
ਚੰਡੀਗੜ੍ਹ 30 ਜੂਨ- ਦੇਸ਼ ਭਰ ਵਿੱਚ ਕਿਸਾਨਾਂ ਨੂੰ ਟਿਕਾਊ ਅਤੇ ਲਾਭਕਾਰੀ ਖੇਤੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਚਲਾਈ ਗਈ ‘ਖੇਤ ਬਚਾਓ ਮੁਹਿੰਮ‘ ਦਾ ਮੰਗਲਵਾਰ ਨੂੰ ਹਰਿਆਣਾ ਦੇ ਰਿਵਾੜੀ ਵਿੱਚ ਸ਼ਾਨਦਾਰ ਸਮਾਪਤੀ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਮੁੱਖ ਮਹਿਮਾਨ ਵਜੋਂ ਮੌਜ਼ੂਦ ਰਹੇ, ਜਦੋਂਕਿ ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ।
ਇਸ ਮੌਕੇ ‘ਤੇ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਮੰਗੀਲਾਲ ਜਾਟ ਦੀ ਗਰਿਮਾਮਈ ਮੌਜੂਦਗੀ ਰਹੀ। ਪ੍ਰੋਗਰਾਮ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਬਲਦੇਵ ਰਾਜ ਕੰਬੋਜ ਨੇ ਸਾਰੇ ਮਹਿਮਾਨਾਂ ਦਾ ਸਮਾਰੋਹ ਵਿੱਚ ਪਹੁੰਚਣ ‘ਤੇ ਸਵਾਗਤ ਕੀਤਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਰਿਵਾੜੀ ਜ਼ਿਲ੍ਹੇ ਦੇ ਬਾਵਲ ਸਥਿਤ ਖੇਤੀਬਾੜੀ ਕਾਲਜ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਂਝੇ ਤੌਰ ‘ਤੇ ਖੇਤੀਬਾੜੀ ਦੇ ਨਵੀਨਤਮ ਖੋਜਾਂ ‘ਤੇ ਆਧਾਰਿਤ ਖੇਤੀ-ਉਦਯੋਗਿਕ ਪ੍ਰਦਰਸ਼ਨੀ ਅਤੇ ਹਰਿਆਣਾ ਐੱਫ.ਪੀ.ਓ. ਮਿਸ਼ਨ-2026 ਦੀ ਸ਼ੁਰੂਆਤ ਵੀ ਕੀਤੀ। ਪ੍ਰੋਗਰਾਮ ਵਿੱਚ ਮਿੱਟੀ ਦੀ ਸਿਹਤ ਸੰਭਾਲ, ਖਾਦਾਂ ਦੀ ਸੰਤੁਲਿਤ ਅਤੇ ਵਿਗਿਆਨਕ ਵਰਤੋਂ, ਕੁਦਰਤੀ ਸਰੋਤਾਂ ਦੀ ਸੰਭਾਲ, ਆਧੁਨਿਕ ਖੇਤੀ ਤਕਨੀਕਾਂ ਦੇ ਵਿਸਥਾਰ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਜਨ ਭਾਗੀਦਾਰੀ ਆਧਾਰਿਤ ਯਤਨਾਂ ਨੂੰ ਹੋਰ ਗਤੀ ਦੇਣ ਦਾ ਸੰਕਲਪ ਦੁਹਰਾਇਆ ਗਿਆ।
ਉੱਨਤ ਖੇਤੀ ਅਤੇ ਖੁਸ਼ਹਾਲ ਕਿਸਾਨ ਤੋਂ ਬਿਨਾਂ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਨਹੀਂ ਹੋ ਸਕਦਾ – ਸ੍ਰੀ ਸ਼ਿਵਰਾਜ ਸਿੰਘ ਚੌਹਾਨ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਸਿਤ ਭਾਰਤ ਦੇ ਟੀਚੇ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਵਿਕਸਿਤ ਭਾਰਤ ਦਾ ਨਿਰਮਾਣ ਉੱਨਤ ਖੇਤੀਬਾੜੀ ਅਤੇ ਖੁਸ਼ਹਾਲ ਕਿਸਾਨ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਕਿਸਾਨ ਹਨ ਅਤੇ ਕਿਸਾਨਾਂ ਦੀ ਖੁਸ਼ਹਾਲੀ ਹੀ ਭਾਰਤ ਦੀ ਖੁਸ਼ਹਾਲੀ ਦਾ ਆਧਾਰ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਨੂੰ ਲਾਭਕਾਰੀ, ਆਧੁਨਿਕ ਅਤੇ ਟਿਕਾਊ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਵਿਗਿਆਨਕ ਖੇਤੀ, ਆਧੁਨਿਕ ਤਕਨੀਕਾਂ ਅਤੇ ਕਿਸਾਨਾਂ ਦੀ ਸਰਗਰਮ ਭਾਗੀਦਾਰੀ ਨਾਲ ਭਾਰਤ ਵਿਸ਼ਵ ਦੀ ਮੋਹਰੀ ਖੇਤੀ ਸ਼ਕਤੀ ਵਜੋਂ ਹੋਰ ਮਜ਼ਬੂਤ ਹੋਵੇਗਾ।
ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ, ਹਰਿਆਣਾ ਨੇ ਦਿਖਾਇਆ ਪੂਰੇ ਦੇਸ਼ ਨੂੰ ਰਾਹ, ਕਿਸਾਨ ਪੱਖੀ ਨੀਤੀਆਂ ਨਾਲ ਬਣਿਆ ਖੇਤੀ ਵਿਕਾਸ ਦਾ ਮਾਡਲ
ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰਿਆਣਾ ਨੇ ਖੇਤੀਬਾੜੀ ਦੇ ਖੇਤਰ ਵਿੱਚ ਪੂਰੇ ਦੇਸ਼ ਦੇ ਸਾਹਮਣੇ ਇੱਕ ਪ੍ਰੇਰਨਾਦਾਇਕ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ 24 ਫ਼ਸਲਾਂ ‘ਤੇ ਐੱਮ.ਐੱਸ.ਪੀ. ਉਪਲਬਧ ਕਰਾਉਣ ਵਾਲਾ ਮੋਹਰੀ ਰਾਜ ਹੈ। ਇਸ ਦੇ ਨਾਲ ਹੀ ਭਾਵਾਂਤਰ ਭਰਪਾਈ ਯੋਜਨਾ, ‘ਮੇਰੀ ਫ਼ਸਲ-ਮੇਰਾ ਬਿਉਰਾ‘, ‘ਮੇਰਾ ਪਾਣੀ-ਮੇਰੀ ਵਿਰਾਸਤ‘ ਵਰਗੀਆਂ ਯੋਜਨਾਵਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਦਿਸ਼ਾ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਰਾਜਾਂ ਨੂੰ ਹਰਿਆਣਾ ਦੀਆਂ ਇਨ੍ਹਾਂ ਪਹਿਲਕਦਮੀਆਂ ਤੋਂ ਸਿੱਖਣ ਦੀ ਲੋੜ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਕੇਵਲ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਾਲਾ ਮੋਹਰੀ ਰਾਜ ਹੀ ਨਹੀਂ, ਸਗੋਂ ਖੇਤੀ ਕ੍ਰਾਂਤੀ ਦਾ ਮਜ਼ਬੂਤ ਕੇਂਦਰ ਵੀ ਹੈ। ਕਦੇ ਭਾਰਤ ਨੂੰ ਵਿਦੇਸ਼ਾਂ ਤੋਂ ਅਨਾਜ ਬਰਾਮਦ ਕਰਨਾ ਪੈਂਦਾ ਸੀ, ਪਰ ਅੱਜ ਹਰਿਆਣਾ ਵਰਗੇ ਰਾਜਾਂ ਦੇ ਕਿਸਾਨਾਂ ਦੀ ਮਿਹਨਤ ਕਾਰਨ ਦੇਸ਼ ਅਨਾਜ ਉਤਪਾਦਨ ਵਿੱਚ ਆਤਮ-ਨਿਰਭਰ ਬਣਿਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਕਿਸਾਨ ਦੇਸ਼ ਦੇ 140 ਕਰੋੜ ਨਾਗਰਿਕਾਂ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇੰਨਾ ਹੀ ਨਹੀਂ, ਸੂਬੇ ਦੇ ਨੌਜਵਾਨ ਸਰਹੱਦਾਂ ‘ਤੇ ਦੇਸ਼ ਦੀ ਰੱਖਿਆ ਕਰਨ ਅਤੇ ਖੇਡਾਂ ਵਿੱਚ ਭਾਰਤ ਦਾ ਮਾਣ ਵਧਾਉਣ ਵਿੱਚ ਵੀ ਮੋਹਰੀ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਾਸਤਵ ਵਿੱਚ ਖੇਤੀ, ਫੌਜੀ ਪਰੰਪਰਾ ਅਤੇ ਖੇਡ ਪ੍ਰਤਿਭਾ—ਤਿੰਨਾਂ ਖੇਤਰਾਂ ਵਿੱਚ ਪੂਰੇ ਦੇਸ਼ ਲਈ ਪ੍ਰੇਰਨਾ ਦਾ ਕੇਂਦਰ ਹੈ।
ਸੰਤੁਲਿਤ ਖਾਦ ਦੀ ਵਰਤੋਂ ਕਰਕੇ ਬਚਾਓ ਮਿੱਟੀ ਦੀ ਸਿਹਤ- ਇਹੀ ‘ਖੇਤ ਬਚਾਓ ਮੁਹਿੰਮ‘ ਦਾ ਮੂਲ ਉਦੇਸ਼ – ਸ੍ਰੀ ਸ਼ਿਵਰਾਜ ਸਿੰਘ ਚੌਹਾਨ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਲੋੜ ਅਨੁਸਾਰ ਹੀ ਸੰਤੁਲਿਤ ਮਾਤਰਾ ਵਿੱਚ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਯੂਰੀਆ ਅਤੇ ਡੀ.ਏ.ਪੀ. ਵਰਗੀਆਂ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਪੌਸ਼ਟਿਕ ਤੱਤਾਂ ਦਾ ਸੰਤੁਲਨ ਵਿਗੜ ਰਿਹਾ ਹੈ ਅਤੇ ਵਾਤਾਵਰਣ ‘ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਦੇ ਆਧਾਰ ‘ਤੇ ਖਾਦਾਂ ਦੀ ਵਰਤੋਂ ਕਰਨ, ਕੁਦਰਤੀ ਖੇਤੀ ਅਤੇ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਧਰਤੀ ਸਾਡੀ ਮਾਂ ਹੈ ਅਤੇ ਇਸ ਦੀ ਉਪਜਾਊ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਸਾਡੀ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ‘ਖੇਤ ਬਚਾਓ ਮੁਹਿੰਮ‘ ਅੱਜ ਖਤਮ ਨਹੀਂ ਹੋਈ ਹੈ, ਸਗੋਂ ਹੁਣ ਇਹ ਜਨ-ਜਨ ਦੀ ਮੁਹਿੰਮ ਬਣ ਕੇ ਖੇਤਾਂ ਤੱਕ ਪਹੁੰਚੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਪਜਾਊ ਜ਼ਮੀਨ ਅਤੇ ਖੁਸ਼ਹਾਲ ਖੇਤੀ ਦੀ ਨੀਂਹ ਮਜ਼ਬੂਤ ਕਰੇਗੀ।
ਹਰਿਆਣਾ ਦੇਸ਼ ਦੀ ਖੁਰਾਕ ਸੁਰੱਖਿਆ ਦੀ ਮਜ਼ਬੂਤ ਨੀਂਹ – ਸ੍ਰੀ ਨਾਇਬ ਸਿੰਘ ਸੈਣੀ
ਸਮਾਰੋਹ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭੂਗੋਲਿਕ ਤੌਰ ‘ਤੇ ਦੇਸ਼ ਦੇ ਕੁੱਲ ਖੇਤਰਫਲ ਦਾ ਮਾਤਰ 1.3 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਹਰਿਆਣਾ ਖੇਤੀਬਾੜੀ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਰੱਖਣ ਵਿੱਚ ਕਾਮਯਾਬ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਵਿੱਚ ਦੂਜਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਰਾਜ ਹੈ, ਜੋ ਸੂਬੇ ਦੇ ਕਿਸਾਨਾਂ ਦੀ ਮਿਹਨਤ, ਸਮਰਪਣ ਅਤੇ ਖੇਤੀਬਾੜੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਦੀ ਖੁਰਾਕ ਸੁਰੱਖਿਆ ਦੀ ਮਜ਼ਬੂਤ ਨੀਂਹ ਹੈ। ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ, ਖੇਤੀਬਾੜੀ ਵਾਲੀ ਜ਼ਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਅਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ, ਤਾਂ ਜੋ ਹਰਿਆਣਾ ਭਵਿੱਖ ਵਿੱਚ ਵੀ ਦੇਸ਼ ਦੀ ਅੰਨ ਸ਼ਕਤੀ ਵਜੋਂ ਆਪਣੀ ਮੋਹਰੀ ਭੂਮਿਕਾ ਨਿਭਾਉਂਦਾ ਰਹੇ।
‘ਹਰਿਆਣਾ ਐੱਫ.ਪੀ.ਓ. ਮਿਸ਼ਨ-2026′ ਨਾਲ ਕਿਸਾਨ ਸਸ਼ਕਤ ਹੋਣਗੇ, ਆਮਦਨ ਵਧੇਗੀ ਅਤੇ ਪੇਂਡੂ ਅਰਥਚਾਰੇ ਨੂੰ ਮਿਲੇਗੀ ਨਵੀਂ ਗਤੀ – ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਅੱਜ ਤੋਂ ‘ਹਰਿਆਣਾ ਐੱਫ.ਪੀ.ਓ. ਮਿਸ਼ਨ-2026′ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਸਸ਼ਕਤ ਅਤੇ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਹਰਿਆਣਾ ਵਿੱਚ ਖੇਤੀਬਾੜੀ, ਬਾਗਬਾਨੀ ਅਤੇ ਡੇਅਰੀ ਖੇਤਰਾਂ ਨਾਲ ਜੁੜੇ ਲਗਭਗ 775 ਕਿਸਾਨ ਉਤਪਾਦਕ ਸੰਗਠਨ ਸਰਗਰਮ ਹਨ। ਨਵੇਂ ਮਿਸ਼ਨ ਰਾਹੀਂ ਇਨ੍ਹਾਂ ਸੰਗਠਨਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਖੇਤੀਬਾੜੀ ਆਧਾਰਿਤ ਸਮੂਹਿਕ ਉੱਦਮਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਆਧੁਨਿਕ ਸਪਲਾਈ ਚੇਨ, ਮੁੱਲ ਵਾਧਾ, ਪ੍ਰੋਸੈਸਿੰਗ ਅਤੇ ਬਿਹਤਰ ਮਾਰਕੀਟਿੰਗ ਸਹੂਲਤਾਂ ਉਪਲਬਧ ਕਰਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਦਿਵਾਇਆ ਜਾਵੇਗਾ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ, ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਹਰਿਆਣਾ ਦੀ ਖੇਤੀਬਾੜੀ ਮੁੱਲ ਲੜੀ ਨੂੰ ਨਵੀਂ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ, ਕੁਦਰਤੀ ਸਰੋਤਾਂ ਦੀ ਸੰਭਾਲ ਹੀ ਭਵਿੱਖ ਦੀ ਖੁਸ਼ਹਾਲ ਖੇਤੀ ਦੀ ਨੀਂਹ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੂਮੀਗਤ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਅਤੇ ਜਲਵਾਯੂ ਪਰਿਵਰਤਨ ਕਾਰਨ ਮੌਸਮ ਦੀ ਅਨਿਸ਼ਚਿਤਤਾ ਵੀ ਵਧ ਰਹੀ ਹੈ। ਅਜਿਹੇ ਵਿੱਚ ਹਰਿਆਣਾ ਸਰਕਾਰ ਨੇ ਖੇਤੀ ਵਿਕਾਸ ਦਾ ਨਵਾਂ ਮੰਤਰ ਦਿੱਤਾ ਹੈ। ‘ਉਤਪਾਦਨ ਵੀ ਵਧੇ ਅਤੇ ਕੁਦਰਤੀ ਸਰੋਤ ਵੀ ਬਚਣ।‘ ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਅਜਿਹੀਆਂ ਖੇਤੀ ਪੱਧਤੀਆਂ ਅਪਣਾਈਆਂ ਜਾਣ, ਜੋ ਵਰਤਮਾਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਧਰਤੀ ਅਤੇ ਲੋੜੀਂਦੇ ਜਲ ਸਰੋਤ ਵੀ ਸੁਰੱਖਿਅਤ ਰੱਖਣ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਜਲ ਸੰਭਾਲ, ਮਿੱਟੀ ਦੀ ਸਿਹਤ, ਫ਼ਸਲ ਵਿਭਿੰਨਤਾ ਅਤੇ ਜਲਵਾਯੂ ਅਨੁਕੂਲ ਖੇਤੀ ਨੂੰ ਆਪਣੀ ਖੇਤੀ ਨੀਤੀ ਦਾ ਮੂਲ ਆਧਾਰ ਬਣਾਇਆ ਹੈ। ਰਸਾਇਣਕ ਖਾਦਾਂ ਦੀ ਅਸੰਤੁਲਿਤ ਵਰਤੋਂ ‘ਤੇ ਰੋਕ ਲਗਾਉਣ ਲਈ ‘ਹਰ ਖੇਤ ਸਵਸਥ ਖੇਤ‘ ਅਤੇ ‘ਮਿੱਟੀ ਸਿਹਤ ਕਾਰਡ‘ ਵਰਗੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿੱਟੀ ਦੀ ਜਾਂਚ ਕਰਵਾ ਕੇ ਵਿਗਿਆਨੀਆਂ ਦੀ ਸਲਾਹ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ।
ਹਰਿਆਣਾ ਵਿੱਚ ‘ਖੇਤ ਬਚਾਓ ਮੁਹਿੰਮ‘ ਨੂੰ ਮਿਲੇਗੀ ਨਵੀਂ ਗਤੀ- ਸ੍ਰੀ ਸ਼ਿਆਮ ਸਿੰਘ ਰਾਣਾ
ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ‘ਖੇਤ ਬਚਾਓ ਮੁਹਿੰਮ‘ ਨੂੰ ਸੂਬੇ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਕੇਵਲ ਇੱਕ ਮਹੀਨੇ ਦਾ ਪ੍ਰੋਗਰਾਮ ਨਹੀਂ, ਸਗੋਂ ਕਿਸਾਨਾਂ ਨੂੰ ਟਿਕਾਊ ਅਤੇ ਵਿਗਿਆਨਕ ਖੇਤੀ ਵੱਲ ਪ੍ਰੇਰਿਤ ਕਰਨ ਵਾਲਾ ਜਨ-ਅੰਦੋਲਨ ਹੈ। ਹਰਿਆਣਾ ਸਰਕਾਰ ਖੇਤੀ ਵਿਗਿਆਨੀਆਂ, ਖੇਤੀਬਾੜੀ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਪਿੰਡ-ਪਿੰਡ ਤੱਕ ਪਹੁੰਚਾ ਕੇ ਕਿਸਾਨਾਂ ਨੂੰ ਸੰਤੁਲਿਤ ਖਾਦ ਦੀ ਵਰਤੋਂ, ਮਿੱਟੀ ਦੀ ਸਿਹਤ ਸੰਭਾਲ, ਪਾਣੀ ਦੀ ਬੱਚਤ ਅਤੇ ਕੁਦਰਤੀ ਸਰੋਤਾਂ ਦੇ ਪ੍ਰਸਾਰ ਪ੍ਰਤੀ ਜਾਗਰੂਕ ਕਰੇਗੀ।
ਸ੍ਰੀ ਰਾਣਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਮਿੱਟੀ ਦੀ ਜਾਂਚ ਕਰਵਾ ਕੇ ਵਿਗਿਆਨਕ ਸਿਫਾਰਸ਼ਾਂ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਅਤੇ ਲੋੜ ਤੋਂ ਵੱਧ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਬਚਣ। ਉਨ੍ਹਾਂ ਨੇ ਕਿਹਾ ਕਿ ਸੰਤੁਲਿਤ ਖਾਦ ਦੀ ਵਰਤੋਂ ਨਾ ਕੇਵਲ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲ ਦੀ ਗੁਣਵੱਤਾ ਵਧਾਉਂਦੀ ਹੈ, ਸਗੋਂ ਉਤਪਾਦਨ ਲਾਗਤ ਘਟਾਉਣ, ਵਾਤਾਵਰਣ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੇਤੀਬਾੜੀ ਵਾਲੀ ਜ਼ਮੀਨ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਹਰਿਆਣਾ ਦੇ ਕਿਸਾਨ ਇਸ ਮੁਹਿੰਮ ਨੂੰ ਜਨ-ਭਾਗੀਦਾਰੀ ਦਾ ਅੰਦੋਲਨ ਬਣਾ ਕੇ ਹਰਿਆਣਾ ਨੂੰ ਟਿਕਾਊ ਅਤੇ ਖੁਸ਼ਹਾਲ ਖੇਤੀ ਦਾ ਮੋਹਰੀ ਰਾਜ ਬਣਾਉਣਗੇ।
ਖੇਤ ਬਚਾਓ ਮੁਹਿੰਮ ਦਾ ਸਮਾਪਤੀ ਨਹੀਂ, ਸਗੋਂ ਕਿਸਾਨਾਂ ਤੱਕ ਨਵੀਨਤਾ ਪਹੁੰਚਾਉਣ ਦੀ ਨਵੀਂ ਸ਼ੁਰੂਆਤ: ਡਾ. ਮੰਗੀਲਾਲ ਜਾਟ
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਮੰਗੀਲਾਲ ਜਾਟ ਨੇ ਕਿਹਾ ਕਿ 1 ਜੂਨ ਤੋਂ 30 ਜੂਨ ਤੱਕ ਚੱਲੀ ‘ਖੇਤ ਬਚਾਓ ਮੁਹਿੰਮ‘ ਦਾ ਸਮਾਪਤੀ ਅਸਲ ਵਿੱਚ ਇੱਕ ਨਵੀਂ ਸ਼ੁਰੂਆਤ ਹੈ। ਪਿਛਲੇ ਇੱਕ ਮਹੀਨੇ ਦੌਰਾਨ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਵਿਗਿਆਨਕ ਨਵੀਨਤਾਵਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਨੂੰ ਹੁਣ ਖੇਤਾਂ ਵਿੱਚ ਲਾਗੂ ਕਰਨ ਦਾ ਸਮਾਂ ਆ ਗਿਆ ਹੈ। ਡਾ. ਜਾਟ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੁਆਰਾ ਜ਼ਿਲ੍ਹਾ ਪੱਧਰ ‘ਤੇ ਫ਼ਸਲਾਂ ਦੀ ਲੋੜ ਅਨੁਸਾਰ ਖਾਦਾਂ ਦੀ ਵਿਗਿਆਨਕ ਵਰਤੋਂ ਸਬੰਧੀ ਯੋਜਨਾਵਾਂ ਤਿਆਰ ਕਰਕੇ ਰਾਜ ਸਰਕਾਰਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ ਅਤੇ ਕੁਦਰਤੀ ਅਤੇ ਸਥਾਨਕ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਹਰਿਆਣਾ ਦੀ ਖੇਤੀ ਨੂੰ ਸਾਲ 2047 ਤੱਕ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਰਾਜ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਦੁਹਰਾਇਆ।
ਅਗਾਂਹਵਧੂ ਕਿਸਾਨਾਂ ਨੂੰ ਕੀਤਾ ਸਨਮਾਨਿਤ
ਪ੍ਰੋਗਰਾਮ ਦੌਰਾਨ ਖੇਤੀਬਾੜੀ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਛੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਮਹਿੰਦਰਗੜ੍ਹ ਦੇ ਕਰਨ ਸਿੰਘ ਨੂੰ ਕੁਦਰਤੀ ਖੇਤੀ, ਰਿਵਾੜੀ ਦੇ ਵੇਦ ਪ੍ਰਕਾਸ਼ ਨੂੰ ਕੁਦਰਤੀ ਖੇਤੀ ਅਤੇ ਬਾਗਬਾਨੀ, ਮਹਿੰਦਰਗੜ੍ਹ ਦੀ ਬਨਾਰਸੀ ਦੇਵੀ ਨੂੰ ਸ੍ਰੀ ਅੰਨ ਉਤਪਾਦਨ ਅਤੇ ਮੁੱਲ ਵਾਧਾ, ਰਿਵਾੜੀ ਦੇ ਸੁਨੀਲ ਕੁਮਾਰ (ਵਿੱਕੀ ਯਾਦਵ) ਨੂੰ ਕੁਦਰਤੀ ਖੇਤੀ ਉਤਪਾਦਾਂ ਦੀ ਮਾਰਕੀਟਿੰਗ, ਰਿਵਾੜੀ ਦੇ ਰਾਜ ਕੁਮਾਰ ਨੂੰ ਸ਼ਹਿਦ ਮੱਖੀ ਪਾਲਣ ਅਤੇ ਝੱਜਰ ਦੇ ਸੰਦੀਪ ਕੁਮਾਰ ਨੂੰ ਕੁਦਰਤੀ ਖੇਤੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੇਂਦਰ ਕੁਮਾਰ, ਬਾਗਬਾਨੀ ਵਿਭਾਗ ਦੇ ਡਾਇਰੈਕਟਰ ਅਰਜੁਨ ਸਿੰਘ ਸੈਣੀ, ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਦੇ ਵਾਈਸ ਚਾਂਸਲਰ ਡਾ. ਐੱਸ.ਕੇ. ਮਲਹੋਤਰਾ, ਲੁਵਾਸ ਦੇ ਵਾਈਸ ਚਾਂਸਲਰ ਡਾ. ਵਿਨੋਦ ਵਰਮਾ, ਡੀਸੀ ਅਭਿਸ਼ੇਕ ਮੀਣਾ, ਪੁਲਿਸ ਸੁਪਰਡੈਂਟ ਹੇਮੇਂਦਰ ਮੀਣਾ, ਸਾਬਕਾ ਮੰਤਰੀ ਡਾ. ਬਨਵਾਰੀ ਲਾਲ, ਖੇਤੀਬਾੜੀ ਕਾਲਜ ਬਾਵਲ ਦੇ ਪ੍ਰਿੰਸੀਪਲ ਡਾ. ਨਰੇਸ਼ ਕੌਸ਼ਿਕ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।