Sunday, March 15
Shadow

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚਲ ਰਹੇ ਤਸਕਰੀ ਮਾਡਿਊਲਾਂ ਨਾਲ ਜੁੜੇ 6 ਵਿਅਕਤੀ ਗ੍ਰਿਫਤਾਰ; ਤਿੰਨ ਪੀਐਕਸ-5.7 ਸਮੇਤ ਛੇ ਪਿਸਤੌਲਾਂ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 15 ਮਾਰਚ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਆਧੁਨਿਕ ਪਿਸਤੌਲ ਅਤੇ 3.5 ਕਿਲੋ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦੇ ਦੋ ਵੱਖ-ਵੱਖ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰਕੈਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨ ਸਿੰਘ (26), ਗੁਰਪ੍ਰੀਤ ਸਿੰਘ ਉਰਫ਼ ਗੋਪੀ (22), ਰਾਕੇਸ਼ ਉਰਫ਼ ਕੇਸ਼ੂ (26), ਚਮਕੋਰ ਸਿੰਘ ਉਰਫ਼ ਚਮਕੋਰ (23), ਚਾਰੋਂ ਵਾਸੀ ਖੇਮਕਰਨ, ਤਰਨਤਾਰਨ ਅਤੇ ਮੱਖਣਦੀਨ ਉਰਫ਼ ਮੱਖਣ (22) ਵਾਸੀ ਨਾਗ ਕਲਾਂ, ਅੰਮ੍ਰਿਤਸਰ ਅਤੇ ਜਸਬੀਰ ਸਿੰਘ ਉਰਫ਼ ਬੀਰਾ ਉਰਫ਼ ਰਘੂ (19) ਵਾਸੀ ਪਿੰਡ ਮੂਲੇਚੱਕ, ਅੰਮ੍ਰਿਤਸਰ ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਤਿੰਨ ਪੀ ਐਕਸ 5.7×28 ਐਮਐਮ ਟੀਆਈਐਸਏਐਸ ਟਰਕੀ ਪਿਸਤੌਲ, ਦੋ .30 ਬੋਰ ਅਤੇ ਇੱਕ 9 ਐਮਐਮ ਪਿਸਤੌਲ ਤੋਂ ਇਲਾਵਾ 60 ਜ਼ਿੰਦਾ ਕਾਰਤੂਸਾਂ ਵੀ ਸ਼ਾਮਲ ਹਨ। ਇਸ ਕਾਰਵਾਈ ਵਿੱਚ ਬਰਾਮਦ ਕੀਤੇ ਗਏ ਆਧੁਨਿਕ ਆਟੋਮੈਟਿਕ ਪੀ ਐਕਸ 5.7×28 ਐਮਐਮ ਟੀਆਈਐਸਏਐਸ ਟਰਕੀ ਸੀਰੀਜ਼ ਪਿਸਤੌਲ ਨਵੀਨਤਮ ਹਥਿਆਰ ਹੈ ਅਤੇ ਇਹ ਦੁਰਲੱਭ ਬਰਾਮਦਗੀਆਂ ਵਿੱਚੋਂ ਇੱਕ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ, ਜੋ ਡਰੋਨ ਜ਼ਰੀਏ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਸਰਹੱਦ ਪਾਰ ਦੇ ਇੱਕ ਹੈਂਡਲਰ ਅਧੀਨ ਕੰਮ ਕਰ ਰਹੇ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਵੱਡਾ ਸੰਗਠਿਤ ਤਸਕਰੀ ਨੈੱਟਵਰਕ ਹੋ ਸਕਦਾ ਹੈ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਮੁੱਚੇ ਨੈੱਟਵਰਕ ਨੂੰ ਖਤਮ ਕੀਤਾ ਜਾ ਸਕੇ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗਸ਼ਤ ਅਤੇ ਤਲਾਸ਼ੀ ਦੌਰਾਨ, ਪੁਲਿਸ ਟੀਮਾਂ ਨੇ ਮੋਟਰਸਾਈਕਲ ‘ਤੇ ਸਵਾਰ ਦੋ ਸ਼ੱਕੀ ਨੌਜਵਾਨਾਂ ਕਰਨ ਸਿੰਘ ਅਤੇ ਗੁਰਪ੍ਰੀਤ ਉਰਫ਼ ਗੋਪੀ ਦੀ ਤਲਾਸ਼ੀ ਲੈਣ ‘ਤੇ, ਦੋ ਟੀਆਈਐਸਏਐਸ ਟਰਕੀ ਪਿਸਤੌਲ, ਮੈਗਜ਼ੀਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ ਖੁਲਾਸੇ ਉਪਰੰਤ ਜਾਂਚ ਦੌਰਾਨ ਗੋਲਾ ਬਾਰੂਦ ਸਮੇਤ ਇੱਕ ਹੋਰ ਟੀਆਈਐਸਏਐਸ ਟਰਕੀ ਪਿਸਤੌਲ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜਲੇ ਪਿੰਡਾਂ ਨਾਲ ਸਬੰਧਤ ਹਨ, ਜਿਸ ਨਾਲ ਸਰਹੱਦ ਪਾਰੋਂ ਇਨ੍ਹਾਂ ਹਥਿਆਰਾਂ ਦੀ ਤਸਕਰੀ ਵਿੱਚ ਮਦਦ ਮਿਲੀ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣੇ ਸਪਲਾਇਰ ਦਾ ਖੁਲਾਸਾ ਕੀਤਾ ਅਤੇ ਉਸਦੀ ਪਛਾਣ ਮੱਖਣਦੀਨ ਉਰਫ਼ ਮੱਖਣ ਵਜੋਂ ਕੀਤੀ, ਜਿਸਨੂੰ ਬਾਅਦ ਵਿੱਚ ਇੱਕ .30 ਬੋਰ ਪਿਸਤੌਲ, ਮੈਗਜ਼ੀਨ ਅਤੇ ਗੋਲਾ ਬਾਰੂਦ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਸੀਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਵਿੱਚ ਪੁਲਿਸ ਟੀਮਾਂ ਨੇ ਸ਼ੱਕੀ ਰਾਕੇਸ਼ ਉਰਫ਼ ਕੇਸ਼ੂ ਅਤੇ ਚਮਕੋਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਖੁਲਾਸੇ ‘ਤੇ 800 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਇਸ ਮਾਮਲੇ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 1 ਕਿਲੋਗ੍ਰਾਮ ਹੋ ਗਈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਭਰੋਸੇਯੋਗ ਗੁਪਤ ਸੂਚਨਾ ‘ਤੇ ਪੁਲਿਸ ਟੀਮਾਂ ਵੱਲੋਂ ਸੁਚੱਜੇ ਤਾਲਮੇਲ ਨਾਲ ਅਗਲੇਰੀ ਕਾਰਵਾਈ ਕਰਕਦਿਆਂ ਜਸਬੀਰ ਸਿੰਘ ਉਰਫ ਬੀਰਾ ਉਰਫ ਰਘੂ ਨੂੰ 2.5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ।

ਇਸ ਸਬੰਧੀ ਤਿੰਨ ਵੱਖ-ਵੱਖ ਮਾਮਲੇ ਥਾਣਾ ਗੇਟ ਹਕੀਮਾ ਵਿਖੇ ਅਸਲਾ ਐਕਟ ਦੀ ਧਾਰਾ 25(8) ਅਧੀਨ ਐਫਆਈਆਰ ਨੰਬਰ 59 ਮਿਤੀ 08-03-2026, ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 21-ਬੀ ਅਧੀਨ ਐਫਆਈਆਰ ਨੰਬਰ 53 ਮਿਤੀ 10-03-2026 ਅਤੇ ਥਾਣਾ ਵੇਰਕਾ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਧੀਨ ਐਫਆਈਆਰ ਨੰਬਰ 27 ਮਿਤੀ 08-03-2026 ਦਰਜ ਕੀਤੇ ਗਏ ਹਨ।

Leave a Reply

Your email address will not be published. Required fields are marked *