ਫਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੈਗ ਮੁਕਤ ਦਿਵਸ ਨੂੰ ਮਿਲਿਆ ਵੱਡਾ ਹੁਲਾਰਾ

ਫਾਜ਼ਿਲਕਾ 27 ਜੁਲਾਈ 2024….
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੀ ਪ੍ਰੇਰਨਾ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਹੁਲਾਰਾ ਦੇਣ ਅਤੇ ਤਣਾਅ ਰਹਿਤ ਸਿੱਖਣ ਦਾ ਤਜਰਬਾ ਪ੍ਰਦਾਨ ਕਰਨ ਲਈ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ‘ਬਸਤਾ ਰਹਿਤ ਦਿਵਸ’ (ਬੈਗ-ਮੁਕਤ ਦਿਵਸ) ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ। ਹਰ ਮਹੀਨੇ ਦੇ ਆਖਰੀ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰ ਰਹੇ ਹਨ ਤੇ ਉਨ੍ਹਾਂ ਨੂੰ ਸ਼ਿਸ਼ਟਾਚਾਰ, ਟੀਮ ਵਿਚ ਕੰਮ ਕਰਨ, ਸੰਚਾਰ ਹੁਨਰ, ਚੰਗੇ ਵਿਵਹਾਰ ਅਤੇ ਮਾੜੇ ਵਿਵਹਾਰ ਬਾਰੇ ਕਾਫੀ ਕੁੱਝ ਸਿੱਖਣ ਨੂੰ ਮਿਲ ਰਿਹਾ ਹੈ। ਜਿਸ ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ।
ਇਹ ਜਾਣਕਾਰੀ ਦਿੰਦਆਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਦੱਸਿਆ ਕਿ ਫਾਜ਼ਿਲਕਾ ਵਿੱਚ 468 ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ਵਿੱਚ 72 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀ ਹਰ ਮਹੀਨੇ ਦੇ ਸ਼ਨੀਵਾਰ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਤੇ ਤਣਾਅ ਮੁਕਤ ਹੋ ਕੇ ਕਾਫੀ ਕੁੱਝ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਤਣਾਅ-ਮੁਕਤ ਸਿੱਖਣ ਦਾ ਅਨੁਭਵ ਪ੍ਰਦਾਨ ਕਰਨਾ, ਰਚਨਾਤਮਕਤਾ ਅਤੇ ਹੁਨਰ ਨੂੰ ਵਧਾਉਣਾ ਅਤੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ ਹੈ। ਇਸ ਤੋਂ ਇਲਾਵਾ ਰਵਾਇਤੀ ਕਲਾਸਾਂ ਦੀ ਬਜਾਏ ਰਾਫਟਿੰਗ, ਕਹਾਣੀ ਸੁਣਾਉਣ, ਕਲਾਸ ਡਿਸਕਸ਼ਨ ਅਤੇ ਯੋਗਾ ਵਰਗੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀ ਕਾਫੀ ਕੁੱਝ ਸਿੱਖ ਰਹੇ ਹਨ।
ਨੋਡਲ ਅਫਸਰ ਸ੍ਰੀ. ਵਿਜੇ ਪਾਲ ਨੇ ਦੱਸਿਆ ਕਿ ਬੱਚੇ ਇਸ ਦਿਨ ਮਨੋਰੰਜਨ ਦੀਆਂ ਗਤੀਵਿਧੀਆਂ ਕਰਕੇ ਜਿੱਥੇ ਆਪਣਾ ਸਰਵਪੱਖੀ ਵਿਕਾਸ ਕਰ ਰਹੇ ਹਨ ਉੱਥੇ ਬੱਚਿਆਂ ਦੇ ਮਾਤਾ ਪਿਤਾ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਵੀ ਹੁਣ ਆਪਣੇ ਆਪ ਨੂੰ ਕਾਫੀ ਤਣਾਅ ਮੁਕਤ ਮਹਿਸੂਸ ਕਰ ਰਹੇ ਹਨ ਤੇ ਸਕੂਲਾਂ ਦੇ ਬੱਚੇ ਵੀ ਇਸ ਦਿਨ ਕਾਫੀ ਆਨੰਦ ਮਾਣ ਰਹੇ ਹਨ।
ਫਾਜ਼ਿਲਕਾ, ਅਬੋਹਰ, ਜਲਾਲਾਬਾਦ ਤੇ ਖੁਈਆ ਸਰਵਰ ਦੇ ਬੀਪੀਓਜ਼ ਸੁਨੀਲ ਕੁਮਾਰ, ਅਜੇ ਛਾਬੜਾ, ਭਾਲਾ ਰਾਮ ਤੇ ਸਤੀਸ਼ ਮਿਗਲਾਨੀ ਦੀ ਸੁਪਰਵਿਜ਼ਨ ਹੇਠ ਸਕੂਲਾਂ ਵਿੱਚ ਬੱਚਿਆਂ ਨੂੰ ਬੈਗ-ਮੁਕਤ ਦਿਵਸ ਦੌਰਾਨ ਸਕੂਲਾਂ ਵੱਲੋਂ ਮਨੋਰੰਜਨ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਹੀ ਬੀਪੀਓਜ਼ ਖੁਦ ਜਾ ਕੇ ਇਨ੍ਹਾਂ ਗਤੀਵਿਧੀਆਂ ਦਾ ਲੁਤਫ ਉਠਾ ਰਹੇ ਹਨ।

Leave a Reply

Your email address will not be published. Required fields are marked *