ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ

ਫ਼ਰੀਦਕੋਟ 22 ਫ਼ਰਵਰੀ,2024

ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ  ਅਤੇ ਸ. ਹਰਜੋਤ ਸਿੰਘ ਬੈਂਸ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਅਤੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ  ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਮਾਤ ਭਾਸ਼ਾ: ਸਮਰੱਥਾ ਅਤੇ ਸੰਭਾਵਨਾਵਾਂ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰੋ. ਪਰਮਜੀਤ ਸਿੰਘ ਢੀਂਗਰਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।

ਪ੍ਰੋ. ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਪ੍ਰੋ.ਪ੍ਰੇਮ ਪਾਲੀ ਅਤੇ ਪ੍ਰਸਿੱਧ ਗਜ਼ਲਗੋ ਅਤੇ ਭਾਰਤੀ ਸਾਹਿਤ ਅਕੈਡਮੀ ਦੇ ਮੈਂਬਰ ਬੂਟਾ ਸਿੰਘ ਚੌਹਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ, ਪ੍ਰੋ. ਰਜੇਸ਼ ਕੁਮਾਰ ਖਣਗਵਾਲ, ਪ੍ਰਿੰਸੀਪਲ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ, ਪ੍ਰੋ. ਮੰਜੂ ਕੁਪੂਰ ਇੰਚਾਰਜ ਪ੍ਰਿੰਸੀਪਲ, ਸਰਕਾਰੀ ਕਾਲਜ ਆਫ ਐਜੂਕੇਸ਼ਨ ਫ਼ਰੀਦਕੋਟ,  ਪ੍ਰੋ. ਕੁਲਵਿੰਦਰ ਕੌਰ, ਮੁਖੀ ਪੰਜਾਬੀ ਵਿਭਾਗ, ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ , ਕੰਵਰਜੀਤ ਸਿੰਘ ਸਿੱਧੂ, ਖੋਜ ਅਫ਼ਸਰ ਜਿਲਾ ਭਾਸ਼ਾ ਦਫ਼ਤਰ ਫ਼ਰੀਦਕੋਟ ਅਤੇ ਪ੍ਰੋ. ਕੰਵਲਦੀਪ ਸਿੰਘ ਵੀ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ।

ਪ੍ਰੋਗਰਾਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਰਾਹੀਂ ਕੀਤੀ ਗਈ। ਉਪਰੰਤ ਸ. ਕੰਵਰਜੀਤ ਸਿੰਘ ਸਿੱਧੂ ਖੋਜ ਅਫ਼ਸਰ ਜ਼ਿਲ੍ਹਾ ਭਾਸ਼ਾ ਦਫਤਰ ਫਰੀਦਕੋਟ ਵੱਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਭਾਸ਼ਾ ਵਿਭਾਗ ਦੀਆਂ ਸਰਗਰਮੀਆਂ ਦਾ ਸੰਖੇਪ ਵੇਰਵਾ ਸਾਂਝਾ ਕੀਤਾ ਗਿਆ।  ਪ੍ਰੋ.ਪਰਮਜੀਤ ਸਿੰਘ ਢੀਂਗਰਾ ਹੋਰਾਂ ਨੇ ਆਪਣੇ ਲੈਕਚਰ ਵਿੱਚ ਕਿਹਾ ਕਿ ਅਜੋਕੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਦੌਰ ਵਿੱਚ ਮਨੁੱਖੀ ਹੋਂਦ ਅਤੇ ਸਵੈਮਾਨ ਨੂੰ ਬਚਾਉਣ ਦਾ ਇੱਕੋ ਇੱਕ ਜ਼ਰੀਆ ਮਾਤ-ਭਾਸ਼ਾ ਹੈ। ਮਾਤ-ਭਾਸ਼ਾ ਨੂੰ ਜੇਕਰ ਅਸੀਂ ਜਿਉਂਦਾ ਰੱਖਣਾ ਹੈ ਤਾਂ ਸਾਨੂੰ ਇਹ ਟੈਕਨਾਲੋਜੀ ਦੇ ਹਾਣ ਦੀ ਕਰਨੀ ਪਵੇਗੀ। ਟਿੱਪਣੀ ਕਾਰ ਵਜੋਂ ਪ੍ਰੋ. ਪ੍ਰੇਮ ਪਾਲੀ ਹੋਰਾਂ ਨੇ ਕਿਹਾ ਹੋਰ ਭਾਸ਼ਾਵਾਂ ਮਾਤ-ਭਾਸ਼ਾ ਦੇ ਰਸਤੇ ਵਿੱਚ ਅੜਿਕਾ ਨਹੀਂ ਬਣਦੀਆਂ ਸਗੋਂ ਬੰਦੇ ਨੂੰ ਹੋਰ ਸਮਰੱਥ ਬਣਾਉਂਦੀਆਂ ਹਨ।  ਪ੍ਰੋ. ਸਾਧੂ ਸਿੰਘ ਹੋਰਾਂ ਨੇ ਕਿਹਾ ਮਾਤ ਭਾਸ਼ਾ ਪ੍ਰਤੀ ਸਾਡੀ ਸੁਹਿਰਦ ਮੁਹੱਬਤ ਹੀ ਇਸ ਨੂੰ ਜਿਉਂਦਾ ਰੱਖ ਸਕਦੀ ਹੈ। ਬੂਟਾ ਸਿੰਘ ਚੌਹਾਨ ਹੋਰਾਂ ਨੇ ਜਿੱਥੇ ਆਪਣੀਆਂ ਗਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਸ਼ਰਸਾਰ ਕੀਤਾ ਉੱਥੇ ਉਹਨਾਂ ਨੇ ਮਾਤ-ਭਾਸ਼ਾ ਪ੍ਰਤੀ ਪ੍ਰਤੀਬੱਧ ਰਹਿਣ ਦੀ ਅਪੀਲ ਵੀ ਕੀਤੀ। ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਨੇ ਕਿਹਾ ਕਿ ਜ਼ਿਸ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੀ ਅਗਵਾਈ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਕਰਦਾ ਰਹੇਗਾ।

ਇਸ ਮੌਕੇ ਤੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਕਨੇਡਾ ਵੱਲੋਂ ਜਾਰੀ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਦਾ ਕੈਲੰਡਰ ਜਾਰੀ ਕੀਤਾ ਗਿਆ। ਕਲੰਡਰ ਸਬੰਧੀ ਜਾਣਕਾਰੀ ਦਿੰਦਿਆਂ ਇਸ ਪ੍ਰੋਜੈਕਟ ਦੀ ਸੰਪਾਦਕਾ ਪਰਮਜੀਤ ਕੌਰ ਸਰਾਂ ਨੇ ਦੱਸਿਆ ਕਿ ਇਸ ਵਿੱਚ 18 ਸਾਲ ਤੱਕ ਦੇ ਵਿਦਿਆਰਥੀ ਜਾਂ ਬੱਚੇ ਆਪਣੀਆਂ ਲਿਖਤਾਂ ਭੇਜ ਸਕਦੇ ਹਨ ਜੋ ਕਿ ਕਿਤਾਬ ਦੇ ਰੂਪ ਵਿੱਚ ਛਾਪੀਆਂ ਜਾਣਗੀਆਂ।

ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਡਾ. ਰਾਜੇਸ਼ ਮੋਹਨ, ਮੁਖੀ ਸੰਗੀਤ ਵਿਭਾਗ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਦੀ ਅਗਵਾਈ ਵਿੱਚ ਸੁਰ-ਆਂਗਣ ਵੱਲੋਂ ਲੋਕ-ਗੀਤ ਗਾਇਨ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ।

ਅੰਤ ਵਿੱਚ ਪ੍ਰਿੰਸੀਪਲ ਰਾਜੇਸ਼ ਕੁਮਾਰ ਖਣਗਵਾਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਲਈ ਸਦਾ ਹੀ ਲਾਹੇਵੰਦ ਰਹਿੰਦੇ ਹਨ। ਸਾਰੇ ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਪ੍ਰੋ.ਬੂਟਾ ਸਿੰਘ ਨੇ ਬਾਖੂਬੀ ਨਿਭਾਈ।

ਇਸ ਮੌਕੇ ਪ੍ਰੋ.ਨਛੱਤਰ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ.ਪ੍ਰਭਸ਼ਰਨਜੋਤ ਕੌਰ,  ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਰਣਜੀਤ ਸਿੰਘ ਬਾਜਵਾ, ਪ੍ਰੋ.ਬੀਰਇੰਦਰ,  ਪ੍ਰੋ. ਸੰਦੀਪ ਸਿੰਘ, ਪ੍ਰੋ. ਰੁਪਿੰਦਰਜੀਤ ਕੌਰ, ਪ੍ਰੋ. ਜਸਬੀਰ ਕੌਰ, ਪ੍ਰੋ.ਰਾਜੇਸ਼ਵਰੀ ਦੇਵੀ, ਪ੍ਰੋ. ਸੁਖਪਾਲ ਕੌਰ ਸਮੇਤ ਪੰਜਾਬ ਭਾਗ ਸਰਕਾਰੀ ਬ੍ਰਿਜਿੰਦਰ ਕਾਲਜ ਫ਼ਰੀਦਕੋਟ ਅਤੇ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *