ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤੇ, ਸੰਗਠਿਤ ਅਪਰਾਧ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ,ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਐਸ.ਏ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ, ਵਿਦੇਸ਼ੀ ਗੈਂਗਸਟਰ ਰਾਜੇਸ਼ ਕੁਮਾਰ ਉਰਫ਼ ਸੋਨੂੰ ਖੱਤਰੀ ਦੇ ਮੁੱਖ ਸਾਥੀ ਹਰਜਿੰਦਰ ਸਿੰਘ ਨੂੰ ਖਰੜ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਪਿਸਤੌਲਾਂ— ਜਿਨ੍ਹਾਂ ਵਿੱਚ ਦੋ .32 ਬੋਰ ਅਤੇ ਇੱਕ .30 ਬੋਰ ਸਮੇਤ 14 ਕਾਰਤੂਸ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁਲਜ਼ਮ ਖਰੜ ਦੇ ‘ਫਿਊਚਰ ਹਾਈਟਸ’ ਵਿਖੇ ਵਿਰੋਧੀ ਗੈਂਗ ਦੇ ਮੈਂਬਰਾਂ ਤੇ ਹਥਿਆਰਬੰਦ ਹਮਲੇ ਦੇ ਮਾਮਲੇ ਵਿੱਚ ਲੋੜੀਂਦਾ ਸੀ।
ੳਹੁਨਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਹਰਜਿੰਦਰ ਸਿੰਘ ਆਪਣੇ ਵਿਦੇਸ਼ ਵਿੱਚ ਰਹਿੰਦੇ ਹੈਂਡਲਰ ਸੋਨੂੰ ਖੱਤਰੀ ਤੋਂ ਸਿੱਧੇ ਤੌਰ ਤੇ ਨਿਰਦੇਸ਼ ਪ੍ਰਾਪਤ ਕਰ ਰਿਹਾ ਸੀ ਅਤੇ ਸੂਬੇ ਵਿੱਚ ਹਾਈ-ਪਰੋਫਾਈਲ ਅਪਰਾਧ ਨੂੰ ਅੰਜਾਮ ਦੇਣ ਦੀ ਸਾਜਿਸ਼ ਰਚ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਹਰਜਿੰਦਰ ਸਿੰਘ ਦੀ ਗ੍ਰਿਫਤਾਰੀ ਸਰਹੱਦ ਪਾਰਲੇ ਸਬੰਧਾਂ ਨਾਲ ਚਲਾਏ ਜਾ ਰਹੇ ਗੈਂਗਸਟਰ ਨੈੱਟਵਰਕਾਂ ਵਿਰੁੱਧ ਸਾਡੀ ਨਿਰੰਤਰ ਤੇ ਮੁਸਤੈਦ ਕਾਰਵਾਈ ਦਾ ਅਹਿਮ ਕਦਮ ਹੈ। ਉਹਨਾਂ ਇਹ ਵੀ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਅਗਲੇਰੇ ਪਿਛਲੇਰੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਆਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪਰਮੋਦ ਬਾਨ ਨੇ ਦੱਸਿਆ ਕਿ ਡੀਐਸਪੀ ਰਾਜਨ ਪਰਮਿੰਦਰ ਦੀ ਅਗਵਾਈ ਹੇਠ ਪੁਖਤਾ ਇਤਲਾਹ ਦੇ ਅਧਾਰ ਤੇ ਏਜੀਟੀਐਫ ਦੀਆਂ ਟੀਮਾਂ ਨੇ ਖਰੜ ਦੇ ਇਲਾਕੇ ਵਿੱਚ ਘੁੰਮਦੇ ਦੋਸ਼ੀ ਹਰਜਿੰਦਰ ਨੂੰ ਲੱਭਿਆ ਅਤੇ ਉਸਨੂੰ ਖਰੜ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਰਹੇ।
ਇਸ ਸਬੰਧੀ ਬੀਐਨਐਸ ਦੀ ਧਾਰਾ 125, 194, 194(2), 296, 193(3) ਅਤੇ 190 ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਐਫਆਈਆਰ ਨੰਬਰ 68 ਮਿਤੀ 24/02/2025 ਅਧੀਨ ਕੇਸ ਪਹਿਲਾਂ ਹੀ ਐਸਏਐਸ ਨਗਰ ਦੇ ਪੁਲਿਸ ਸਟੇਸ਼ਨ ਸਿਟੀ ਖਰੜ ਵਿਖੇ ਦਰਜ ਕੀਤਾ ਗਿਆ ਹੈ।