24 ਦਰਜਾ-4 ਕਰਮਚਾਰੀ ਕਲਰਕ ਬਣੇ — ਮੰਤਰੀ ਡਾ. ਬਲਜੀਤ ਕੌਰ ਵੱਲੋਂ ਪੱਦ-ਉਨਤੀ ਹੁਕਮ ਦਿੱਤੇ
ਚੰਡੀਗੜ੍ਹ, 21 ਨਵੰਬਰ:
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਅਹਿਮ ਕਦਮ ਚੁੱਕ ਰਹੀ ਹੈ, ਉੱਥੇ ਹੀ ਮੁਲਾਜਮਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਤਰੱਕੀ ਲਈ ਵੀ ਵਚਨਬੱਧ ਹੈ।
ਇਸੇ ਤਹਿਤ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ 24 ਦਰਜਾ-4 ਕਰਮਚਾਰੀਆਂ ਨੂੰ ਪੱਦ-ਉਨਤ ਕਰਕੇ ਕਲਰਕ ਬਣਾਇਆ ਗਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਪੰਜਾਬ ਭਵਨ ਵਿੱਚ ਇਹਨਾਂ ਨਵੇਂ ਪੱਦ-ਉਨਤ ਕਰਮਚਾਰੀਆਂ ਨੂੰ ਪੱਦ-ਉਨਤੀ ਦੇ ਹੁਕਮ ਆਪਣੇ ਹੱਥੀਂ ਸੌਂਪੇ।
ਇਨ੍ਹਾਂ ਤਰੱਕੀਆਂ ਵਿੱਚ 4 ਦਿਵਿਆਂਗ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਿਭਾਗ ਵੱਲੋਂ ਸਮਾਨ ਮੌਕੇ ਅਤੇ ਨਿਆਇਕ ਤਰੱਕੀ ਦੇ ਅਧਾਰ 'ਤੇ ਕਲਰਕ ਦੇ ਪਦ ‘ਤੇ ਪੱਦ-ਉਨਤ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਕਰਮਚਾਰੀਆਂ ਨੂੰ ਸਮਾਨ ਹੱਕ, ਇਜ਼ਤ ਅਤੇ ਤਰੱਕੀ ਦੇ ਮੌਕੇ ਦੇਣ ਲਈ ਵਚਨਬੱਧ ਹੈ, ਅਤੇ ਇਹ ਫ਼ੈਸਲਾ ਇਸ ਦ੍ਰਿੜ ਨਿਸ਼ਚੇ ਦਾ ਸਪਸ਼ਟ ਉਦਾਹਰਨ ਹੈ।
...







