ਪਿੰਡ ਰਜਧਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਓਲੰਪੀਅਨ ਜਰਮਨਪ੍ਰੀਤ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇਗਾ: ਹਰਭਜਨ ਸਿੰਘ ਈਟੀਓ

ਚੰਡੀਗੜ੍ਹ, 24 ਅਗਸਤ

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਕਿਹਾ ਕਿ ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ ਦੇ ਸਨਮਾਨ ਵਿੱਚ ਉਨ੍ਹਾਂ ਦੇ ਪਿੰਡ ਰਜਧਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਬਦਲ ਕੇ “ਓਲੰਪੀਅਨ ਜਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ” ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਸਬੰਧੀ ਸਕੂਲ ਅਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਅਜਿਹਾ ਹਾਲ ਹੀ ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਵਿੱਚ ਜਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਯੋਗਦਾਨ ਨੂੰ ਸਨਮਾਨ ਵਜੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਰਜਧਾਨ ਦੇ ਵਸਨੀਕ ਹੋਣ ਦੇ ਨਾਤੇ ਜਰਮਨਪ੍ਰੀਤ ਸਿੰਘ ਦੀ ਪ੍ਰਾਪਤੀ ਹਲਕੇ ਅਤੇ ਅੰਮ੍ਰਿਤਸਰ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ।

ਕੈਬਿਨਟ ਮੰਤਰੀ ਈ.ਟੀ.ਓ. ਨੇ ਅੱਗੇ ਕਿਹਾ, “ਜੰਡਿਆਲਾ ਗੁਰੂ ਹਲਕੇ ਦੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵਿਚੋਂ ਜਰਮਨਪ੍ਰੀਤ ਸਿੰਘ ਦਾ ਪਿੰਡ ਰਜਧਾਨ ਅਤੇ ਗੁਰਜੰਟ ਸਿੰਘ ਦਾ ਪਿੰਡ ਖਲਹਿਰਾ ਇਸੇ ਹਲਕੇ ਵਿਚ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦਾ ਪਿੰਡ ਤਿੰਮੋਵਾਲ ਵੀ ਜੰਡਿਆਲਾ ਗੁਰੂ ਹਲਕੇ ਦੇ ਨਜ਼ਦੀਕ ਹੀ ਹੈ। ਇਸ ਨਾਲ ਨਾ ਸਿਰਫ ਇਸ ਇਲਾਕੇ ਦੇ ਖਿਡਾਰੀਆਂ ਦਾ ਮਨੋਬਲ ਵਧਿਆ ਹੈ, ਸਗੋਂ ਇਲਾਕੇ ਦੇ ਹੋਰ ਨੌਜਵਾਨਾਂ ਵੀ ਖੇਡਾਂ ਵੱਲ ਪ੍ਰੇਰਿਤ ਹੋਏ ਹਨ।

ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪਿੰਡ ਰਜਧਾਨ ਵਿਖੇ ਜਰਮਨਪ੍ਰੀਤ ਸਿੰਘ ਦੇ ਘਰ ਜਾ ਕੇ ਹਾਕੀ ਸਟਾਰ ਖਿਡਾਰੀ ਅਤੇ ਉਸਦੇ ਪਰਿਵਾਰ ਸਮੇਤ ਉਸਦੀ ਮਾਤਾ ਕੁਲਵਿੰਦਰ ਕੌਰ ਅਤੇ ਪਿਤਾ ਬਲਬੀਰ ਸਿੰਘ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *