ਜ਼ਿਲ੍ਹਾ ਹਸਪਤਾਲ ’ਚ ਆਯੁਸ਼ਮਾਨ ਬੀਮਾ ਯੋਜਨਾ ਤਹਿਤ ਗੋਡੇ ਦੀ ਲਗਾਮ ਬਦਲਣ ਦਾ ਪਹਿਲਾਂ ਆਪਰੇਸ਼ਨ ਹੋਇਆ

ਐਸ.ਏ.ਐਸ. ਨਗਰ, 22 ਜੁਲਾਈ:

ਸਥਾਨਕ ਜ਼ਿਲ੍ਹਾ ਹਸਪਤਾਲ ਵਿਚ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਦੂਰਬੀਨ ਰਾਹੀਂ ਗੋਡੇ ਦੀ ਲਗਾਮ ਬਦਲਣ ਦਾ ਪਹਿਲਾਂ ਆਪਰੇਸ਼ਨ ਕੀਤਾ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਇਸ ਅਹਿਮ ਆਪਰੇਸ਼ਨ ਦਾ ਸਿਹਰਾ ਆਰਥੋ ਮਾਹਰ ਡਾ. ਨਵਜੋਤ ਕਾਰਦਾ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਉਨ੍ਹਾਂ ਦਸਿਆ ਕਿ 21 ਸਾਲਾ ਮਰੀਜ਼ ਦਾ ਗੋਡੇ ਦੀ ਲਗਾਮ ਬਦਲਣ (ਆਰਥਰੋਸਕੋਪਿਕ ਏਸੀਐਲ-ਰੀਕਨਸਟਰਕਸ਼ਨ ਆਫ਼ ਨੀ) ਦਾ ਆਪਰੇਸ਼ਨ ਕੀਤਾ ਗਿਆ ਹੈ, ਜਿਸ ’ਤੇ ਮਰੀਜ਼ ਦਾ ਕੋਈ ਪੈਸਾ ਨਹੀਂ ਲੱਗਾ ਜਦ ਕਿ ਪ੍ਰਾਈਵੇਟ ਹਸਪਤਾਲ ਵਿਚ ਇਹ ਆਪਰੇਸ਼ਨ ਕਰਵਾਉਣ ’ਤੇ 1 ਲੱਖ ਰੁਪਏ ਤੱਕ ਦਾ ਖ਼ਰਚਾ ਹੋ ਜਾਂਦਾ ਹੈ। ਡਾ. ਕਾਰਦਾ ਨੇ ਦੱਸਿਆ ਕਿ ਆਪਰੇਸ਼ਨ ਲਗਭਗ 2 ਘੰਟੇ ਚੱਲਿਆ, ਜਿਸ ਦੌਰਾਨ ਐਨਸਥੀਸੀਆ ਮਾਹਰ ਡਾ. ਗੁਨਤਾਸ ਸਰ੍ਹਾਂ ਦਾ ਪੂਰਾ ਸਹਿਯੋਗ ਰਿਹਾ। ਉਨ੍ਹਾਂ ਦੱਸਿਆ ਕਿ ਲਗਭਗ ਦੋ ਸਾਲ ਪਹਿਲਾਂ ਮਰੀਜ਼ ਦੇ ਗੋਡੇ ਉਤੇ ਸੱਟ ਲੱਗੀ ਸੀ, ਜਿਸ ਕਾਰਨ ਉਸ ਨੂੰ ਤੁਰਨ-ਫਿਰਨ ਵਿਚ ਦਿੱਕਤ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਪੂਰਾ ਕਾਮਯਾਬ ਰਿਹਾ ਤੇ ਮਰੀਜ਼ ਆਪਰੇਸ਼ਨ ਦੇ ਇਕ ਦਿਨ ਬਾਅਦ ਹੀ ਬਿਨਾਂ ਤਕਲੀਫ਼ ਤੋਂ ਤੁਰਨ ਲੱਗ ਪਿਆ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿਚ ਬਿਹਤਰੀਨ ਤੇ ਕਿਫ਼ਾਇਤੀ ਆਰਥੋ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕਈ ਤਰ੍ਹਾਂ ਦੀਆਂ ਅਡਵਾਂਸਡ ਆਰਥੋ ਸਰਜਰੀਆਂ ਹਸਪਤਾਲ ਵਿਚ ਹੋ ਰਹੀਆਂ ਹਨ।
ਡਾ. ਚੀਮਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਦਿੱਤੀਆਂ ਜਾ ਰਹੀਆਂ ਮੁਫ਼ਤ ਤੇ ਕਿਫ਼ਾਇਤੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।

Leave a Reply

Your email address will not be published. Required fields are marked *