ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਛੇ ਸ਼ੂਟਰਾਂ ਨੂੰ ਔਰੰਗਾਬਾਦ ਤੋਂ ਕੀਤਾ ਗ੍ਰਿਫਤਾਰ

ਚੰਡੀਗੜ੍ਹ/ਫਿਰੋਜ਼ਪੁਰ, 7 ਸਤੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਸੰਗਠਿਤ ਅਪਰਾਧਿਕ ਨੈੱਟਵਰਕ ਨੂੰ ਜੜ੍ਹੋਂ ਖ਼ਤਮ  ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਸ ਨਾਲ ਸਾਂਝੀ ਕਾਰਵਾਈ ਤਹਿਤ ਫਿਰੋਜ਼ਪੁਰ ਤੀਹਰੇ ਕਤਲ ਕੇਸ ਵਿੱਚ ਸ਼ਾਮਲ ਛੇ   ਸ਼ੂਟਰਾਂ ਨੂੰ ਔਰੰਗਾਬਾਦ ਤੋਂ ਗ੍ਰਿਫਤਾਰ ਕਰਕੇ, ਇਸ ਸਨਸਨੀਖੇਜ਼ ਕੇਸ ਦੀ ਗੁੱਥੀ ਸੁਲਝਾ ਲਈ ਹੈ।

ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ  ਫੜੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਵਾਸੀ ਚੋਹਲਾ ਸਾਹਿਬ, ਤਰਨਤਾਰਨ; ਪਿ੍ਰੰਸ ਵਾਸੀ ਪਿੰਡ ਕੁੰਡੇ,ਫਿਰੋਜ਼ਪੁਰ; ਰਵਿੰਦਰ ਸਿੰਘ ਉਰਫ ਰਵੀ ਉਰਫ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ ਬਗੀਚਾ ਅਤੇ ਰਾਜਬੀਰ ਸਿੰਘ ਉਰਫ ਦਲੇਰ ਸਿੰਘ ਸਾਰੇ ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਅਪਰਾਧਿਕ ਪਿਛੋਕੜ ਵਾਲੇ ਹਨ, ਇਨ੍ਹਾਂ ਖ਼ਿਲਾਫ਼ ਕਤਲ, ਇਰਾਦਾ ਕਤਲ , ਡਕੈਤੀ, ਐਨਡੀਪੀਐਸ ਐਕਟ, ਅਸਲਾ ਐਕਟ ਆਦਿ ਦੇ ਕੇਸ ਦਰਜ ਹਨ। ਜਦਕਿ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਨੂੰ ਵੀ ਦੋ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਫਿਰੋਜ਼ਪੁਰ ਦੇ ਗੁਰਦੁਆਰੇ ਨੇੜੇ ਦਿਨ ਦਿਹਾੜੇ ਦੋ ਮੋਟਰਸਾਈਕਲਾਂ ’ਤੇ ਸਵਾਰ   ਛੇ ਹਮਲਾਵਰਾਂ ਨੇ ਇਕ ਨੌਜਵਾਨ ਲੜਕੀ ਸਮੇਤ ਤਿੰਨ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਐਫਆਈਆਰ ਨੰਬਰ 344 ਮਿਤੀ 03.09.2024 ਨੂੰ ਭਾਰਤੀ ਨਿਆਯ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ 103, 109, 351(2), 191(3), 190 ਅਤੇ 61(2) ਅਤੇ ਅਸਲਾ ਐਕਟ ਦੀ ਧਾਰਾ 25(6) ਅਤੇ  25 (7) ਤਹਿਤ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਖ਼ਤਾ ਇਤਲਾਹ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਸਰਪ੍ਰਸਤੀ ਹੇਠ ਏ.ਜੀ.ਟੀ.ਐੱਫ. ਪੰਜਾਬ ਦੀਆਂ ਪੁਲਿਸ ਟੀਮਾਂ ਨੇ ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ ਅਤੇ ਏ.ਆਈ.ਜੀ. ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਪੰਜਾਬ, ਯੂਟੀ ਚੰਡੀਗੜ੍ਹ, ਦਿੱਲੀ ਅਤੇ ਮਹਾਂਰਾਸ਼ਟਰ ਵਿੱਚ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਹਰੁਦੇਅ ਸਮਰਾਟ ਬਾਲਾਸਾਹਿਬ ਠਾਕਰੇ ਐਕਸਪ੍ਰੈਸ ਹਾਈਵੇਅ ਤੋਂ ਛੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਆਪ੍ਰੇਸ਼ਨ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਡੀਐਸਪੀ ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਿਊ.ਆਰ.ਟੀ. ਔਰੰਗਾਬਾਦ ਪੁਲੀਸ ਟੀਮ ਦੇ ਸਹਿਯੋਗ ਨਾਲ ਚਲਾਇਆ ਗਿਆ।

ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਛੇ ਸ਼ੂਟਰ ਮਾਸਟਰਮਾਈਂਡ ਆਸ਼ੀਸ਼ ਚੋਪੜਾ ਦੇ ਕਰੀਬੀ ਸਾਥੀ ਹਨ, ਜੋ ਭਗੌੜਾ ਅਪਰਾਧੀ ਹੈ ਅਤੇ ਫਰਜ਼ੀ ਪਾਸਪੋਰਟ ’ਤੇ ਵਿਦੇਸ਼ ’ਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਦੋ ਧੜਿਆਂ ਵਿਚਾਲੇ ਆਪਸੀ ਰੰਜਿਸ਼ ਦਾ ਨਤੀਜਾ ਹੈ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਲਦ ਹੀ ਹੋਰ ਗ੍ਰਿਫਤਾਰੀਆਂ ਦੀ ਉਮੀਦ ਹੈ।

Leave a Reply

Your email address will not be published. Required fields are marked *