦੱਸਿਆ ਕਿ ਫੂਜੇਰੀਅਮ ਮੌਨੀਲੀਫਾਰਮੀ ਨਾਮਕ ਉੱਲੀ ਦੇ ਕਣ ਮੁੱਖ ਤੌਰ ਤੇ ਬੀਜ, ਪਰਾਲੀ (ਰਹਿੰਦ ਖੂੰਹਦ) ਅਤੇ ਮਿੱਟੀ ਰਾਹੀਂ ਫੈਲਦੇ ਹਨ। ਉਨਾਂ ਦੱਸਿਆ ਕਿ ਅਗੇਤੀ ਪਨੀਰੀ ਦੀ ਬਿਜਾਈ, ਲਵਾਈ ਅਤੇ ਵੱਡੀ ਉਮਰ ਦੀ ਪਨੀਰੀ ਦੀ ਲਵਾਈ ਨਾਲ ਇਹ ਬਿਮਾਰੀ ਬਾਸਮਤੀ ਦੀ ਫਸਲ ਦਾ ਜ਼ਿਆਦਾ ਨੁਕਸਾਨ ਕਰਦੀ ਹੈ।

           ਡਾ.ਰਣਬੀਰ ਸਿੰਘ ਅਤੇ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦਾ ਇੱਕੋ ਇੱਕ ਇਲਾਜ ਹੈ ਕਿ ਬਾਸਮਤੀ ਦੀ ਪਨੀਰੀ ਦੀ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜਾਂ ਨੂੰ ਸੋਧ ਲਿਆ ਜਾਵੇ।ਉਨਾਂ ਦੱਸਿਆ ਕਿ ਇਸ ਮਕਸਦ ਲਈ 1500 ਗ੍ਰਾਮ ਟ੍ਰਾਈਕੋਡਰਮਾ ਐਸਪੈਰੇਲਮ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਪਨੀਰੀ ਦੀਆ ਜੜਾਂ ਨੂੰ ਘੱਟੋ ਘੱਟ 6 ਘੰਟੇ ਲਈ ਡੁਬੋ ਕੇ ਸੋਧਣ ਉਪਰੰਤ ਹੀ ਪਨੀਰੀ ਦੀ ਲਵਾਈ ਕਰਨੀ ਚਾਹੀਦੀ ਹੈ। ਅਗਾਂਹਵਧੂ ਕਿਸਾਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਬਾਸਮਤੀ ਦੀ ਫਸਲ ਨੂੰ ਝੰਡਾ ਰੋਗ ਤੋਂ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਸ਼ੁਧ ਬੀਜ ਦੀ ਸੋਧ ਕਰਕੇ ਪਨੀਰੀ ਦੀ ਬਿਜਾਈ ਕਰਨੀ ਅਤੇ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜਾਂ ਨੂੰ ਬਾਇਉਕੰਟਰੋਲ ਏਜੰਟ ਟਰਾਈਕੋਡਰਮਾ ਨਾਲ ਸੋਧਣਾ।ਉਨਾਂ ਦੱਸਿਆ ਕਿ ਖੇਤ ਵਿੱਚ ਬਾਸਮਤੀ ਦੀ ਫਸਲ ਨੂੰ ਬਿਮਾਰੀ ਦੀ ਲਾਗ ਲੱਗਣ ਤੋਂ ਬਾਅਦ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਾਸਮਤੀ ਦੀ ਪਨੀਰੀ ਦੀ ਲਵਾਈ ਤੋਂ ਪਹਿਲਾਂ ਪਨੀਰੀ ਦੀਆਂ ਜੜ੍ਹਾਂ ਨੂੰ ਜ਼ਰੂਰ ਸੋਧ ਲਿਆ ਜਾਵੇ।

          ਇਸ ਮੌਕੇ ਡਾ. ਰਣਬੀਰ ਸਿੰਘ, ਡਾ. ਰਮਨਦੀਪ ਸਿੰਘ, ਡਾ. ਰਾਜਵੀਰ ਸਿੰਘ, ਡਾ. ਰੁਪਿੰਦਰ ਸਿੰਘ ਸਿੰਘ ਖੇਤੀਬਾੜੀ ਵਿਕਾਸ ਅਫਸਰ, ਨਰਿੰਦਰ ਕੁਮਾਰ, ਗੁਰਭੇਜ ਸਿੰਘ ਬਰਾੜ, ਊਧਮ ਸਿੰਘ, ਗੁਰਤੇਜ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *