Shadow

ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵਲੋਂ ਪੰਜਾਬ ਸਰਕਾਰ ਦੀ ’ਮੇਰੀ ਰਸੋਈ’ ਯੋਜਨਾ ਦੀ ਹੁਸ਼ਿਆਰਪੁਰ ’ਚ ਸ਼ੁਰੂਆਤ

ਹੁਸ਼ਿਆਰਪੁਰ, 22 ਮਈ : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਸਥਾਨਕ ਵਾਰਡ ਨੰਬਰ 21 ਅਤੇ 26 ਵਿਚ ਪੰਜਾਬ ਸਰਕਾਰ ਦੀ ’ਮੇਰੀ ਰਸੋਈ’ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਲੋਕ ਭਲਾਈ ਦੇ ਕਾਰਜਾਂ ਤਹਿਤ ਇਹ ਇਕ ਇਤਿਹਾਸਕ ਪਹਿਲਕਦਮੀ ਹੈ ਜਿਸ ਤਹਿਤ ਸੂਬੇ ਦੇ ਕਰੀਬ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

                ਲਾਭਪਾਤਰੀਆਂ ਨੂੰ ’ਮੇਰੀ ਰਸੋਈ’ ਯੋਜਨਾ ਤਹਿਤ ਰਾਸ਼ਨ ਕਿੱਟਾਂ ਵੰਡਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਉਪਰਾਲਾ ਲੋੜਵੰਦ ਪਰਿਵਾਰਾਂ ਦੇ ਰਸੋਈ ਦੇ ਵਿੱਤੀ ਬੋਝ ਨੂੰ ਘੱਟ ਕਰਨ ਵਿਚ ਵਰਦਾਨ ਸਾਬਤ ਹੋਵੇਗਾ ਕਿਉਂਕਿ ਰਾਸ਼ਨ ਕਿੱਟ ਵਿਚ 2 ਕਿਲੋ ਛੋਲਿਆਂ ਦੀ ਦਾਲ, 2 ਕਿਲੋ ਖੰਡ, 1 ਕਿਲੋ ਲੂਣ, 200 ਗ੍ਰਾਮ ਹਲਦੀ ਅਤੇ 1 ਲਿਟਰ ਸਰੋਂ ਦਾ ਤੇਲ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ’ਮੇਰੀ ਰਸੋਈ’ ਯੋਜਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਭਲਾਈ ਦੇ ਕਾਰਜ ਅਤੇ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ ਜਿਸ ਵਿਚ ਮੁਫ਼ਤ ਬਿਜਲੀ, ਮਿਆਰੀ ਸਿਹਤ ਸੇਵਾਵਾਂ, ਉਚ ਪੱਧਰੀ ਸਿੱਖਿਆ, ਮਹਿਲਾਵਾਂ ਦੀ ਭਲਾਈ ਲਈ ਸਕੀਮਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਯੋਜਨਾ ਦੇ ਹਰੇਕ ਲਾਭਪਾਤਰੀ ਪਰਿਵਾਰ ਨੂੰ ਹਰ ਤਿੰਨ ਮਹੀਨਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਰਾਸ਼ਨ ਕਿੱਟ ਮਿਲੇਗੀ ਜਿਸ ਵਿੱਚ ਸਰ੍ਹੋਂ ਦਾ ਤੇਲ, ਦਾਲ, ਖੰਡ, ਲੂਣ, ਹਲਦੀ ਅਤੇ ਘਰੇਲੂ ਰਸੋਈ ਚਲਾਉਣ ਲਈ ਲੋੜੀਂਦੀਆਂ ਹੋਰ ਜ਼ਰੂਰੀ ਵਸਤਾਂ ਹੋਣਗੀਆਂ।

                ਵਿਧਾਇਕ ਬ੍ਰਮ ਸ਼਼ੰਕਰ ਜਿੰਪਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲੋਕਾਂ ਦਾ ਵਿੱਤੀ ਬੋਝ ਘਟਾਉਣ ਲਈ ਲਗਾਤਾਰ ਯਤਨ ਜਾਰੀ ਹਨ ਜਿਸ ਦੇ ਸਾਰਥਿਕ ਸਿੱਟੇ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਲਗਭਗ 90 ਫੀਸਦੀ ਘਰਾਂ ਨੂੰ ਹੁਣ ਜ਼ੀਰੋ ਬਿਜਲੀ ਬਿੱਲ ਮਿਲ ਰਹੇ ਹਨ, ਜਿਸ ਨਾਲ ਪਰਿਵਾਰਾਂ ਨੂੰ ਪੈਸੇ ਬਚਾਉਣ ਅਤੇ ਘਰੇਲੂ ਖਰਚੇ ਚਲਾਉਣ ਵਿੱਚ ਕਾਫ਼ੀ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 2.20 ਲੱਖ ਤੋਂ ਵੱਧ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਅਤੇ ਇਹ ਸਕੀਮ ਉਨ੍ਹਾ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਯੋਜਨਾ ਤਹਿਤ 900 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਤਾਂ ਜੋ ਲੋਕਾਂ ਨੂੰ ਹਰ ਤਿਮਾਹੀ ਪੋਸ਼ਣ ਨਾਲ ਭਰਪੂਰ ਰਾਸ਼ਨ ਕਿੱਟ ਮੁਹੱਈਆ ਕਰਵਾਈ ਜਾ ਸਕੇ।

                ਇਸ ਮੌਕੇ ਵਿਧਾਇਕ ਜਿੰਪਾ ਨੇ ਲੋੜਵੰਦ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਸਕੀਮ ਦੀ ਸਲਾਹੁਤਾ ਕਰਦਿਆਂ ਕਿਹਾ ਕਿ ’ਮੇਰੀ ਰਸੋਈ’ ਯੋਜਨਾ ਉਨ੍ਹਾਂ ਦੇ ਰਸੋਈ ਦੇ ਖਰਚਿਆਂ ਨੂੰ ਘਟਾਵੇਗੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਮੇਅਰ ਪ੍ਰਵੀਨ ਸੈਣੀ, ਮਨਜੋਤ ਕੌਰ, ਹਰਮਿੰਦਰ ਸਿੰਘ ਗੋਪੀ, ਹਰਵਿੰਦਰ ਸਿੰਘ ਹੈਰੀ, ਸਤਵੰਤ ਸਿੰਘ ਸਿਆਣ, ਕੁਲਵਿੰਦਰ ਸਿੰਘ ਹੁੰਦਲ, ਜਸਵੰਤ ਰਾਏ ਕਾਲਾ, ਮਨਜੀਤ ਸਿੰਘ, ਲਖਬੀਰ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *