Saturday, March 14
Shadow

ਡੀ.ਸੀ. ਨੇ ਅਨਾਜ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਫ਼ਿਰੋਜ਼ਪੁਰ, 22 ਅਪ੍ਰੈਲ 2024:

             ਜ਼ਿਲ੍ਹੇ ਵਿੱਚ ਕਣਕ ਦੀ ਚੱਲ ਰਹੀ ਖਰੀਦ, ਲਿਫ਼ਟਿੰਗ ਅਤੇ ਅਦਾਇਗੀ ਆਦਿ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਅਨਾਜ ਮੰਡੀ ਫ਼ਿਰੋਜ਼ਪੁਰ ਛਾਉਣੀ ਸਮੇਤ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਖ਼ਰੀਦ ਏਜੰਸੀਆਂ ਨੂੰ ਲਿਫ਼ਟਿੰਗ ਦੇ ਕੰਮ ਵਿੱਚ ਜੰਗੀ ਪੱਧਰ ’ਤੇ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਗਏ। ਕਿਸਾਨਾਂ ਦੀ ਜਿਣਸ ਦਾ ਇਕ-ਇਕ ਦਾਣਾ ਚੁੱਕਿਆ ਜਾਵੇਗਾ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਲੇਬਰ ਨੂੰ ਮੰਡੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ ਅਤੇ ਕਿਸਾਨ ਮੰਡੀਆਂ ਵਿੱਚ ਕੀਤੇ ਗਏ ਖਰੀਦ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।

          ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੀਆਂ ਸਾਰੀਆਂ ਮੰਡੀਆਂ ‘ਚ ਬੀਤੀ ਸ਼ਾਮ ਤੱਕ 159626 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 137846 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖ਼ਰੀਦੀ ਗਈ ਫ਼ਸਲ ਦੀ ਅਦਾਇਗੀ 24 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਗਏ ਕੁਲ ਕਣਕ ਵਿਚੋਂ ਪਨਗ੍ਰੇਨ ਵੱਲੋਂ 45326 ਮੀਟਰਕ ਟਨ, ਮਾਰਕਫੈੱਡ ਵਲੋਂ 32955 ਮੀਟਰਕ ਟਨ, ਪਨਸਪ ਵੱਲੋਂ 37450 ਮੀਟਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 19285 ਮੀਟਰਕ ਟਨ, ਪ੍ਰਈਵੇਟ ਵਪਾਰੀਆਂ ਵੱਲੋਂ 2830 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।

          ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ, ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਦਾ ਆਪਸੀ ਤਾਲਮੇਲ ਬਣਿਆ ਹੋਇਆ ਹੈ ਅਤੇ ਖਰੀਦ, ਲਿਫ਼ਟਿੰਗ ਤੇ ਅਦਾਇਗੀ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿਚ ਖਜੱਲ-ਖੁਆਰੀ ਤੋਂ ਬਚਣ ਲਈ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਉਣ ਅਤੇ ਰਹਿੰਦ ਖੂਹੰਦ ਨੂੰ ਅੱਗ ਨਾ ਲਾ ਕੇ ਖੇਤਾਂ ਵਿਚ ਹੀ ਮਿਲਾਉਣ ਤਾਂ ਕਿ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਤਾਂ ਸਾਫ਼ ਸੁੱਥਰਾ ਤੇ ਸਿਹਤਮੰਦ ਵਾਤਾਵਰਣ ਬਣਿਆ ਰਹੇ।

            ਇਸ ਮੌਕੇ ਡੀ.ਐਫ਼.ਐਸ.ਸੀ. ਰਾਜ ਰਿਸ਼ੀ ਮਹਿਰਾ, ਜੀ.ਐਮ. ਵੇਅਰਹਾਊਸ ਆਈ.ਬੀ. ਤਿਵਾੜੀ, ਡੀ.ਐਮ. ਮਾਰਕਫੈੱਡ ਕਮਲਦੀਪ ਸਿੰਘ, ਆਰ.ਟੀ.ਏ. ਕਰਨਵੀਰ ਸਿੰਘ ਛੀਨਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ, ਟਰੱਕ ਯੂਨੀਅਨ ਦੇ ਪ੍ਰਧਾਨ ਲੇਬਰ/ਕਾਰਟਿਜ ਠੇਕੇਦਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *