ਜਲੰਧਰ ਦਿਹਾਤੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦਾ ਕੀਤਾ ਪਰਦਾਫਾਸ਼, ਔਰਤ ਸਮੇਤ ਚਾਰ ਗਿ੍ਫ਼ਤਾਰ

ਜਲੰਧਰ, 8 ਜਨਵਰੀ :

ਅਪਰਾਧਿਕ ਗਤੀਵਿਧੀਆਂ ‘ਤੇ ਵੱਡੀ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਦੋ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਨਾਲ ਕਈ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਇੱਕ ਔਰਤ ਸਮੇਤ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਦਿਹਾਤੀ ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਤਹਿਤ 14 ਚੋਰੀ ਹੋਏ ਮੋਬਾਈਲ ਫ਼ੋਨ, ਇੱਕ ਮੋਟਰਸਾਈਕਲ ਅਤੇ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਨਾਲ ਜ਼ਿਲ੍ਹੇ ਦੀ ਅਪਰਾਧ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਸਾਹਮਣੇ ਆਈ ਹੈ।

ਉਨ੍ਹਾਂ ਦੱਸਿਆ ਕਿ ਪਹਿਲੀ ਕਾਰਵਾਈ ਵਿੱਚ ਪਤਾਰਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਹਿਚਾਣ ਮੋਨੂੰ ਪੁੱਤਰ ਪਰਮੋਦ ਪਾਸਵਾਨ ਅਤੇ ਲੱਕੀ ਬਾਹਮਣ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਰਾਮਾਮੰਡੀ ਵਜੋਂ ਹੋਈ ਹੈ। ਇਹ ਗ੍ਰਿਫਤਾਰੀਆਂ 2 ਜਨਵਰੀ, 2025 ਨੂੰ ਫਿਰੋਜ਼ਪੁਰ ਦੇ ਸਿਪਾਹੀ ਬਲਜੀਤ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਲੁੱਟ ਦੇ ਸਬੰਧ ਵਿੱਚ ਕੀਤੀਆਂ ਗਈਆਂ ਸਨ। ਪੀੜਤ ਇੱਕ ਈ-ਰਿਕਸ਼ਾ ਵਿੱਚ ਜਲੰਧਰ ਛਾਉਣੀ ਵੱਲ ਜਾ ਰਿਹਾ ਸੀ। ਸ਼ੱਕੀ ਵਿਅਕਤੀਆਂ ਨੇ ਵਾਹਨ ਨੂੰ ਭੋਜੋਵਾਲ ਗੇਟ ਲਿੰਕ ਰੋਡ ਨੇੜੇ ਇੱਕ ਅਲੱਗ ਜਗ੍ਹਾ ਵੱਲ ਮੋੜ ਦਿੱਤਾ। ਸ਼ੱਕੀਆਂ ਨੇ ਪੀੜਤ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਰੈੱਡਮੀ ਮੋਬਾਈਲ ਫ਼ੋਨ ਅਤੇ ਰੁਪਏ ਵਾਲਾ ਬਟੂਆ ਲੁੱਟ ਲਿਆ ਸੀ ਅਤੇ ਈ-ਰਿਕਸ਼ਾ ਛੱਡ ਕੇ ਭੱਜ ਗਏ ਸਨ।ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਹਿਰਾਸਤ ਵਿੱਚ ਹਨ। ਇਸ ਸਬੰਧੀ ਜਾਂਚ ਜਾਰੀ ਹੈ।

 

ਉਨ੍ਹਾਂ ਦੱਸਿਆ ਕਿ ਇੱਕ ਵੱਖਰੀ ਕਾਰਵਾਈ ਦੌਰਾਨ ਗੁਰਾਇਆ ਪੁਲਿਸ ਨੇ ਡੀ.ਐਸ.ਪੀ ਫਿਲੌਰ, ਸਰਵਣ ਸਿੰਘ ਬੱਲ, ਪੀ.ਪੀ.ਐਸ ਦੀ ਨਿਗਰਾਨੀ ਹੇਠ ਦਿਨੇਸ਼ ਸ਼ਰਮਾ ਉਰਫ਼ ਬੱਬੂ ਅਤੇ ਲਵਲੀਨ ਕੌਰ ਵਾਸੀ ਰਾਹੋਂ ਨੂੰ ਹਾਈਵੇਅ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀਆਂ ਨਾਕੇ ਦੌਰਾਨ ਕੀਤੀਆਂ ਗਈਆਂ ਹਨ। ਮੁਲਜ਼ਮਾਂ ਕੋਲੋਂ ਚੋਰੀ ਦੇ 13 ਮੋਬਾਈਲ ਫ਼ੋਨ, ਇੱਕ ਹੌਂਡਾ ਸ਼ਾਈਨ ਮੋਟਰਸਾਈਕਲ (ਪੀਬੀ-08-ਐਫਐਮ-1086) ਅਤੇ ਇੱਕ ਤੇਜ਼ਧਾਰ ਹਥਿਆਰ (ਦਾਤਾਰ) ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਫਿਲੌਰ, ਅੱਪਰਾ, ਗੁਰਾਇਆ ਅਤੇ ਮੁਕੰਦਪੁਰ ਵਿੱਚ ਸਰਗਰਮ ਸਨ। ਇਹ ਹਥਿਆਰਾਂ ਦੀ ਵਰਤੋਂ ਕਰਕੇ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਦਾ ਸਮਾਨ ਲੁੱਟਣ ਦੀਆਂ ਧਮਕੀਆਂ ਦਿੰਦੇ ਸਨ।ਇਨ੍ਹਾਂ ਨੇ ਲੁੱਟ-ਖੋਹ ਦੀਆਂ 14 ਵਾਰਦਾਤਾਂ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਕਬੂਲੀ ਹੈ।

 

ਬੀਐਨਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪਤਾਰਾ ਅਤੇ ਗੁਰਾਇਆ ਥਾਣਿਆਂ ਵਿੱਚ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਸੀਨੀਅਰ ਪੁਲਿਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਹੋਰ ਦੱਸਿਆ ਕਿ ਇਹ ਗ੍ਰਿਫਤਾਰੀਆਂ ਜ਼ਿਲ੍ਹੇ ਵਿੱਚ ਲੁੱਟ-ਖੋਹ ਨਾਲ ਸਬੰਧਤ ਅਪਰਾਧਾਂ ਨੂੰ ਹੱਲ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਜ਼ਿਲ੍ਹੇ ਵਿੱਚ ਅਪਰਾਧ ਕਰਨ ਵਾਲੇ ਅਪਰਾਧੀਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

 

ਉਨ੍ਹਾਂ ਦੱਸਿਆ ਕਿ ਜਲੰਧਰ ਦਿਹਾਤੀ ਪੁਲਿਸ ਇਨ੍ਹਾਂ ਮਾਮਲਿਆਂ ਦੀ ਹੋਰ ਜਾਂਚ ਕਰ ਰਹੀ ਹੈ, ਜਿਸ ਵਿੱਚ ਹੋਰ ਬਰਾਮਦਗੀ ਅਤੇ ਗ੍ਰਿਫਤਾਰੀਆਂ ਦੀ ਉਮੀਦ ਹੈ। ਸ਼ੱਕੀਆਂ ਨੂੰ ਖੇਤਰ ਵਿੱਚ ਹੋਰ ਅਣਸੁਲਝੇ ਲੁੱਟ-ਖੋਹ ਦੇ ਮਾਮਲਿਆਂ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *