
ਬਰਨਾਲਾ, 12 ਜੂਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਹਰ ਸਾਲ “ਗਣਤੰਤਰ ਦਿਵਸ” ਮੌਕੇ ਐਲਾਨ ਕੀਤੇ ਜਾਣ ਲਈ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਗਈ ਹੈ।
ਪਦਮ ਪੁਰਸਕਾਰ-2027 ਲਈ ਨਾਮਜ਼ਦਗੀਆਂ/ਸਿਫ਼ਾਰਸ਼ਾਂ 15 ਮਾਰਚ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਭੇਜਣ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਨਾਮਜ਼ਦਗੀਆਂ ਅਤੇ ਸਿਫ਼ਾਰਸ਼ਾਂ ਸਿਰਫ਼ ਆਨਲਾਈਨ ਰਾਸ਼ਟਰੀ ਪੁਰਸਕਾਰ ਪੋਰਟਲ ‘ਤੇ ਪ੍ਰਾਪਤ ਕੀਤੀਆਂ ਜਾਣਗੀਆਂ।
ਪਦਮ ਪੁਰਸਕਾਰ, ਜਿਨ੍ਹਾਂ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਸ਼ਾਮਲ ਹਨ, ਦੇਸ਼ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ। ਸਾਲ 1954 ਵਿੱਚ ਸ਼ੁਰੂ ਕੀਤੇ ਗਏ ਇਹ ਪੁਰਸਕਾਰ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਐਲਾਨੇ ਜਾਂਦੇ ਹਨ। ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਅਤੇ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕਰਨਾ ਹੈ।
ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਚਿਕਿਤਸਾ, ਸਮਾਜ ਸੇਵਾ, ਵਿਗਿਆਨ ਅਤੇ ਇੰਜੀਨੀਅਰਿੰਗ, ਲੋਕ ਮਾਮਲੇ, ਸਿਵਲ ਸੇਵਾਵਾਂ, ਵਪਾਰ ਅਤੇ ਉਦਯੋਗ ਆਦਿ ਸਮੇਤ ਸਾਰੇ ਖੇਤਰਾਂ ਵਿੱਚ ਵਿਲੱਖਣ ਅਤੇ ਅਸਾਧਾਰਣ ਪ੍ਰਾਪਤੀਆਂ ਜਾਂ ਸੇਵਾਵਾਂ ਲਈ ਦਿੱਤੇ ਜਾਂਦੇ ਹਨ। ਜਾਤੀ, ਪੇਸ਼ੇ, ਅਹੁਦੇ ਜਾਂ ਲਿੰਗ ਦੇ ਭੇਦਭਾਵ ਤੋਂ ਬਿਨਾਂ ਹਰ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਯੋਗ ਹੈ। ਹਾਲਾਂਕਿ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਸੰਸਥਾਵਾਂ ਵਿੱਚ ਕੰਮ ਕਰ ਰਹੇ ਕਰਮਚਾਰੀ, ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ, ਇਨ੍ਹਾਂ ਪੁਰਸਕਾਰਾਂ ਲਈ ਯੋਗ ਨਹੀਂ ਹਨ।
ਓਹਨਾਂ ਦੱਸਿਆ ਕਿ ਨਾਮਜ਼ਦਗੀਆਂ/ਸਿਫ਼ਾਰਸ਼ਾਂ ਵਿੱਚ ਪੋਰਟਲ ‘ਤੇ ਉਪਲਬਧ ਨਿਰਧਾਰਤ ਫਾਰਮੈਟ ਅਨੁਸਾਰ ਸਾਰੀ ਲੋੜੀਂਦੀ ਜਾਣਕਾਰੀ ਦੇਣੀ ਹੋਵੇਗੀ। ਇਸ ਵਿੱਚ ਵੱਧ ਤੋਂ ਵੱਧ 800 ਸ਼ਬਦਾਂ ਦਾ ਇੱਕ ਵਰਣਨਾਤਮਕ ਹਵਾਲਾ ਵੀ ਸ਼ਾਮਲ ਹੋਣਾ ਚਾਹੀਦਾ ਹੈ, ਜਿਸ ਵਿੱਚ ਸਿਫ਼ਾਰਸ਼ ਕੀਤੇ ਗਏ ਵਿਅਕਤੀ ਦੀਆਂ ਵਿਸ਼ੇਸ਼ ਅਤੇ ਅਸਾਧਾਰਣ ਪ੍ਰਾਪਤੀਆਂ ਜਾਂ ਸੇਵਾਵਾਂ ਦਾ ਸਪਸ਼ਟ ਵੇਰਵਾ ਹੋਵੇ।
ਇਸ ਸਬੰਧੀ ਹੋਰ ਜਾਣਕਾਰੀ ਗ੍ਰਹਿ ਮੰਤਰਾਲੇ ਦੀ ਵੈੱਬਸਾਈਟ ਦੇ “Awards and Medals” ਭਾਗ ਅਤੇ ਪਦਮ ਪੁਰਸਕਾਰ ਪੋਰਟਲ ‘ਤੇ ਉਪਲਬਧ ਹੈ। ਪੁਰਸਕਾਰਾਂ ਨਾਲ ਸੰਬੰਧਿਤ ਨਿਯਮ ਅਤੇ ਵਿਧਾਨ ਵੀ ਪਦਮ ਪੁਰਸਕਾਰ ਪੋਰਟਲ ‘ਤੇ ਵੇਖੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਨੇ ਬਹਾਦਰੀ ਭਰੇ ਕਾਰਜ ਕਰਕੇ ਦੂਜਿਆਂ ਲਈ ਮਿਸਾਲ ਕਾਇਮ ਕੀਤੀ ਹੋਵੇ, ਓਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਦਿੱਤਾ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਲਈ ਵਧੇਰੇ ਜਾਣਕਾਰੀ ਅਧਿਕਾਰਤ ਵੈੱਬਸਾਈਟ
https://awards.gov.in ਤੋਂ ਹਾਸਲ ਕੀਤੀ ਜਾ ਸਕਦੀ ਹੈ।