ਲੁੱਟ-ਖੋਹ ਕਰਨ ਵਾਲ਼ੇ 03 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਅਕਤੂਬਰ, 2024:
ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ  ਐਸ.ਏ.ਐਸ. ਨਗਰ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਅਤੇ ਜ਼ੀਰਕਪੁਰ-ਪਟਿਆਲ਼ਾ ਰੋਡ ਤੇ ਇੱਕ ਲੁਟੇਰਾ ਗਿਰੋਹ ਵੱਲੋਂ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ। ਲੁੱਟ-ਖੋਹ ਕਰਨ ਵਾਲ਼ੇ 03 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਤੁਰੰਤ ਅਤੇ ਪ੍ਰਭਾਵੀ ਐਕਸ਼ਨ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।
ਸ਼੍ਰੀ ਦੀਪਕ ਪਾਰਿਕ, ਆਈ.ਪੀ.ਐਸ. ਨੇ ਦੱਸਿਆ ਕਿ ਸ਼੍ਰੀ ਗੌਰਵ ਯਾਦਵ, ਆਈ. ਪੀ. ਐੱਸ.  ਡੀ.ਜੀ.ਪੀ. ਪੰਜਾਬ, ਸ਼੍ਰੀਮਤੀ ਨਿਲਾਂਬਰੀ ਵਿਜੈ ਜਗਦਲੇ, ਡੀ ਆਈ  ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਅਤੇ ਜ਼ੀਰਕਪੁਰ-ਪਟਿਆਲ਼ਾ ਰੋਡ ਤੇ ਇੱਕ ਲੁਟੇਰਾ ਗਿਰੋਹ ਵੱਲੋਂ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜੋ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸ਼੍ਰੀ ਮਨਪ੍ਰੀਤ ਸਿੰਘ ਪੀ.ਪੀ.ਐਸ., ਕਪਤਾਨ ਪੁਲਿਸ (ਦਿਹਾਤੀ), ਸ਼੍ਰੀ ਜਸਪਿੰਦਰ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ (ਜ਼ੀਰਕਪੁਰ) ਅਤੇ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜ਼ਿਲ੍ਹਾ ਐਸ.ਏ.ਐਸ. ਨਗਰ  ਦੀ ਨਿਗਰਾਨੀ ਹੇਠ ਥਾਣਾ ਜ਼ੀਰਕਪੁਰ ਅਤੇ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਲੁੱਟ-ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰੇ, ਜਿਸ ਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਏਅਰਪੋਰਟ ਰੋਡ ਨੇੜੇ ਛੱਤ ਲਾਈਟਾਂ ਤੇ ਤੇਜਧਾਰ ਹਥਿਆਰਾਂ ਨਾਲ਼ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲ਼ੇ ਗਿਰੋਹ ਦੇ 03 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਜਾਦਾਂ ਦਾਤ ਲੋਹਾ, ਮੋਟਰਸਾਈਕਲ ਮਾਰਕਾ ਸਪਲੈਂਡਰ ਅਤੇ ਲੁੱਟ-ਖੋਹ ਕੀਤੇ ਮੋਬਾਇਲ ਫੋਨ ਜਿਨਾਂ ਤੋਂ ਦੋਸ਼ੀਆਂ ਨੇ ਅੱਡ-ਅੱਡ ਖਾਤਿਆਂ ਵਿੱਚ ਪੀੜਤ ਵਿਅਕਤੀਆਂ ਤੋਂ ਜਬਰੀ ਪਾਸਵਰਡ ਹਾਸਲ ਕਰਕੇ ਪੈਸੇ ਗੂਗਲ ਪੇਅ ਰਾਹੀਂ ਟ੍ਰਾਂਸਫਰ ਕਰਵਾਏ ਸਨ, ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 04-10-2024 ਨੂੰ ਅਰਪਿਤ ਕੌਡ ਪੁੱਤਰ ਸ਼੍ਰੀ ਨੰਦ ਲਾਲ ਕੌਂਡਲ ਵਾਸੀ ਮਕਾਨ ਨੰ: 6592 ਬਲਾਕ-ਜੀ, ਐਰੋਸਿਟੀ, ਜ਼ੀਰਕਪੁਰ ਦੇ ਬਿਆਨਾਂ ਦੇ ਅਧਾਰ ਤੇ 03 ਨਾ-ਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 442 ਮਿਤੀ 05-10-2024 ਅ/ਧ 308(2), 304(2), 3(5) ਬੀ. ਐੱਨ. ਐੱਸ ਥਾਣਾ ਜ਼ੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 04-10-2024 ਨੂੰ ਆਪਣੀ ਕਾਰ ਨੰ: ਐੱਚ. ਪੀ. 24- ਈ.-0369 ਮਾਰਕਾ ਟਾਟਾ ਪੰਚ ਪਰ ਸਵਾਰ ਹੋ ਕੇ ਮੈਕਡੀ ਐਰੋਸਿਟੀ ਤੋਂ ਆਪਣੇ ਘਰ ਵੱਲ ਨੂੰ ਆ ਰਿਹਾ ਸੀ, ਜਦੋਂ ਉਹ ਨੇੜੇ ਪਿੰਡ ਅੱਡਾ ਝੂੰਗੀਆਂ ਪੁੱਜਾ ਤਾਂ ਉਸਨੂੰ ਅਚਨਚੇਤ ਫੋਨ ਕਾਲ ਆ ਗਈ, ਜੋ ਉਹ ਇੱਕ ਸਾਈਡ ਗੱਡੀ ਖੜੀ ਕਰਕੇ ਫੋਨ ਸੁਣਨ ਲੱਗ ਪਿਆ ਤਾਂ ਕ੍ਰੀਬ 11:15 ਸ਼ਾਮ  ਇੱਕ ਸਪਲੈਂਡਰ ਮੋਟਰਸਾਈਕਲ ਪਰ 03 ਨਾ-ਮਾਲੂਮ ਨੌਜਵਾਨ ਆਏ, ਜਿਨਾਂ ਨੇ ਇੱਕ-ਦਮ ਉਸਦੀ ਕਾਰ ਦੀ ਟਾਕੀ ਖੁੱਲ੍ਹਵਾ ਕੇ ਕਾਰ ਦੀ ਚਾਬੀ ਕੱਢ ਲਈ ਅਤੇ ਇੱਕ ਨੌਜਵਾਨ ਨੇ ਆਪਣੇ ਹੱਥ ਵਿੱਚ ਫੜਿਆ ਦਾਤ ਉਸਦੀ ਸੱਜੀ ਬਾਂਹ ਤੇ ਰੱਖ ਦਿੱਤਾ ਅਤੇ ਉਸ ਪਾਸੋਂ ਉਸਦਾ ਮੋਬਾਇਲ ਰੈੱਡ-ਮੀ ਨੋਟ-13 ਖੋਹ ਲਿਆ ਅਤੇ ਉਸਨੂੰ ਡਰਾ ਕੇ ਉਸਦੇ ਮੋਬਾਇਲ ਵਿੱਚ ਗੂਗਲ ਪੇਅ ਦਾ ਪਾਸਵਰਡ ਲੈ ਲਿਆ ਅਤੇ ਉਸਨੂੰ ਅਗਲੇ ਦਿਨ ਪਤਾ ਲੱਗਾ ਕਿ ਉਹਨਾਂ ਨੇ ਉਸਦੇ ਖਾਤੇ ਵਿੱਚੋਂ 29 ਹਜਾਰ ਰੁਪਏ ਵੀ ਟ੍ਰਾਂਸਫਰ ਕਰਵਾ ਲਏ ਹਨ ਅਤੇ ਉਸਦਾ ਮੋਬਾਇਲ ਫੋਨ, ਕਰੈਡਿਟ ਕਾਰਡ ਅਤੇ 01 ਹਜਾਰ ਰੁਪਏ ਨਗਦ ਖੋਹ ਕੇ ਫਰਾਰ ਹੋ ਗਏ।
ਇਸੇ ਤਰ੍ਹਾਂ ਮਿਤੀ 08-10-2024 ਨੂੰ ਸੁਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਬਾਗੀਆਂ, ਜ਼ਿਲ੍ਹਾ ਲੁਧਿਆਣਾ ਹਾਲ ਵਾਸੀ ਸੈਕਟਰ-119 ਥਾਣਾ ਬਲੌਂਗੀ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਬਿਆਨਾਂ ਦੇ ਅਧਾਰ ਮੁਕੱਦਮਾ ਨੰ: 445 ਮਿਤੀ 08-10-2024 ਅ/ਧ 309(4), 3(5) ਬੀ. ਐੱਨ. ਐੱਸ ਥਾਣਾ ਜ਼ੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਜਮੈਟੋ ਫੂਡ ਡਲਿਵਰੀ ਦਾ ਕੰਮ ਕਰਦਾ ਹੈ। ਮਿਤੀ 07/08-10-2024 ਦੀ ਦਰਮਿਆਨੀ ਰਾਤ ਨੂੰ ਉਹ ਪਿੰਡ ਛੱਤ ਵਿਖੇ ਫੂਡ ਡਲਿਵਰੀ ਕਰਕੇ ਸਿੰਘਪੁਰਾ ਰੋਡ, ਜ਼ੀਰਕਪੁਰ ਵੱਲ ਨੂੰ ਆਪਣੇ ਮੋਟਰਸਾਈਕਲ ਪਰ ਜਾ ਰਿਹਾ ਸੀ। ਜਦੋਂ ਉਹ ਨੇੜੇ ਪਿੰਡ ਰਾਮਗੜ੍ਹ ਭੁੱਡਾ ਪੁੱਜਾ ਤਾਂ ਉਸਦੇ ਪਿੱਛੇ ਸਪਲੈਂਡਰ ਮੋਟਰਸਾਈਕਲ ਪਰ ਸਵਾਰ 03 ਨਾ-ਮਾਲੂਮ ਵਿਅਕਤੀ ਆਏ, ਜਿਨਾਂ ਨੇ ਉਸਦੇ ਅੱਗੇ ਮੋਟਰਸਾਈਕਲ ਲਗਾਕੇ ਉਸਨੂੰ ਘੇਰ ਲਿਆ। ਉਹਨਾਂ ਵਿੱਚੋਂ ਇੱਕ ਵਿਅਕਤੀ ਦੇ ਡੱਬ ਵਿੱਚ ਤੇਜ ਧਾਰ ਹਥਿਆਰ ਸੀ, ਜਿਸਨੇ ਤੇਜ ਧਾਰ ਹਥਿਆਰ ਕੱਢਕੇ ਉਸਦੀ ਗਰਦਨ ਤੇ ਲਗਾ ਦਿੱਤਾ ਅਤੇ ਦੂਜੇ ਵਿਅਕਤੀ ਨੇ ਉਸਦੀ ਪੈਂਟ ਦੀ ਜੇਬ ਵਿੱਚੋਂ ਉਸਦਾ ਪਰਸ ਅਤੇ ਡਲਿਵਰੀ ਦੇ 05 ਹਜਾਰ ਰੁਪਏ, ਮੋਬਾਇਲ ਫੋਨ ਮਾਰਕਾ ਰੈੱਡ ਮੀ-12 ਖੋਹ ਕਰ ਲਿਆ। ਜਦੋਂ ਉਸਨੇ ਬਚਾਅ ਲਈ ਰੌਲ਼ਾ ਪਾਇਆ ਤਾਂ ਉਸਦੀ ਕੁੱਟਮਾਰ ਕਰਕੇ ਤਿੰਨੋਂ ਦੋਸ਼ੀ ਫਰਾਰ ਹੋ ਗਏ।
ਇਸੇ ਤਰ੍ਹਾਂ ਮਿਤੀ 08-10-2024 ਨੂੰ ਸੰਦੀਪ ਕੁਮਾਰ ਪੁੱਤਰ ਮਹੀਪਾਲ ਵਾਸੀ ਪਿੰਡ ਬਗਵਾੜੀ ਕਲਾਂ, ਜ਼ਿਲ੍ਹਾ ਕੋਟਪੁਤਲੀ ਰਾਜਸਥਾਨ ਦੇ ਬਿਆਨਾਂ ਦੇ ਅਧਾਰ ਤੇ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 446 ਮਿਤੀ 08-10-2024 ਅ/ਧ 304(2), 351(1) ਬੀ. ਐੱਨ. ਐੱਸ  ਥਾਣਾ ਜ਼ੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਮਿਤੀ 07-10-2024 ਨੂੰ ਆਪਣੇ ਟਰੱਕ ਨੰਬਰ ਆਰ.ਜੇ. 02-ਜੀ. ਬੀ-0353 ਪਰ ਰਾਜਸਥਾਨ ਤੋਂ ਸੀਮਿੰਟ ਲੋਡ ਕਰਕੇ ਜੀਰਕਪੁਰ ਆਇਆ ਸੀ। ਜਦੋਂ ਉਹ ਗੱਡੀ ਖਾਲੀ ਕਰਕੇ ਪਟਿਆਲ਼ਾ ਰੋਡ ਜੀਰਕਪੁਰ ਖੜ੍ਹਾ ਸੀ। ਮਿਤੀ 7/8-10-2024 ਦੀ ਦਰਮਿਆਨੀ ਰਾਤ ਨੂੰ ਵਕਤ ਕ੍ਰੀਬ 12:30 ਸਵੇਰੇ  ਪਰ 02 ਲੜਕੇ ਐਕਟਿਵਾ ਤੇ ਆਏ ਜੋ ਦੋਵੇਂ ਮੇਰੀ ਗੱਡੀ ਅੱਗੇ ਚੱੜ੍ਹ ਗਏ ਅਤੇ ਮੈਨੂੰ ਸੁੱਤੇ ਪਏ ਨੂੰ ਚਾਕੂ ਦਿਖਾਕੇ ਮੇਰੇ ਪਾਸੋਂ 04 ਹਜਾਰ ਰੁਪਏ ਨਗਦ ਅਤੇ ਮੇਰੇ ਮੋਬਾਇਲ ਫੋਨ ਦਾ ਗੂਗਲ ਪੇਅ ਪਾਸਵਰਡ ਲੈ ਕੇ 18 ਹਜਾਰ ਰੁਪਏ ਗੂਗਲ ਪੇਅ ਕਰਵਾ ਲਏ।
ਉਪਰੋਕਤ ਵਾਰਦਾਤਾਂ ਤੋਂ ਇਲਾਵਾ ਦੋਸ਼ੀਆਂ ਨੇ ਇੱਕ ਵਿਅਕਤੀ ਪਾਸੋਂ 40 ਹਜਾਰ ਰੁਪਏ, ਇੱਕ ਲੜਕਾ ਅਤੇ ਲੜਕੀ ਪਾਸੋਂ 6200 ਰੁਪਏ, ਇੱਕ ਲੜਕਾ ਅਤੇ ਲੜਕੀ ਪਾਸੋਂ 2800 ਰੁਪਏ, ਇੱਕ ਮੋਟਰਸਾਈਕਲ ਸਵਾਰ ਪਾਸੋਂ 04 ਹਜਾਰ ਰੁਪਏ ਅਤੇ ਉਹਨਾਂ ਦੇ ਮੋਬਾਇਲ ਫੋਨ ਖੋਹ ਕਰਨੇ ਮੰਨੇ ਹਨ। ਜੋ ਵੀ ਬ੍ਰਾਮਦ ਕਰਵਾਏ ਜਾ ਰਹੇ ਹਨ।
ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ  ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਗੂਗਲ ਪੇਅ ਅਕਾਊਂਟ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਜਾਣਕਾਰੀ ਹਾਸਲ ਕਰਨ ਤੇ ਪਤਾ ਲੱਗਿਆ ਕਿ ਉਪਰੋਕਤ ਨਾ-ਮਾਲੂਮ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਏਅਰਪੋਰਟ ਰੋਡ ਤੇ ਐਚ.ਪੀ. ਪੈਟਰੋਲ ਪੰਪ ਜੋ ਕਿ 24 ਘੰਟੇ ਖੁੱਲ਼੍ਹਾ ਰਹਿੰਦਾ ਹੈ, ਦੇ ਵਰਕਰਾਂ ਨੂੰ ਰਾਤ ਸਮੇਂ ਆਪਣੇ ਭਰੋਸੇ ਵਿੱਚ ਲੈ ਕੇ ਅਤੇ ਆਪਣੀ ਮਜਬੂਰੀ ਜ਼ਾਹਰ ਕਰਕੇ ਲੁੱਟ-ਖੋਹ ਕੀਤੇ ਮੋਬਾਇਲ ਫੋਨਾਂ ਤੇ ਚੱਲ ਰਹੇ ਗੂਗਲ ਪੇਅ ਅਕਾਊਂਟ ਦਾ ਧੱਕੇ ਨਾਲ਼ ਪਾਸਵਰਡ ਹਾਸਲ ਪੈਟਰੋਲ ਪੰਪ ਤੇ ਤਾਇਨਾਤ ਵਰਕਰਾਂ ਦੇ ਪਰਸਨਲ ਖਾਤਿਆਂ ਅਤੇ ਪੈਟਰੋਲ ਪੰਪ ਦੇ ਖਾਤੇ ਵਿੱਚ ਪੀੜਤ ਵਿਅਕਤੀਆਂ ਦੇ ਪੈਸੇ ਟ੍ਰਾਂਸਫਰ ਕਰਕੇ, ਉਹਨਾਂ ਪਾਸੋਂ ਕੈਸ਼ ਲੈ ਲੈਂਦੇ ਸਨ। ਜਿਸਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਲਗਾਤਾਰ ਪੈਟਰੌਲ ਪੰਪ ਤੇ ਰਾਤ ਸਮੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਤਾਇਨਾਤ ਕੀਤੀ ਗਈ ਸੀ। ਜੋ ਮਿਤੀ 08-10-2024 ਨੂੰ ਦੋਸ਼ੀ ਹਰ ਵਾਰ ਦੀ ਤਰ੍ਹਾਂ ਉਪਰੋਕਤ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਪੈਟਰੌਲ ਪੰਪ ਤੇ ਕੈਸ਼ ਹਾਸਲ ਕਰਨ ਆਏ ਸਨ। ਜਿਨਾਂ ਨੂੰ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਹਿੰਮਤ ਅਤੇ ਦਲੇਰੀ ਨਾਲ਼ ਤਿੰਨੋਂ ਦੋਸ਼ੀਆਂ ਨੂੰ ਤੇਜਧਾਰ ਹਥਿਆਰਾਂ ਸਮੇ ਗ੍ਰਿਫਤਾਰ ਕੀਤਾ ਗਿਆ।
ਦੋਸ਼ੀਆਂਨ ਦੀ ਪੁੱਛਗਿੱਛ ਦਾ ਵੇਰਵਾ:-
1. ਦੋਸ਼ੀ ਰਾਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਜਰਨੈਲ ਸਿੰਘ ਵਾਸੀ ਮਕਾਨ ਨੰ: 34 ਵਾਰਡ ਨੰ: 11 ਭਵਾਤ ਰੋਡ ਜੀਰਕਪੁਰ, ਥਾਣਾ ਜ਼ੀਰਕਪੁਰ, ਜਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 28 ਸਾਲ ਹੈ, ਜੋ 8 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ 02 ਸਨੈਚਿੰਗ ਦੇ ਮੁਕੱਦਮੇ ਥਾਣਾ ਜ਼ੀਰਕਪੁਰ, ਮੋਹਾਲ਼ੀ ਅਤੇ 01 ਐਨ.ਡੀ.ਪੀ.ਐਸ. ਐਕਟ ਦਾ ਮੁਕੱਦਮਾ ਥਾਣਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਦਰਜ ਰਜਿਸਟਰ ਹੈ।
2. ਦੋਸ਼ੀ ਸੰਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮਕਾਨ ਨੰ: 34 ਵਾਰਡ ਨੰ: 11 ਭਵਾਤ ਰੋਡ ਜ਼ੀਰਕਪੁਰ, ਥਾਣਾ ਜ਼ੀਰਕਪੁਰ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸਦੀ ਉਮਰ ਕ੍ਰੀਬ 27 ਸਾਲ ਹੈ, ਜੋ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾਂ ਸਨੈਚਿੰਗ ਅਤੇ ਲੁੱਟ ਖੋਹ ਦੇ 02 ਮੁਕੱਦਮੇ ਥਾਣਾ ਜ਼ੀਰਕਪੁਰ ਵਿੱਚ ਦਰਜ ਰਜਿਸਟਰ ਹਨ।
3. ਦੋਸ਼ੀ ਸੰਨੀ ਸਚਦੇਵਾ ਪੁੱਤਰ ਸੁਰਿੰਦਰ ਸਚਦੇਵਾ ਵਾਸੀ ਮਕਾਨ ਨੰ: 812, ਰੰਗਾਲੀਆ ਟਾਵਰ ਢਕੌਲੀ, ਥਾਣਾ ਢਕੌਲੀ, ਜ਼ਿਲ੍ਹਾ ਐਸ.ਏ.ਐਸ. ਨਗਰ। ਜਿਸਦੀ ਉਮਰ ਕ੍ਰੀਬ 29 ਸਾਲ ਹੈ, ਜੋ 8 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਦੇ ਖਿਲਾਫ ਪਹਿਲਾ ਵੀ ਇੱਕ ਮੁਕੱਦਮਾ ਰੇਪ ਕੇਸ ਅਤੇ ਨਸ਼ਾ ਤਸਕਰੀ ਦੇ 02 ਮੁਕੱਦਮੇ ਦਰਜ ਹਨ।
ਬ੍ਰਾਮਦਗੀ ਦਾ ਵੇਰਵਾ:-
1. ਇੱਕ ਵਾਰਦਾਤਾਂ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ
2. ਇੱਕ ਖੋਹ ਕੀਤੇ ਮੋਬਾਇਲ ਫੋਨ
3. ਵਾਰਦਾਤਾਂ ਵਿੱਚ ਵਰਤਿਆ ਗਿਆ ਦਾਤ ਲੋਹਾ
ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਦੀ ਗ੍ਰਿਫਤਾਰੀ ਨਾਲ਼ ਹੁਣ ਤੱਕ ਉਪਰੋਕਤ ਮੁਕੱਦਮੇ ਟਰੇਸ ਹੋ ਚੁੱਕੇ ਹਨ ਅਤੇ ਹੋਰ ਵੀ ਮੁਕੱਦਮਾ ਟਰੇਸ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *