ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼: ਦੋ ਮੁਲਜ਼ਮ ਗ੍ਰਿਫ਼ਤਾਰ

ਜਲੰਧਰ, 25 ਮਈ : ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਇੱਕ ਮਹੱਤਵਪੂਰਣ ਸਫ਼ਲਤਾ ਪ੍ਰਾਪਤ ਕਰਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ, ਇੱਕ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਦੋ ਮੁਲਜ਼ਮਾਂ ਨੂੰ 13 ਕਿਲੋਗ੍ਰਾਮ ਹੈਰੋਇਨ, 2 ਗੈਰ-ਕਾਨੂੰਨੀ .32 ਬੋਰ ਹਥਿਆਰ, 6 ਜ਼ਿੰਦਾ ਕਾਰਤੂਸ, 3 ਮੈਗਜ਼ੀਨ, 3 ਲਗਜ਼ਰੀ ਕਾਰਾਂ ਅਤੇ 22,000 ਰੁਪਏ ਡਰੱਗ ਮਨੀ ਦੀ ਕੁੱਲ ਬਰਾਮਦਗੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਕਮਿਸ਼ਨਰ ਜਲੰਧਰ ਨੇ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21.05.2025 ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ, ਉਨ੍ਹਾਂ ਨੇ ਦੱਸਿਆ ਸੀ ਕਿ ਸੀ.ਆਈ.ਏ. ਦੀ ਇੱਕ ਟੀਮ ਨੇ 20 ਮਈ 2025 ਨੂੰ ਪੁਲ ਫੋਕਲ ਪੁਆਇੰਟ, ਜਲੰਧਰ ਦੇ ਨੇੜਿਓਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸਦੀ ਪਛਾਣ ਸ਼ਿਵਮ ਸੋਢੀ ਉਰਫ਼ ਸ਼ਿਵਾ ਪੁੱਤਰ ਵਰਿੰਦਰ ਸੋਢੀ, ਵਾਸੀ ਨੇੜੇ ਲੰਮਾ ਪਿੰਡ ਚੌਕ ਸਿਮਰਨ ਐਨਕਲੇਵ ਵਜੋਂ ਹੋਈ ਸੀ। ਮੁਲਜ਼ਮ ਤੋਂ 5 ਕਿਲੋ ਹੈਰੋਇਨ ਅਤੇ 22,000 ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਇਸ ‘ਤੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 122 ਮਿਤੀ 20.05.2025 ਧਾਰਾ 21ਸੀ, 27ਏ, ਅਤੇ 61-85 ਐਨਡੀਪੀਐਸ ਐਕਟ ਤਹਿਤ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ 8, ਜਲੰਧਰ ਵਿਖੇ ਦਰਜ ਕੀਤਾ ਗਿਆ।

ਪੁਲਿਸ ਰਿਮਾਂਡ ਦੌਰਾਨ ਲਗਾਤਾਰ ਪੁੱਛਗਿੱਛ ਤੋਂ ਬਾਅਦ, ਸ਼ਿਵਮ ਤੋਂ 7 ਕਿਲੋ ਹੈਰੋਇਨ ਅਤੇ ਦੋ ਵਾਹਨ ਹੋਰ ਬਰਾਮਦ ਕੀਤੇ ਗਏ। ਉਸਨੇ ਇੱਕ ਸਾਥੀ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਕੀਤਾ, ਜਿਸ ਦੇ ਜ਼ਰੀਏ ਬਰਿੰਦਰ ਸਿੰਘ ਉਰਫ਼ ਬੱਬੂ, ਪੁੱਤਰ ਦਵਿੰਦਰ ਸਿੰਘ ਵਾਸੀ ਅਮਰ ਨਗਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। 22 ਮਈ 2025 ਨੂੰ ਬਰਿੰਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁਲਿਸ ਨੇ ਉਸਦੇ ਕਬਜ਼ੇ ਵਿੱਚੋਂ 1 ਕਿਲੋ ਹੈਰੋਇਨ, 2 ਗੈਰ-ਕਾਨੂੰਨੀ .32 ਬੋਰ ਹਥਿਆਰ, 6 ਜ਼ਿੰਦਾ ਕਾਰਤੂਸ ਅਤੇ 3 ਮੈਗਜ਼ੀਨ ਬਰਾਮਦ ਕੀਤੇ। ਪੁਲਿਸ ਨੇ ਪੁਸ਼ਟੀ ਕੀਤੀ ਕਿ ਸ਼ਿਵਮ ਸੋਢੀ ਵਿਰੁੱਧ ਪਹਿਲਾਂ ਤਿੰਨ ਮੁਕੱਦਮੇ ਹਨ, ਜਦਕਿ ਬਰਿੰਦਰ ਸਿੰਘ ਵਿਰੁੱਧ ਚਾਰ ਮੁਕੱਦਮੇ ਦਰਜ ਹਨ।

ਪੁਲਿਸ ਕਮਿਸ਼ਨਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਪ੍ਰਤੀ ਜਲੰਧਰ ਪੁਲਿਸ ਦੇ ਜ਼ੀਰੋ-ਟੋਲਰੈਂਸ ਰੁਖ਼ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਲੰਧਰ ਵਿੱਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ। ਮੁਲਜ਼ਮਾਂ ਦੇ ਪਿਛੋਕੜ ਅਤੇ ਹੋਰ ਸਬੰਧਾ ਬਾਰੇ ਤਫਤੀਸ਼ ਜਾਰੀ ਹੈ, ਇਨ੍ਹਾਂ ਨਾਲ ਜੁੜੇ ਵਿਅਕਤੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।

ਇਹ ਕਾਰਵਾਈ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਹੋਰ ਮੀਲ ਪੱਥਰ ਹੈ।

Leave a Reply

Your email address will not be published. Required fields are marked *