Hockey-5 World Cup: ਮਨਿੰਦਰ ਸਿੰਘ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਤੀਜੇ ਅਤੇ ਆਖਰੀ ਪੂਲ ਮੈਚ ਵਿਚ ਜਮਾਇਕਾ ਨੂੰ 13-0 ਨਾਲ ਹਰਾ ਕੇ ਐਫਆਈਐਚ ਹਾਕੀ 5 ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੂਜੇ ਮਿੰਟ ਵਿਚ ਦੋ ਗੋਲ ਕਰਨ ਤੋਂ ਬਾਅਦ ਮਨਿੰਦਰ ਨੇ 28ਵੇਂ ਅਤੇ 29ਵੇਂ ਮਿੰਟ ਵਿਚ ਗੋਲ ਕੀਤੇ। ਇਹ ਚਾਰੇ ਮੈਦਾਨੀ ਗੋਲ ਸਨ।
ਇਸ ਤੋਂ ਇਲਾਵਾ ਮਨਜੀਤ (5ਵੇਂ ਅਤੇ 24ਵੇਂ), ਰਾਹਿਲ ਮੁਹੰਮਦ (16ਵੇਂ ਅਤੇ 27ਵੇਂ) ਅਤੇ ਮਨਦੀਪ ਮੋਰ (23ਵੇਂ ਅਤੇ 27ਵੇਂ) ਨੇ ਦੋ-ਦੋ ਗੋਲ ਕੀਤੇ ਜਦਕਿ ਉੱਤਮ ਸਿੰਘ (5ਵੇਂ), ਪਵਨ ਰਾਜਭਰ (9ਵੇਂ) ਅਤੇ ਗੁਰਜੋਤ ਸਿੰਘ (14ਵੇਂ) ਨੇ ਇਕ-ਇਕ ਗੋਲ ਕੀਤਾ।ਭਾਰਤ ਨੇ ਪਹਿਲੇ ਹੀ ਮਿੰਟ ਤੋਂ ਹਮਲਾਵਰ ਹਾਕੀ ਦਿਖਾਈ ਅਤੇ ਮਨਿੰਦਰ ਸਿੰਘ ਨੇ ਲਗਾਤਾਰ ਦੋ ਗੋਲ ਕੀਤੇ। ਇਸ ਤੋਂ ਬਾਅਦ ਪਹਿਲੇ ਛੇ ਮਿੰਟਾਂ ਵਿਚ ਹੀ ਉੱਤਮ ਅਤੇ ਮਨਜੀਤ ਦੇ ਇਕ-ਇਕ ਗੋਲ ਨਾਲ ਸਕੋਰ 4-0 ਹੋ ਗਿਆ। ਚੰਗੀ ਲੀਡ ਲੈਣ ਤੋਂ ਬਾਅਦ ਵੀ ਭਾਰਤੀ ਖਿਡਾਰੀ ਹਮਲੇ ਕਰਨ ਤੋਂ ਨਹੀਂ ਹਟੇ। ਅੱਧੇ ਸਮੇਂ ਤਕ ਪਵਨ ਅਤੇ ਗੁਰਜੋਤ ਨੇ ਗੋਲ ਕਰਕੇ ਸਕੋਰ 6-0 ਕਰ ਦਿਤਾ।
ਦੂਜੇ ਅੱਧ ‘ਚ ਵੀ ਕਹਾਣੀ ਇਹੀ ਰਹੀ ਅਤੇ ਗੇਂਦ ‘ਤੇ ਕੰਟਰੋਲ ਦੇ ਮਾਮਲੇ ‘ਚ ਭਾਰਤ ਕਾਫੀ ਅੱਗੇ ਸੀ। ਰਾਹਿਲ, ਮਨਦੀਪ, ਮਨਜੀਤ ਅਤੇ ਮਨਿੰਦਰ ਨੇ ਗੋਲ ਕਰਕੇ ਭਾਰਤ ਨੂੰ ਵੱਡੀ ਜਿੱਤ ਦਿਵਾਈ। ਭਾਰਤ ਨੇ ਪੂਲ ਬੀ ਵਿਚ ਸਵਿਟਜ਼ਰਲੈਂਡ ਨੂੰ ਹਰਾਇਆ ਸੀ ਪਰ ਮਿਸਰ ਤੋਂ ਹਾਰ ਗਿਆ ਸੀ। ਇਸ ਜਿੱਤ ਨਾਲ ਭਾਰਤ ਨੇ ਆਖਰੀ ਅੱਠਾਂ ਵਿਚ ਥਾਂ ਬਣਾ ਲਈ ਹੈ।