Shadow

ਮੁੱਖ ਮੰਤਰੀ ਨੇ ਬਾਗਬਾਨੀ ਖੇਤਰ ਵਿੱਚ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ ਲਈ ਖੋਲ੍ਹਿਆ ਐਲਾਨਾਂ ਦਾ ਪਿਟਾਰਾ

ਚੰਡੀਗੜ੍ਹ, 28 ਮਈ – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਬਾਗਬਾਨੀ ਖੇਤਰ ਵਿੱਚ ਨਵੀਨਤਾ ਨੂੰ ਪ੍ਰੋਤਸਾਹਨ ਦੇਣ ਲਈ ਐਲਾਨਾਂ ਦਾ ਪਿਟਾਰਾ ਖੋਲ੍ਹਦਿਆਂ ਕਿਹਾ ਕਿ ਪੋਸਟ ਹਾਰਵੈਸਟ ਮੈਨੇਜਮੈਂਟ, ਪੌਧ ਕੀਟ ਕੰਟਰੋਲ ਅਤੇ ਬੀਮਾਰੀਆਂ ਦੇ ਨਵੇਂ ਵਿਸ਼ਿਆਂ ‘ਤੇ ਵੀ ਮਾਸਟਰ ਡਿਗਰੀ ਅਤੇ ਪੀ.ਐੱਚ.ਡੀ. ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ 14 ਹੌਰਟੀਕਲਚਰ ਸਾਇੰਸ ਸੈਂਟਰ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਨੂੰ ਸਮਰਪਿਤ ਕੀਤੇ ਅਤੇ ਕਿਹਾ ਕਿ ਇਹ ਕੇਂਦਰ ਕਿਸਾਨਾਂ ਤੱਕ ਨਵੀਨਤਮ ਤਕਨੀਕਾਂ ਤੇ ਗੁਣਵੱਤਾਯੁਕਤ ਪੌਦ ਸਮੱਗਰੀ ਪਹੁੰਚਾਉਣ ਅਤੇ ਵਿਗਿਆਨਕ ਸਲਾਹ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਮੁੱਖ ਮੰਤਰੀ ਅੱਜ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਅਤੇ ਲੈਫਟੀਨੈਂਟ ਅਮਿਤ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਆਯੋਜਿਤ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਇਹ ਰਾਸ਼ਟਰੀ ਸੰਮੇਲਨ ‘ਅੰਮ੍ਰਿਤਕਾਲ ਵਿੱਚ ਬਾਗਬਾਨੀ ਫ਼ਸਲਾਂ ਲਈ ਗੁਣਵੱਤਾਯੁਕਤ ਬੀਜ ਅਤੇ ਰੋਪਣ ਸਮੱਗਰੀ ਦਾ ਰਣਨੀਤਕ ਪ੍ਰਤੀਮਾਨ’ ਵਿਸ਼ੇ ‘ਤੇ ਅਧਾਰਤ ਹੈ।

ਮੁੱਖ ਮੰਤਰੀ ਨੇ ਇਸ ਸਮਾਰੋਹ ਵਿੱਚ ਬਾਗਬਾਨੀ ਵਿਗਿਆਨੀਆਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਸ਼ੀਲਡ, ਸ਼ਾਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਸਮਾਰੋਹ ਵਿੱਚ ਬਾਗਬਾਨੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੁਮਾਰ ਮਲਹੋਤਰਾ ਨੇ ਮੁੱਖ ਮੰਤਰੀ, ਵਿਧਾਇਕਾਂ ਅਤੇ ਹੋਰ ਮਹਿਮਾਨਾਂ ਨੂੰ ਮਹਾਰਾਣਾ ਪ੍ਰਤਾਪ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ।

ਉਨ੍ਹਾਂ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਵਿਸ਼ਵ ਵਿੱਚ ਫਲਾਂ ਅਤੇ ਸਬਜ਼ੀਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਦੇਸ਼ ਵਿੱਚ ਹਰ ਸਾਲ ਲਗਭਗ 360 ਮਿਲੀਅਨ ਟਨ ਤੋਂ ਵੱਧ ਬਾਗਬਾਨੀ ਉਤਪਾਦਨ ਹੁੰਦਾ ਹੈ। ਅੱਜ ਭਾਰਤ ਅੰਬ, ਕੇਲਾ, ਅਮਰੂਦ, ਅਨਾਰ ਵਰਗੇ ਫਲਾਂ ਅਤੇ ਆਲੂ, ਪਿਆਜ਼ ਸਮੇਤ ਕਈ ਹੋਰ ਸਬਜ਼ੀਆਂ ਦੇ ਉਤਪਾਦਨ ਵਿੱਚ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ। ਪਰ, ਇਹ ਵੀ ਸੱਚ ਹੈ ਕਿ ਉਤਪਾਦਨ ਦੇ ਬਾਵਜੂਦ ਗੁਣਵੱਤਾ, ਗ੍ਰੇਡਿੰਗ, ਬੀਮਾਰੀ ਰਹਿਤ ਪੌਦ ਸਮੱਗਰੀ ਅਤੇ ਪੋਸਟ-ਹਾਰਵੈਸਟ ਮੈਨੇਜਮੈਂਟ ਦੀ ਘਾਟ ਕਾਰਨ ਸਾਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਦਾ ਨੀਂਹ ਪੱਥਰ ਖ਼ੁਦ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 9 ਦਸੰਬਰ, 2024 ਨੂੰ ਰੱਖਿਆ ਗਿਆ ਸੀ। ਇੰਨੇ ਘੱਟ ਸਮੇਂ ਵਿੱਚ ਇਸ ਯੂਨੀਵਰਸਿਟੀ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਅਸਾਧਾਰਨ ਹੈ। ਸਿੱਖਿਆ ਹੋਵੇ, ਖੋਜ ਹੋਵੇ ਜਾਂ ਕਿਸਾਨ ਸੇਵਾ, ਹਰ ਖੇਤਰ ਵਿੱਚ ਇਸ ਸੰਸਥਾ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇੱਥੇ ਵਿਕਸਤ ਤਕਨੀਕਾਂ, ਇੱਥੋਂ ਦੇ ਸਿਖਲਾਈ ਪ੍ਰੋਗਰਾਮ ਅਤੇ ਕਿਸਾਨਾਂ ਨਾਲ ਲਗਾਤਾਰ ਸੰਵਾਦ, ਇਹ ਸਭ ਮਿਲ ਕੇ ਹਰਿਆਣਾ ਦੀ ਬਾਗਬਾਨੀ ਕ੍ਰਾਂਤੀ ਨੂੰ ਇੱਕ ਨਵੀਂ ਊਰਜਾ, ਇੱਕ ਨਵੀਂ ਰਫ਼ਤਾਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਮੁੱਚੇ ਰਾਸ਼ਟਰ ਦੇ ਸਾਹਮਣੇ ‘ਵਿਕਸਤ ਭਾਰਤ 2047’ ਦਾ ਇੱਕ ਮਹਾਨ ਸੰਕਲਪ ਰੱਖਿਆ ਹੈ ਅਤੇ ਇਹ ਸੰਕਲਪ ਸਿਰਫ ਆਰਥਿਕ ਵਿਕਾਸ ਦਾ ਨਹੀਂ ਹੈ – ਇਹ ਆਤਮ-ਨਿਰਭਰ ਖੇਤੀ ਦਾ ਸੰਕਲਪ ਹੈ, ਪੋਸ਼ਣ ਸੁਰੱਖਿਆ ਦਾ ਸੰਕਲਪ ਹੈ, ਵਿਗਿਆਨਕ ਨਵੀਨਤਾ ਦਾ ਸੰਕਲਪ ਹੈ ਅਤੇ ਕਰੋੜਾਂ ਕਿਸਾਨਾਂ ਦੀ ਖੁਸ਼ਹਾਲੀ ਦਾ ਸੰਕਲਪ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਇਸ ਗੱਲ ਨੂੰ ਸਵੀਕਾਰ ਕਰ ਰਹੀ ਹੈ ਕਿ ਗੁਣਵੱਤਾਯੁਕਤ ਬੀਜ ਅਤੇ ਪੌਦ ਨਾਲ ਖੇਤੀਬਾੜੀ ਉਤਪਾਦਕਤਾ ਵਿੱਚ 15 ਤੋਂ 25 ਫੀਸਦੀ ਤੱਕ ਵਾਧਾ ਸੰਭਵ ਹੈ। ਇਸ ਲਈ ਗੁਣਵੱਤਾਯੁਕਤ ਪੌਦ ਸਮੱਗਰੀ, ਵਿਗਿਆਨਕ ਪ੍ਰਬੰਧਨ ਅਤੇ ਆਧੁਨਿਕ ਸਪਲਾਈ ਚੇਨ ‘ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਅਤੇ ਵਿਗਿਆਨੀਆਂ ਦੀ ਖੋਜ ਨੇ ਦੇਸ਼ ਨੂੰ ਅਨਾਜ ਵਿੱਚ ਆਤਮ-ਨਿਰਭਰ ਬਣਾਇਆ ਹੈ। ਪਰ, ਅੱਜ ਸਮੇਂ ਦੀ ਮੰਗ ਬਦਲ ਰਹੀ ਹੈ। ਛੋਟੀਆਂ ਜ਼ਮੀਨੀ ਜੋਤਾਂ, ਘਟਦੇ ਪਾਣੀ ਦੇ ਪੱਧਰ, ਜਲਵਾਯੂ ਪਰਿਵਰਤਨ ਅਤੇ ਵਧਦੀਆਂ ਲਾਗਤਾਂ ਦੇ ਵਿਚਕਾਰ ਕੇਵਲ ਰਵਾਇਤੀ ਖੇਤੀ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਸੰਭਵ ਨਹੀਂ ਹੈ। ਇਸ ਲਈ ਫ਼ਸਲੀ ਵਿਭਿੰਨਤਾ ਅਤੇ ਬਾਗਬਾਨੀ ਅਧਾਰਤ ਖੇਤੀ ਮਾਡਲ, ਭਵਿੱਖ ਵਿੱਚ ਕਿਸਾਨਾਂ ਦੀ ਖੁਸ਼ਹਾਲੀ ਦਾ ਰਸਤਾ ਬਣ ਕੇ ਉੱਭਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਗਬਾਨੀ ਖੇਤਰ ਵਿੱਚ ਕਿਸਾਨਾਂ ਦੇ ਹਿੱਤ ਲਈ ਅਨੇਕਾਂ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਸਾਲ 2030 ਤੱਕ ਬਾਗਬਾਨੀ ਖੇਤਰ ਨੂੰ ਦੁੱਗਣਾ ਅਤੇ ਉਤਪਾਦਨ ਨੂੰ ਤਿੰਨ ਗੁਣਾ ਕਰਨ ਦਾ ਟੀਚਾ ਰੱਖਿਆ ਹੈ। ਬਾਗਬਾਨੀ ਲਈ ਸੂਬੇ ਵਿੱਚ 13 ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਅਤੇ ਫਲਾਂ ਲਈ ‘ਭਾਵੰਤਰ ਭਰਪਾਈ ਯੋਜਨਾ’ ਵਿੱਚ 21 ਬਾਗਬਾਨੀ ਫ਼ਸਲਾਂ ਦੇ ਸੁਰੱਖਿਅਤ ਮੁੱਲ ਨਿਰਧਾਰਤ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਤੀ ਸਾਲ ਦੇ ਬਜਟ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਮਾਰਟ ਬਾਗਬਾਨੀ ਤਕਨੀਕਾਂ ਜਿਵੇਂ ਕਿ ਸੁਰੱਖਿਅਤ ਖੇਤੀ (ਪ੍ਰੋਟੈਕਟਿਡ ਫਾਰਮਿੰਗ), ਐਰੋਪੋਨਿਕਸ, ਹਾਈਡਰੋਪੋਨਿਕਸ, ਗ੍ਰੀਨ ਹਾਊਸ, ਵਰਟੀਕਲ ਫਾਰਮਿੰਗ ਅਤੇ ਈ-ਪੈਸਟ ਦੇ ਅਧੀਨ ਕੁੱਲ 1,000 ਏਕੜ ਰਕਬੇ ਨੂੰ ਲਿਆਉਣ ਦੀ ਵਿਵਸਥਾ ਵੀ ਕੀਤੀ ਹੈ। ਸੂਬੇ ਵਿੱਚ ਪੇਂਡੂ ਹਾਟ ਮੰਡੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਕਿਸਾਨ ਉਤਪਾਦਕ ਸੰਗਠਨਾਂ ਦੇ ਪੈਕ ਹਾਊਸਾਂ ਨਾਲ ਲਿੰਕ ਕੀਤਾ ਜਾਵੇਗਾ। ਪਹਿਲੀ ਪੇਂਡੂ ਹਾਟ ਮੰਡੀ ਦਾ ਉਦਘਾਟਨ ਕਿਸਾਨ ਦਿਵਸ ਦੇ ਮੌਕੇ ‘ਤੇ 23 ਦਸੰਬਰ, 2026 ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2026-27 ਵਿੱਚ ਬਾਗਬਾਨੀ ਫ਼ਸਲਾਂ ਦੀ ਰਜਿਸਟ੍ਰੇਸ਼ਨ ਲਈ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਨੂੰ ਪੂਰਾ ਸਾਲ ਚਲਾਇਆ ਜਾਵੇਗਾ। ਇੱਕ ਕੋਲਡ ਚੇਨ ਨੀਤੀ ਲਾਗੂ ਕਰਕੇ ਭੰਡਾਰਨ, ਕੀਮਤ ਸਥਿਰਤਾ ਅਤੇ ਨਿਰਯਾਤ ਵਿੱਚ ਵਾਧਾ ਲਿਆਉਣ ਦਾ ਪ੍ਰਸਤਾਵ ਵੀ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਟਿਸ਼ੂ ਕਲਚਰ ਰਾਹੀਂ ਪੈਦਾ ਕੀਤੇ ਗਏ ਆਲੂ ਦੇ ਬੀਜ ਦੀ ਲੜੀ ਦਾ ਪ੍ਰਮਾਣੀਕਰਨ ਕਰਨ ਲਈ ਇੱਕ ‘ਹਰਿਆਣਾ ਆਲੂ ਬੀਜ ਐਕਟ’ ਲਿਆਇਆ ਜਾਵੇਗਾ। ਇਸ ਐਕਟ ਰਾਹੀਂ ਹਰ ਸਾਲ ਲਗਭਗ 7.5 ਲੱਖ ਕੁਇੰਟਲ ਉੱਚ ਗੁਣਵੱਤੀਯੁਕਤ ਬੀਜ ਆਲੂ ਦਾ ਉਤਪਾਦਨ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੋਨੀਪਤ, ਪਾਣੀਪਤ, ਅੰਬਾਲਾ, ਕਰਨਾਲ ਅਤੇ ਕੁਰੂਕਸ਼ੇਤਰ ਮਸ਼ਰੂਮ ਉਤਪਾਦਨ ਵਿੱਚ ਮੋਹਰੀ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਮਸ਼ਰੂਮ ਉਤਪਾਦਨ ਅਤੇ ਮੁੱਲ ਸੰਵਰਧਨ (ਵੈਲਯੂ ਐਡੀਸ਼ਨ) ਨੂੰ ਵਿਆਪਕ ਪੱਧਰ ‘ਤੇ ਹੋਰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਬਾਗਬਾਨੀ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਨਾਲ ਸਬੰਧਤ ਰੀਜਨਲ ਰਿਸਰਚ ਸੈਂਟਰ ਦੀ ਸਥਾਪਨਾ ਅੰਬਾਲਾ ਦੇ ਚਾਣਸੌਲੀ ਵਿੱਚ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਜਿਹੇ ਬੀਜ ਅਤੇ ਪੌਦ ਸਮੱਗਰੀ ਵਿਕਸਤ ਕਰਨੀ ਪਵੇਗੀ ਜੋ ਘੱਟ ਪਾਣੀ ਵਿੱਚ ਵੱਧ ਉਤਪਾਦਨ ਦੇਣ, ਬੀਮਾਰੀ ਪ੍ਰਤੀਰੋਧਕ ਹੋਣ, ਵਧੇਰੇ ਪੌਸ਼ਟਿਕ ਹੋਣ ਅਤੇ ਬਦਲਦੇ ਕਲਾਈਮੇਟ ਅਨੁਕੂਲ ਹੋਣ। ਉਨ੍ਹਾਂ ਕਿਹਾ ਕਿ ਖੇਤੀ ਵਿਗਿਆਨੀ ਇਸ ਦਿਸ਼ਾ ਵਿੱਚ ਸ਼ਾਨਦਾਰ ਕੰਮ ਕਰ ਵੀ ਰਹੇ ਹਨ। ਟਿਸ਼ੂ ਕਲਚਰ, ਮਾਈਕਰੋ-ਪ੍ਰੋਪੇਗੇਸ਼ਨ, ਜਰਮਪਲਾਜ਼ਮ ਸੁਰੱਖਿਆ, ਵਾਇਰਸ-ਮੁਕਤ ਪਲਾਂਟਿੰਗ ਮਟੀਰੀਅਲ, ਹਾਈ-ਯੀਲਡਿੰਗ ਵੈਰਾਇਟੀ ਅਤੇ ਜੈਵਿਕ ਪੌਦ ਸੁਰੱਖਿਆ ਤਕਨੀਕਾਂ ‘ਤੇ ਲਗਾਤਾਰ ਖੋਜ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ, ਫਾਰਮੇਸੀ ਸੈਂਸਰ ਟੈਕਨਾਲੋਜੀ ਅਤੇ ਬਾਇਓਟੈਕਨਾਲੋਜੀ ਬਾਗਬਾਨੀ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਾਲੇ ਹਨ। ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਨ੍ਹਾਂ ਤਕਨੀਕਾਂ ਦਾ ਲਾਭ ਕੇਵਲ ਪ੍ਰਯੋਗਸ਼ਾਲਾਵਾਂ ਤੱਕ ਹੀ ਸੀਮਤ ਨਾ ਰਹੇ, ਬਲਕਿ ਆਖਰੀ ਲਾਈਨ ਵਿੱਚ ਖੜ੍ਹੇ ਆਖਰੀ ਕਿਸਾਨ ਤੱਕ ਪਹੁੰਚੇ। ਕਿਸਾਨ ਉਦੋਂ ਹੀ ਖੁਸ਼ਹਾਲ ਹੋਵੇਗਾ ਜਦੋਂ ਉਸ ਨੂੰ ਗੁਣਵੱਤਾਯੁਕਤ ਬੀਜ ਅਤੇ ਪੌਦ ਸਮੱਗਰੀ ਸਮੇਂ ਸਿਰ ਅਤੇ ਵਾਜਬ ਕੀਮਤ ‘ਤੇ ਉਪਲਬਧ ਹੋਵੇਗੀ।

ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੂੰ ਗਲੋਬਲ ਬਾਗਬਾਨੀ ਨਿਰਯਾਤ ਸ਼ਕਤੀ ਬਣਨਾ ਹੈ ਤਾਂ ਸਾਨੂੰ ਉਤਪਾਦਨ ਦੇ ਨਾਲ-ਨਾਲ ਗੁਣਵੱਤਾ ‘ਤੇ ਵੀ ਧਿਆਨ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਰਾਸ਼ਟਰੀ ਸੰਮੇਲਨ ਵਿੱਚ ਹੋਣ ਵਾਲਾ ਵਿਚਾਰ-ਵਟਾਂਦਰਾ ਦੇਸ਼ ਦੀ ਬਾਗਬਾਨੀ ਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ, ਖੋਜ ਨੂੰ ਨਵੀਂ ਉਚਾਈ ਦੇਵੇਗਾ ਅਤੇ ਕਰੋੜਾਂ ਕਿਸਾਨਾਂ ਦੇ ਹਿੱਤ ਵਿੱਚ ਨਵੇਂ ਦਰਵਾਜੇ ਖੋਲ੍ਹੇਗਾ। ਇੱਥੋਂ ਜੋ ਸੰਕਲਪ ਨਿਕਲੇਗਾ – ਉਹ ਸੰਕਲਪ ਕੇਵਲ ਇਸ ਹਾਲ ਤੱਕ ਸੀਮਤ ਨਹੀਂ ਰਹੇਗਾ, ਉਹ ਦੇਸ਼ ਦੇ ਖੇਤਾਂ-ਖਲਿਹਾਨਾਂ ਤੱਕ ਪਹੁੰਚੇਗਾ, ਕਿਸਾਨ ਦੇ ਜੀਵਨ ਵਿੱਚ ਬਦਲਾਅ ਲਿਆਵੇਗਾ।

ਇਸ ਮੌਕੇ ਮਹਾਰਾਣਾ ਪ੍ਰਤਾਪ ਹੌਰਟੀਕਲਚਰ ਯੂਨੀਵਰਸਿਟੀ ਕਰਨਾਲ ਦੇ ਵਾਇਸ ਚਾਂਸਲਰ ਪ੍ਰੋ. ਸੁਰੇਸ਼ ਮਲਹੋਤਰਾ ਨੇ ਮੁੱਖ ਮਹਿਮਾਨ ਸ਼੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ। ਇਸ ਮੌਕੇ ਏ.ਐਸ.ਆਰ.ਬੀ. ਦੇ ਚੇਅਰਮੈਨ ਡਾ. ਸੰਜੇ ਕੁਮਾਰ, ਭਾਰਤੀ ਉਦਿਆਨਿਕੀ ਸੰਘ ਪਰਿਸੰਘ (ਚਾਹ) ਡਾ. ਐਚ.ਪੀ. ਸਿੰਘ, ਡਾ. ਪਾਠਕ ਨੇ ਵੀ ਆਪਣੇ ਵਿਚਾਰ ਰੱਖੇ।

ਸਮਾਰੋਹ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸੈਣੀ ਵੱਲੋਂ ਵੀ.ਐਨ.ਐਮ.ਕੇ.ਵੀ. ਪਰਭਣੀ (ਮਹਾਰਾਸ਼ਟਰ) ਦੇ ਵਾਇਸ ਚਾਂਸਲਰ ਪ੍ਰੋ. ਇੰਦਰ ਮਣੀ ਮਿਸ਼ਰਾ ਨੂੰ ਲਾਈਫ ਟਾਈਮ ਰਿਕਗਨੀਸ਼ਨ ਅਵਾਰਡ-2026, ਕਾਵੇਰੀ ਯੂਨੀਵਰਸਿਟੀ ਤੇਲੰਗਾਨਾ ਦੇ ਵਾਇਸ ਚਾਂਸਲਰ ਪ੍ਰੋ. ਵੀ. ਪ੍ਰਵੀਨ ਰਾਓ ਨੂੰ ਅਮਿਤ ਕ੍ਰਿਸ਼ੀ ਰਿਸ਼ੀ ਪੁਰਸਕਾਰ-2026, ਏ.ਐੱਸ.ਆਰ.ਬੀ. ਦੇ ਚੇਅਰਮੈਨ ਡਾ. ਸੰਜੇ ਕੁਮਾਰ ਨੂੰ ਅਮਿਤ ਪ੍ਰਬੁੱਧ ਮਨੀਸ਼ੀ ਪੁਰਸਕਾਰ-2026 ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੇ ਨਾਲ ਹੀ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਉਦਿਆਨ ਰਤਨ ਪੁਰਸਕਾਰ-2026 ਨਾਲ ਨਿਤਿਨ ਲਲਿਤ (ਇਨੋਵੇਟਿਵ ਸਜਾਵਟੀ ਬਾਗਬਾਨੀ ਉਦਮੀ, ਕਰਨਾਲ), ਨਵੀਨ ਕੁਮਾਰ (ਅਗਾਂਹਵਧੂ ਸਬਜ਼ੀ ਉਤਪਾਦਕ, ਦਲਵਾ, ਝੱਜਰ), ਵੀਰੇਂਦਰ ਬਾਜਵਾਨ (ਇਨੋਵੇਟਿਵ ਮਸ਼ਰੂਮ ਉਤਪਾਦਕ, ਬਾਜਵਾਨ, ਬੜਿਆਲ, ਪੰਚਕੂਲਾ) ਅਤੇ ਕੁਲਦੀਪ ਆਰੀਆ (ਅਗਾਂਹਵਧੂ ਫਲ ਅਤੇ ਸਬਜ਼ੀ ਉਤਪਾਦਕ, ਨਾਰਨੌਦ, ਹਾਂਸੀ) ਨੂੰ ਸਨਮਾਨਿਤ ਕੀਤਾ।

ਇਸ ਮੌਕੇ ਇੰਦਰੀ ਦੇ ਵਿਧਾਇਕ ਅਤੇ ਚੀਫ਼ ਵਿਹਪ ਸ਼੍ਰੀ ਰਾਮਕੁਮਾਰ ਕਸ਼ਯਪ, ਨੀਲੋਖੇੜੀ ਦੇ ਵਿਧਾਇਕ ਸ਼੍ਰੀ ਭਗਵਾਨਦਾਸ ਕਬੀਰਪੰਥੀ, ਕਰਨਾਲ ਦੇ ਵਿਧਾਇਕ ਸ਼੍ਰੀ ਜਗਮੋਹਨ ਆਨੰਦ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

Leave a Reply

Your email address will not be published. Required fields are marked *