46ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰ- ਰਾਸ਼ਟਰੀ ਸਭਿਆਚਾਰਕ ਮੇਲੇ ਵਿੱਚ ਪੰਜ ਸ਼ਖਸੀਅਤਾਂ ਦਾ ਸਨਮਾਨ

ਲੁਧਿਆਣਾਃ 21 ਅਕਤੂਬਰ
ਵੀਹਵੀਂ ਸਦੀ ਦੇ ਮਹਾਨ ਕਵੀ ਪ੍ਰੋ. ਮੋਹਨ ਸਿੰਘ ਜੀ ਦੀ ਯਾਦ ਵਿੱਚ 46 ਵੇਂ ਅੰਤਰ ਰਾਸ਼ਟਰੀ ਸੱਭਿਆਚਾਰਕ ਮੇਲੇ ਦਾ ਡਾ਼ ਏ ਵੀ ਐੱਮ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਈਸਾ ਨਗਰੀ ਲੁਧਿਆਣਾ ਵਿਖੇ ਉਦਘਾਟਨ ਕਰਦਿਆਂ ਪੰਜਾਬ ਦੇ ਸ਼ਹਿਰੀ ਵਿਕਾਸ ਤੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਜਿਸ ਭਾਵਨਾ ਨਾਲ ਸ. ਜਗਦੇਵ ਸਿੰਘ ਜੱਸੋਵਾਲ ਜੀ ਨੇ ਇਸ ਮੇਲੇ ਦੀ ਆਰੰਭਤਾ ਕੀਤੀ ਸੀ ਉਸ ਨੂੰ ਬਣਾਈ ਰੱਖਣ ਲਈ ਸਾਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਇਸ ਦੀ ਸਰਪ੍ਰਸਤੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ  ਕਿਸੇ ਕਾਲੋਨੀ ਦਾ ਨਾਮਕਰਨ ਪ੍ਰੋ. ਮੋਹਨ ਸਿੰਘ ਜੀ ਦੇ ਨਾਮ ਤੇ ਕੀਤਾ ਜਾਵੇਗਾ। ਪ੍ਰਬੰਧਕਾਂ ਦੀ ਮੰਗ ਅਨੁਸਾਰ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਤੋਂ ਪ੍ਰਵਾਨਗੀ ਲੈ ਕੇ ਇਸ ਮੇਲੇ ਨੂੰ ਸੱਭਿਆਚਾਰਕ ਮੇਲੇ ਦੇ ਸਾਲਾਨਾ ਕੈਲੰਡਰ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੇ ਬੁੱਤ ਨੂੰ ਵੀ ਯੋਗ ਸਥਾਨ ਤੇ ਸੁਸ਼ੋਭਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਉਸਾਰਨ ਲਈ ਯੁਗ ਕਵੀ ਪ੍ਰੋ. ਮੋਹਨ ਸਿੰਘ ਵਾਂਗ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀਆਂ ਲਿਖਤਾਂ ਦੀ ਬਹੁਤ ਲੋੜ ਹੈ ਤਾਂ ਜੋ ਪੰਜਾਬ ਨੂੰ ਨਸ਼ਾਮੁਕਤ ਕਰਨ, ਵਿਹਲੜ ਸੱਭਿਆਚਾਰ ਦੇ ਖਾਤਮੇ ਅਤੇ ਬਦੇਸ਼ਾਂ ਵੱਲ ਬੇਲੋੜੀ ਹੋੜ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਕੈਬਨਿਟ ਮੰਤਰੀ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਮੇਲਾ ਪ੍ਰੋ: ਮੋਹਣ ਸਿੰਘ ਜੀ ਨੂੰ ਅਮਰ ਕਰ ਗਿਆ ਹੈ। ਉਨ੍ਹਾਂ ਬੀਤੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਉਹ ਇੱਕ ਦਰਸ਼ਕ ਬਣ ਕੇ ਮੇਲਾ ਵੇਖਣ ਆਉਂਦੇ ਸਨ, ਪਰ ਅੱਜ ਪ੍ਰ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਨੂੰ ਮੇਲੇ ਵਿੱਚ ਮਹਿਮਾਨ ਵਜੋਂ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮਿਆਂ ਵਿੱਚ ਮਨੋਰੰਜਣ ਦੇ ਸਾਧਨ ਘੱਟ ਸਨ ਤੇ ਇਹ ਮੇਲੇ ਲੋਕਾਂ ਨੂੰ ਮੁਸ਼ਕਿਲਾਂ ਤੋਂ ਬਾਹਰ ਕੱਢ ਕੇ ਕੁਝ ਚੈਨ ਤੇ ਸਕੂਨ ਦੇ ਪਲ ਪ੍ਰਦਾਨ ਕਰਦੇ ਸਨ। ਕੈਬਨਿਟ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਪ੍ਰੋ: ਮੋਹਣ ਸਿੰਘ ਯਾਦਗਾਰੀ ਮੇਲੇ ਦੇ ਸ਼ੁਰੂਆਤ ਦੌਰ ਵਿੱਚ, ਆਪਣੇ ਪ੍ਰੋਗਰਾਮ ਦਾ ਲੱਖਾਂ ਰੁਪਏ ਲੈਣ ਵਾਲੇ ਕਲਾਕਾਰ ਵੀ ਆਪਣੇ ਗੀਤ ਦਾ ਇੱਕ ਮੁੱਖੜਾ ਸੁਣਾਉਣ ਲਈ ਕਤਾਰਾਂ ਵਿੱਚ ਲੱਗਦੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਨੂੰ ਜਿਉਂਦਾ ਰੱਖਣਾ ਸਮੇਂ ਦੀ ਲੋੜ ਹੈ ਤਾਂ ਜੋ ਪੰਜਾਬੀ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ।
ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ ਵੀ ਦਿੱਤਾ।
ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕੀ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ 1951 ਵਿੱਚ ਇਸ ਸਥਾਨ ਤੇ ਉਨ੍ਹਾਂ ਦੇ ਘਰ ਇੱਕ ਰਾਤ ਕੱਟ ਕੇ ਗਏ ਸਨ। ਇਹ ਸਕੂਲ ਉਨ੍ਹਾਂ ਦੀ ਯਾਦ ਵਿੱਚ ਮੇਰੇ ਪਿਤਾ ਜੀ ਸਾਬਕਾ ਵਿਧਾਇਕ ਬਾਬੂ ਅਜੀਤ ਕੁਮਾਰ ਨੇ ਗਰੀਬ  ਬਸਤੀਆਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਖੋਲ੍ਹਿਆ ਸੀ।
ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ,ਪ੍ਰੋ. ਗੁਰਭਜਨ ਸਿੰਘ ਗਿੱਲ, ਪਿਰਥੀਪਾਲ ਸਿੰਘ ਬਟਾਲਾ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪ੍ਰਧਾਨ ਰਾਜੀਵ ਕੁਮਾਰ ਲਵਲੀ, ਸਕੱਤਰ ਜਨਰਲ ਡਾ. ਨਿਰਮਲ ਜੌੜਾ,ਅਮਰਿੰਦਰ ਸਿੰਘ ਜੱਸੋਵਾਲ ਜਨਰਲ ਸਕੱਤਰ,ਸ਼ਰਨਪਾਲ ਸਿੰਘ ਮੱਕੜ,ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਸਵੰਤ ਸਿੰਘ ਛਾਪਾ, ਜਗਜਿੰਦਰ ਸਿੰਘ ਗਰੇਵਾਲ ਸਾਬਕਾ ਸਰਪੰਚ ਲਲਤੋਂ ਤੇ ਬਲਰਾਜ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਹਰਦੀਪ ਸਿੰਘ ਮੁੰਡੀਆਂ ਨੂੰ ਫੁਲਕਾਰੀ, ਪ੍ਰੋ. ਮੋਹਨ ਸਿੰਘ ਰਚਨਾਵਲੀ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਸੁਆਗਤੀ ਸ਼ਬਦ ਬੋਲਦਿਆਂ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵੀਹ ਅਕਤੂਬਰ 1905 ਨੂੰ ਯੁਗ ਕਵੀ ਪ੍ਰੋ. ਮੋਹਨ ਸਿੰਘ ਧਮਿਆਲ(ਰਾਵਲਪਿੰਡੀ) ਵਿੱਚ ਵੈਟਰਨਰੀ ਡਾ. ਜੋਧ ਸਿੰਘ ਜੀ ਦੇ ਘਰ ਪੈਦਾ ਹੋਏ ਸਨ। ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਦਾ ਬਚਪਨ ਲੁਧਿਆਣਾ ਵਿੱਚ ਵੀ ਕੁਝ ਸਾਲ ਬੁੱਕਸ ਮਾਰਕੀਟ ਪਿਛਲੇ ਵੈਟਰਨਰੀ ਕਲਿਨਿਕ ਨੇੜਲੀ ਰਿਹਾਇਸ਼ ਵਿੱਚ ਵੀ ਬੀਤਿਆ। ਅੰਤਸੇ ਸਵਾਸ ਵੀ ਉਨ੍ਹਾਂ ਨੇ 3 ਮਈ 1978 ਨੂੰ ਲੁਧਿਆਣੇ ਹੀ ਤਿਆਗੇ। ਪ੍ਰੋ. ਮੋਹਨ ਸਿੰਘ ਜੀ ਨਾਲ ਕੀਤਾ ਇਕਰਾਰ ਨਿਭਾਉਂਦਿਆਂ ਸ. ਜਗਦੇਵ ਸਿੰਘ ਜੱਸੋਵਾਲ ਨੇ 1978 ਤੋਂ ਲੈ ਕੇ 2014 ਤੀਕ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਦੇਸ਼ ਬਦੇਸ਼ ਪਹੁੰਚਾਇਆ। ਹੁਣ ਉਨ੍ਹਾਂ ਦੇ ਸਾਥੀ ਇਹ ਧਰਮ ਨਿਭਾ ਰਹੇ ਹਨ।
ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਦੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਇਹ ਮੇਲਾ ਵੇਖ ਵੇਖ ਕੇ ਹੀ ਜਵਾਨ ਹੋਏ ਹਾਂ। ਇਸ ਮੇਲੇ ਦੀ ਲਗਾਤਾਰਤਾ ਬਣਾਈ ਰੱਖਣ ਅਤੇ ਸ਼ਾਨ ਸਵਾਈ ਕਰਨ ਵਿੱਚ ਪੰਜਾਬ ਸਰਕਾਰ ਵੱਲੋਂਭਰਪੂਰ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਇਹੀ ਸੁਪਨਾ ਹੈ ਕਿ ਪੰਜਾਬ ਦੀ ਰਵਾਇਤੀ ਸ਼ਾਨ ਮੁੜ ਸੁਰਜੀਤ ਕੀਤੀ ਜਾਵੇ। ਪ੍ਰਬੰਧਕਾਂ ਵੱਲੋਂ ਸ. ਖੁੱਡੀਆਂ ਨੂੰ ਸਨਮਾਨਿਤ ਕੀਤਾ ਗਿਆ।
ਮੰਚ ਪੇਸ਼ਕਾਰੀਆਂ ਦਾ ਉਦਘਾਟਨ ਨਵਜੋਤ ਸਿੰਘ ਜਰਗ ਨੇ ਕੀਤਾ। ਉਸਨੇ ਢਾਡੀ ਵਾਰਾਂ ਗਾ ਕੇ ਚੰਗਾ ਰੰਗ ਬੰਨ੍ਹਿਆ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਡਾ. ਏ.ਵੀ.ਐਮ ਐਜੂਕੇਸ਼ਨਲ ਸੋਸਾਇਟੀ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ 46ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ  ਪੰਜਾਬੀ ਸੱਭਿਆਚਾਰਕ ਮੇਲੇ ਵਿੱਚ  ਸ਼ੇਰੇ ਪੰਜਾਬ ਭੰਗੜਾ ਕਲੱਬ ਬਟਾਲਾ ਦੇ ਕਲਾਕਾਰਾਂ ਵੱਲੋਂ ਪ੍ਰੋ. ਬਲਬੀਰ ਸਿੰਘ ਕੋਲ੍ਹਾ ਦੀ ਅਗਵਾਈ ਹੇਠ ਸਿਆਲਕੋਟੀ ਭੰਗੜਾ,ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚਾਂ ਦੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ਵੀ ਭੰਗੜਾ, ਗਿੱਧਾ ਸਣੇ ਹੋਰ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਫਾਉਂਡੇਸ਼ਨ ਦੇ ਸਰਪ੍ਰਸਤ ਡਾ. ਗੁਰਭਜਨ ਸਿੰਘ ਗਿੱਲ, ਐਮ.ਐਲ.ਏ ਅਸ਼ੋਕ ਪਰਾਸ਼ਰ ਪੱਪੀ, ਫਾਊਂਡੇਸ਼ਨ ਦੇ ਸਕੱਤਰ ਜਨਰਲ ਡਾ. ਨਿਰਮਲ ਜੋੜਾ, ਸਾਬਕਾ ਐਮ.ਪੀ ਅਤੇ ਪ੍ਰਸਿੱਧ ਲੋਕ ਗਾਇਕ ਮੁਹੰਮਦ ਸਦੀਕ ਵੱਲੋਂ ਪੰਜਾਬੀ ਸੂਫੀ ਗਾਇਕੀ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਜਯੋਤੀ ਨੂਰਾਂ, ਦੋਗਾਣਾ ਗਾਇਕੀ ਲਈ ਦੀਪ ਢਿਲੋਂ ਅਤੇ  ਜੈਸਮੀਨ, ਪਰਵਾਸੀ ਪੰਜਾਬੀ ਸ਼ਾਇਰ ਹਰਜਿੰਦਰ ਕੰਗ, ਖੇਡਾਂ ਦੇ ਖੇਤਰ ਵਿੱਚੋਂ ਓਲੰਪੀਅਨ ਹਰਵੰਤ ਕੌਰ, ਪ੍ਰਵਾਸੀ ਪੰਜਾਬੀ ਨਿਰਮਲ ਸਿੰਘ ਅਮਰੀਕਾ, ਰਾਜ ਝੱਜ ਕੇਨੇਡਾ, ਦੀਪ ਢਿਲੋਂ ਅਤੇ ਜਾਸਮੀਨ ਜੱਸੀ ਤੇ ਸੰਗੀਤ ਨਿਰਦੇਸ਼ਕ ਤੇਜਵੰਤ ਕਿੱਟੂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ।
ਸਨਮਾਨ ਸਮਾਰੋਹ ਉਪਰੰਤ, ਜਯੋਤੀ ਨੂਰਾਂ, ਦੀਪ ਢਿਲੋਂ ਅਤੇ  ਜੈਸਮੀਨ ਜੱਸੀ, ਲੋਕ ਗਾਇਕ ਰਵਿੰਦਰ ਗਰੇਵਾਲ, ਆਤਮਾ ਬੁਢੇਵਾਲੀਆ, ਜਸਵੰਤ ਸੰਦੀਲਾ, ਸ਼ਾਲਿਨੀ ਜਮਵਾਲ, ਰੁਪਿੰਦਰ ਕੌਰ, ਹੈਪੀ ਡੇਹਲੋਂ ਅਤੇ ਲਵ ਮਨਜੋਤ ਵੱਲੋਂ ਸਭਿਅਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਜਦਕਿ ਪ੍ਰੋਗਰਾਮ ਦਾ ਸੰਚਾਲਨ ਬੀਬਾ ਮੀਨਾ ਮਹਿਰੋਕ ਅਤੇ ਕਰਮਜੀਤ ਗਰੇਵਾਲ ਵੱਲੋਂ ਕੀਤਾ ਗਿਆ।
ਉਹਨਾਂ ਦੱਸਿਆ ਹੈ ਕਿ ਇਸ ਮੇਲੇ ਦੇ ਆਯੋਜਨ ਦਾ ਉਦੇਸ਼ ਸਾਡੀ ਆਉਣ ਵਾਲੀ ਪੀੜੀਆਂ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣਾ ਹੈ। ਇਸ ਮੌਕੇ ਲੋਕ ਗਾਇਕਾਂ ਅਤੇ ਸਕੂਲ ਦੇ ਬੱਚਿਆਂ ਵੱਲੋਂ ਦਿੱਤੀਆਂ ਗਈਆਂ ਪੇਸ਼ਕਸ਼ਾਂ ਬਹੁਤ ਹੀ ਸ਼ਲਾਾਯੋਗ ਹਨ। ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਮੇਲੇ ਨੂੰ ਭਵਿੱਖ ਵਿੱਚ ਹੋਰ ਵੀ ਸ਼ਿਖਰਾਂ ਤੇ ਪਹੁੰਚਾਇਆ ਜਾਵੇ।
ਉਹਨਾਂ ਨੇ ਮੇਲੇ ਨੂੰ ਕਾਮਯਾਬ ਬਣਾਉਣ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੇ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਮਨਿੰਦਰ ਸਿੰਘ ਥਿੰਦ, ਰਜਿੰਦਰ ਸਿੰਘ ਫਾਈਨਟੋਨ, ਹਰਨੇਕ ਸਿੰਘ ਗਰੇਵਾਲ ਰਾਏਕੋਟ, ਮਨੀ ਗਰੇਵਾਲ, ਸੰਦੀਪ ਸਿੰਘ ਰੁਪਾਲੋਂ,ਜਸਵੰਤ ਸਿੰਘ ਛਾਪਾ, ਅਮਰਜੀਤ ਸਿੰਘ ਸ਼ੇਰਪੁਰੀ, ਪ੍ਰਤੀਕ ਇੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਗਰੇਵਾਲ, ਹਰਬਰਿੰਦਰ ਪਾਲ ਸਿੰਘ ਜਸੋਵਾਲ, ਦਿਲਬਾਗ ਸਿੰਘ ਖਤਰਾਏ ਕਲਾਂ, ਅਮੋਲਕ ਸਿੰਘ, , ਗੌਰਵ ਮਹਿੰਦਰੂ, ਤਨਿਸ਼ਕ ਕਨੌਜੀਆ, ਬਲਵਿੰਦਰ ਸਿੰਘ ਗੋਲਡੀ ਸਣੇ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਗਾਬਾ ਅਤੇ ਸਮੂਹ ਸਟਾਫ ਮੈਂਬਰਾਂ ਦਾ ਵੀ ਧੰਨਵਾਦ ਪ੍ਰਗਟਾਇਆ ਗਿਆ।

Leave a Reply

Your email address will not be published. Required fields are marked *