Monday, March 16
Shadow

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਕੀਤਾ

ਫ਼ਰੀਦਕੋਟ: 24 ਅਪ੍ਰੈਲ 2024

            ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਰੀਦਕੋਟ ਵੱਲੋਂ ਇੱਕ ਹੋਰ ਨਵੀਂ ਪਹਿਲਕਦਮੀ ਕਰਦਿਆਂ ਕਿਸਾਨਾਂ ਨੂੰ ਸੂਚਨਾ ਤਕਨਾਲੋਜੀ ਜਰੀਏ ਖੇਤੀਬਾੜੀ ਦੇ ਨਵੇਂ ਢੰਗਾਂ ਅਤੇ ਖੇਤੀ ਮਾਹਿਰਾਂ ਦੀਆਂ ਸਲਾਹਾਂ ਤੋਂ ਜਾਣੂ ਕਰਵਾਉਣ ਲਈ ਮਹੀਨਾਵਾਰ ਡਿਜ਼ੀਟਲ ਅਖਬਾਰ ‘ਵੰਨਸੁਵੰਨੀ ਖੇਤੀ’ ਦੀ ਸ਼ੁਰੂਆਤ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਇਸ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦੇ ਪਹਿਲੇ ਐਡੀਸ਼ਨ ਨੂੰ ਆਪਣੇ ਦਫ਼ਤਰ ਵਿਖੇ ਕਿਸਾਨਾਂ ਲਈ ਜਾਰੀ ਕੀਤਾ ਗਿਆ।

            ਵੰਨ ਸੁਵੰਨੀ ਖੇਤੀ ਮੈਗਜ਼ੀਨ ਦੇ ਪਹਿਲੇ ਡਿਜੀਟਲ ਅੰਕ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਅੱਜ ਦੇ ਇਸ ਤਕਨੀਕੀ ਯੁਗ ਵਿੱਚ ਡਿਜੀਟਲ ਮੰਚ ਦੀ ਬਾਂਹ ਫੜ੍ਹਨੀ ਬਹੁਤ ਜਰੂਰੀ ਹੈ ਕਿਉਂਕਿ ਇਸ ਮੰਚ ਦੀ ਵਰਤੋਂ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਜਿਆਦਾ ਕਿਸਾਨਾਂ ਤੱਕ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ  ਖੇਤੀ ਦੇ ਕਿੱਤੇ ਨੂੰ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਨੌਜਵਾਨ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਸ ਡਿਜੀਟਲ ਯੁਗ ਵਿੱਚ ਇਸ ਵਰਗ ਦੇ ਜਿਆਦਾਤਰ ਕਿਸਾਨ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਸ ਉਪਰਾਲੇ ਰਾਹੀਂ ਇਸ ਵੱਡੇ ਵਰਗ ਨੂੰ ਡਿਜੀਟਲ ਮੰਚ ਨਾਲ ਜੋੜਕੇ ਖੇਤੀ ਦੇ ਵਿਸ਼ਿਆਂ ਦੀ ਜਾਣਕਾਰੀ ਜ਼ਮੀਨੀ ਪੱਧਰ ’ਤੇ ਪਹੁੰਚਾਈ ਜਾ ਸਕਦੀ ਹੈ।

            ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਇਹ ਉਪਰਾਲਾ ਜਿਥੇ ਕਿਸਾਨਾਂ ਨੂੰ ਮਹੀਨਾਵਾਰ ਖੇਤੀ ਵਿਸ਼ਿਆਂ, ਖੇਤੀ ਸਹਾਇਕ ਕਿੱਤੇ, ਮੂਲ ਅਨਾਜ ਦੀ ਖੇਤੀ ਬਾਰੇ ਅਹਿਮ ਭੁਮਿਕਾ ਨਿਭਾਏਗਾ ਉਸ ਦੇ ਨਾਲ ਹੀ ਖੇਤੀ ਵਿੱਚ ਇਜ਼ਾਦ ਹੋਈਆਂ ਨਵੀਆਂ ਤਕਨੀਕਾਂ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਆਦਿ ਨੂੰ ਕਿਸਾਨਾਂ ਵਿੱਚ ਪ੍ਰਚਲਿਤ ਕਰਨ ਲਈ ਮਦਦਗਾਰ ਹੋਵੇਗਾ। ਇਸ ਤੋਂ ਇਲਾਵਾ ਨਰਮੇ ਦੀ ਸਫਲ ਕਾਸ਼ਤ ਕਰਨ ,ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਮਨੁੱਖੀ ਜੀਵਨ ਨੂੰ ਹੋ ਰਹੇ ਨੁਕਸਾਨ ਤੋਂ ਕਿਸਾਨਾਂ ਨੂੰ ਸਾਵਧਾਨ ਕਰਕੇ ਖੇਤਾਂ ਨੂੰ ਅੱਗ ਨਾ ਲਗਾਕੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤਾਂ ਵਿੱਚ ਹੀ ਜਜ਼ਬ ਕਰਕੇ ਮਿੱਟੀ ਨੂੰ ਉਪਜਾਊ ਬਨਾਉਣ ਲਈ ਸਹਾਈ ਸਿੱਧ ਹੋਵੇਗਾ। ਇਸ ਨਵੇਕਲੀ ਪਹਿਲਕਦਮੀ ਲਈ ਉਨ੍ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਸਰਾਹਨਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜ਼ੀਟਲ ਅਖਬਾਰ ਵਿੱਚ ਦਿੱਤੀਆਂ ਸਲਾਹਾਂ ਅਤੇ ਢੰਗ ਤਰੀਕਿਆਂ ਨੂੰ ਆਪਣੀ ਖੇਤੀ ਵਿੱਚ ਲਾਗੂ ਕਰਨ।

            ਵੰਨ ਸੁਵੰਨੀ ਖੇਤੀ ਮੈਗਜ਼ੀਨ ਦੇ  ਸੰਪਾਦਕ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਇਸ ਡਿਜ਼ੀਟਲ ਰਸਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਪਸਾਰ ਮਾਧਿਅਮ ਦੇ ਬਦਲਦੇ ਰੂਪ ਜਿਵੇਂ ਕਿ ਸੋਸ਼ਲ ਮੀਡੀਆ (ਵਟਸ-ਐਪ, ਫੇਸਬੁਕ, ਯੂ-ਟਿਊਬ) ਆਦਿ ਰਿਵਾਇਤੀ ਖੇਤੀ ਪਸਾਰ ਮਾਧਿਅਮ ਜਿਵੇਂ ਸਿਖਲਾਈ ਕੈਂਪ ਦਾ ਬੇਹਤਰ ਬਦਲ ਬਣ ਸਕਦਾ ਹੈ। ਇਸ ਮਾਧਿਅਮ ਦੀ ਵਰਤੋਂ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਜਿਆਦਾ ਕਿਸਾਨਾਂ ਤੱਕ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰਸਾਲੇ ਵਿੱਚ ਖੇਤੀ ਦੇ ਮਹੀਨਾਵਾਰ ਰੁਝੇਵੇਂਂ, ਸਫਲ ਕਿਸਾਨਾਂ ਦੀਆਂ ਕਹਾਣੀਆਂ ਅਤੇ ਖੇਤੀ ਮਾਹਿਰਾਂ ਵੱਲੋਂ ਸਮੇਂ-ਸਮੇਂ ਜਾਰੀ ਕੀਤੀਆਂ ਜਾਂਦੀਆਂ ਸਲਾਹਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗਿਆਨ ਦੀ ਪ੍ਰਾਪਤੀ ਲਈ ਇਹ ਡਿਜਟਿਲ ਮੰਚ ਨੌਜਵਾਨ ਕਿਸਾਨਾਂ ਲਈ ਇੱਕ ਬੇਹਤਰ ਗਿਆਨ ਦਾ ਸਰੋਤ ਸਾਬਤ ਹੋਵੇਗਾ।

            ਇਸ ਮੌਕੇ ਵੰਨ ਸੁਵੰਨੀ ਖੇਤੀ ਡਿਜੀਟਲ ਮੈਗਜ਼ੀਨ ਦੇ ਸੰਪਾਦਕ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਅਤੇ ਡਾ.ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਹਾਜ਼ਰ ਸਨ।

Leave a Reply

Your email address will not be published. Required fields are marked *