
ਚੰਡੀਗੜ੍ਹ, 04 ਅਕਤੂਬਰ :
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸਿੰਗਾਪੁਰ ਦੌਰੇ ਦੌਰਾਨ ਗੁਰੂਗ੍ਰਾਮ ਵਿੱਚ 25 ਏਕੜ ਖੇਤਰ ਵਿੱਚ ਵਿਕਸਤ ਕੀਤੇ ਜਾਣ ਵਾਲੇ ਪ੍ਰਸਤਾਵਿਤ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਨਾਲ ਜੁੜੇ ਪ੍ਰਬੰਧਾਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਿੰਗਾਪੁਰ ਸਥਿਤ ਪ੍ਰਸਿੱਧ ‘ਸਨਟੇਕ ਸਿਟੀ‘ ਵਿੱਚ ਉਪਲਬਧ ਸਹੂਲਤਾਂ ਦਾ ਮੁਆਇਨਾ ਕੀਤਾ। ਮੁੱਖ ਮੰਤਰੀ ਨੇ ਉੱਥੇ ਸੰਚਾਲਿਤ ਕਨਵੈਨਸ਼ਨ ਸੈਂਟਰ ਦੀਆਂ ਸਹੂਲਤਾਂ, ਉਸਾਰੀ ਦੀ ਤਕਨੀਕ, ਆਧੁਨਿਕ ਇੰਜੀਨੀਅਰਿੰਗ ਅਤੇ ਪ੍ਰਬੰਧਨ ਵਿਵਸਥਾ ਦੀ ਵਿਸਤ੍ਰਿਤ ਜਾਣਕਾਰੀ ਲਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਿੰਗਾਪੁਰ ਦੌਰੇ ਦੌਰਾਨ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਉਦਯੋਗ ਅਤੇ ਵਪਾਰ ਵਿਭਾਗ ਦੇ ਡਾਇਰੈਕਟਰ ਸ੍ਰੀ ਯਸ਼ ਗਰਗ, ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ ਅਤੇ ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਡਾਇਰੈਕਟਰ ਸ੍ਰੀ ਵਿਨੈ ਪ੍ਰਤਾਪ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਿੰਗਾਪੁਰ ਦੀ ਸਨਟੇਕ ਸਿਟੀ ਦੀ ਤਰਜ਼ ‘ਤੇ ਗੁਰੂਗ੍ਰਾਮ ਵਿੱਚ ਲਗਭਗ 25 ਏਕੜ ਖੇਤਰ ਵਿੱਚ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਵਿਕਸਤ ਕੀਤਾ ਜਾਵੇਗਾ। ਸਿੰਗਾਪੁਰ ਦੀ ਸਨਟੇਕ ਸਿਟੀ ਵਿੱਚ ਵਿਕਸਤ ਕਨਵੈਨਸ਼ਨ ਸੈਂਟਰ ਵਿੱਚ ਉਪਲਬਧ ਸਹੂਲਤਾਂ ਦਾ ਨਿਰੀਖਣ ਇਸ ਪ੍ਰੋਜੈਕਟ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਸਰਵੋਤਮ ਵਿਵਸਥਾਵਾਂ ਨੂੰ ਸਮਝਣ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ। ਗੁਰੂਗ੍ਰਾਮ ਵਿੱਚ ਪ੍ਰਸਤਾਵਿਤ ਕਨਵੈਨਸ਼ਨ ਸੈਂਟਰ ਨੂੰ ਅਤਿ-ਆਧੁਨਿਕ ਤਕਨੀਕ ਅਤੇ ਆਧੁਨਿਕ ਇੰਜੀਨੀਅਰਿੰਗ ਨਾਲ ਲੈਸ ਕੀਤਾ ਜਾਵੇਗਾ, ਤਾਂ ਜੋ ਇੱਥੇ ਵੱਡੇ ਅੰਤਰਰਾਸ਼ਟਰੀ ਸੰਮੇਲਨ, ਵਪਾਰਕ ਮੀਟਿੰਗਾਂ, ਪ੍ਰਦਰਸ਼ਨੀਆਂ ਅਤੇ ਆਲਮੀ ਪੱਧਰ ਦੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਦੇ ਨਿਰਮਾਣ ਨਾਲ ਗੁਰੂਗ੍ਰਾਮ ਦੀ ਅੰਤਰਰਾਸ਼ਟਰੀ ਪਛਾਣ ਹੋਰ ਮਜ਼ਬੂਤ ਹੋਵੇਗੀ ਅਤੇ ਰਾਜ ਵਿੱਚ ਨਿਵੇਸ਼ ਅਤੇ ਕਾਰੋਬਾਰੀ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਇਸ ਦਾ ਸਕਾਰਾਤਮਕ ਪ੍ਰਭਾਵ ਹਰਿਆਣਾ ਦੀ ਅਰਥਵਿਵਸਥਾ ‘ਤੇ ਪਵੇਗਾ।
ਅਤਿ-ਆਧੁਨਿਕ ਬੁਨਿਟਾਦੀ ਢਾਂਚੇ ਨਾਲ ਮਾਨੇਸਰ ਵਿੱਚ ਵਿਕਸਤ ਹੋਵੇਗਾ ਵੱਡਾ ਅਤੇ ਸੁੰਦਰ ਪਾਰਕ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਮਾਨੇਸਰ ਵਿੱਚ ਅਤਿ-ਆਧੁਨਿਕ ਇਨਫਰਾਸਟਰੱਕਚਰ ਵਿਕਸਤ ਕਰਨ ਦੇ ਨਾਲ-ਨਾਲ ਇੱਕ ਵੱਡੇ ਅਤੇ ਸੁੰਦਰ ਪਾਰਕ ਦਾ ਵੀ ਨਿਰਮਾਣ ਕਰੇਗੀ। ਇਸ ਨਾਲ ਖੇਤਰ ਦੇ ਸਰਵਪੱਖੀ ਵਿਕਾਸ ਨੂੰ ਗਤੀ ਮਿਲੇਗੀ ਅਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦੇ ਨਾਲ-ਨਾਲ ਹਰਿਆਵਲ ਅਤੇ ਖੁੱਲ੍ਹਾ ਵਾਤਾਵਰਣ ਮੁਹੱਈਆ ਹੋਵੇਗਾ।
ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਿੰਗਾਪੁਰ ਦੇ ‘ਗਾਰਡਨਜ਼ ਬਾਏ ਦਾ ਬੇ‘ ਵਿੱਚ ਵਾਤਾਵਰਣ ਸੰਭਾਲ, ਪੌਦਿਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਸਾਂਭ-ਸੰਭਾਲ ਅਤੇ ਜਲ ਪ੍ਰਬੰਧਨ ਦੀਆਂ ਉੱਨਤ ਤਕਨੀਕਾਂ ਨਾਲ ਜੁੜੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਬਾਗ਼ ਵਿੱਚ ਮੌਜੂਦ ਵਾਤਾਵਰਣ ਅਨੁਕੂਲ ਪ੍ਰਬੰਧਾਂ, ਖਾਸ ਕਰਕੇ ਪਾਣੀ ਦੀ ਸਪਲਾਈ ਅਤੇ ਸੰਭਾਲ ਨਾਲ ਜੁੜੇ ਉਪਾਵਾਂ ਨੂੰ ਨੇੜਿਓਂ ਦੇਖਿਆ ਅਤੇ ਉਨ੍ਹਾਂ ਦੀ ਜਾਣਕਾਰੀ ਲਈ।
‘ਗਾਰਡਨਜ਼ ਬਾਏ ਦਾ ਬੇ‘ ਵਿੱਚ ਮੌਜੂਦ ਭਾਰਤੀ ਅਤੇ ਵਿਦੇਸ਼ੀ ਸੈਲਾਨੀਆਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਫੋਟੋਆਂ ਖਿੱਚਵਾਈਆਂ। ਕਈ ਪਰਿਵਾਰਾਂ ਨੇ ਮੁੱਖ ਮੰਤਰੀ ਨਾਲ ਸੈਲਫੀ ਲਈ। ਮੁੱਖ ਮੰਤਰੀ ਨੇ ਵਿਦੇਸ਼ੀ ਸੈਲਾਨੀਆਂ ਨਾਲ ਵੀ ਬੜੇ ਸਹਿਜ ਅਤੇ ਅਪਣੱਤ ਵਾਲੇ ਭਾਵ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਸ਼ਹਿਰੀ ਯੋਜਨਾਬੰਦੀ, ਕਨਵੈਨਸ਼ਨ ਸਹੂਲਤਾਂ, ਵਾਤਾਵਰਣ ਸੰਭਾਲ ਅਤੇ ਜਲ ਪ੍ਰਬੰਧਨ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਸਰਵੋਤਮ ਰਵਾਇਤਾਂ ਨੂੰ ਸਮਝਣ ਦੇ ਨਜ਼ਰੀਏ ਤੋਂ ਸਿੰਗਾਪੁਰ ਦੇ ਕਨਵੈਨਸ਼ਨ ਸੈਂਟਰ ਦਾ ਦੌਰਾ ਬਹੁਤ ਮਹੱਤਵਪੂਰਨ ਰਿਹਾ ਹੈ। ਇਨ੍ਹਾਂ ਤਜ਼ਰਬਿਆਂ ਨੂੰ ਹਰਿਆਣਾ ਵਿੱਚ ਲਾਗੂ ਕਰਕੇ ਰਾਜ ਨੂੰ ਹੋਰ ਵੱਧ ਵਿਕਸਤ, ਆਧੁਨਿਕ ਅਤੇ ਵਾਤਾਵਰਣ ਅਨੁਕੂਲ ਬਣਾਉਣ ਵੱਲ ਠੋਸ ਕਦਮ ਚੁੱਕੇ ਜਾਣਗੇ।