Monday, March 9
Shadow

*ਮਾਨ ਸਰਕਾਰ ਵਲੋਂ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਇੱਕ ਇਤਿਹਾਸਕ ਕਦਮ: ਮੀਤ ਹੇਅਰ*

ਬਰਨਾਲਾ, 8 ਮਾਰਚ
         ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਸੂਬੇ ਦੀਆਂ ਔਰਤਾਂ ਲਈ ਅਹਿਮ ਅਤੇ ਇਤਿਹਾਸਕ ਐਲਾਨ ਕੀਤਾ ਗਿਆ ਹੈ। ਸੂਬੇ ਦੀਆਂ ਔਰਤਾਂ ਲਈ “ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ” ਦੇ ਆਗਾਜ਼ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਸੂਬੇ ਦੀਆਂ ਬਾਲਗ ਔਰਤਾਂ ਨੂੰ 1000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਿੱਧਾ ਬੈਂਕ ਖਾਤਿਆਂ ਵਿੱਚ ਪਾਇਆ ਜਾਵੇਗਾ।
  ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ। ਓਹਨਾਂ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ, ਚਾਹੇ ਉਹ ਮੁਫ਼ਤ ਬਿਜਲੀ ਸਕੀਮ ਹੋਵੇ, ਸਿਹਤ ਯੋਜਨਾ ਹੋਵੇ ਜਾਂ ਔਰਤਾਂ ਲਈ ਵਿੱਤੀ ਸਹਾਇਤਾ ਦੀ ਸਕੀਮ ਹੋਵੇ। ਓਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ, ਉਹ ਚਾਰ ਸਾਲਾਂ ਦੇ ਅੰਦਰ ਅੰਦਰ ਨਿਭਾਏ ਹਨ। ਓਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਬਿਹਤਰੀਨ ਬਜਟ ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤਾ ਹੈ ਜਿਸ ਲਈ ਉਹ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਨ। ਓਹਨਾਂ ਕਿਹਾ ਕਿ ਇਹ ਬਜਟ  ਸਿਹਤ, ਸਿੱਖਿਆ, ਬੁਨਿਆਦੀ ਢਾਂਚੇ, ਕਿਸਾਨਾਂ, ਆਮ ਲੋਕਾਂ ਸਮੇਤ ਸਾਰੇ ਵਰਗਾਂ ਅਤੇ ਖੇਤਰਾਂ ‘ਤੇ ਕੇਂਦ੍ਰਿਤ ਹੈ।
    ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੰਦੇ ਹਨ ਜਿਨ੍ਹਾਂ ਨੇ ਜੋ ਵੀ ਗਰੰਟੀਆਂ ਪੰਜਾਬ ਦੀ ਜਨਤਾ ਨੂੰ ਦਿੱਤੀਆਂ, ਉਹ ਪੂਰੀਆਂ ਕੀਤੀਆਂ ਹਨ ਅਤੇ ਸੂਬੇ ਲਈ ਲਾਮਿਸਾਲ ਯੋਜਨਾਵਾਂ ਲਿਆਂਦੀਆਂ ਹਨ।
  ਓਹਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਖੇਡਾਂ ਦੇ ਖੇਤਰ ਨੂੰ ਬੇਹੱਦ ਤਰਜੀਹ ਦਿੱਤੀ ਗਈ ਹੈ। ਓਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਖੇਡਾਂ ਦਾ ਜਿਹੜਾ ਬਜਟ ਸਿਰਫ਼ 147 ਕਰੋੜ ਤੱਕ ਹੀ ਸੀ, ਉਹ ਮਾਨ ਸਰਕਾਰ ਵਲੋਂ ਵਧਾ ਕੇ 1800 ਕਰੋੜ ਰੁਪਏ ਕੀਤਾ ਗਿਆ। ਓਹਨਾਂ ਕਿਹਾ ਕਿ ਤਕਰੀਬਨ 12 ਗੁਣਾ ਸਿਰਫ ਖੇਡਾਂ ਦਾ ਬਜਟ ਵਧਾਇਆ ਗਿਆ ਜਿਸ ਬਦੌਲਤ ਪਿੰਡਾਂ ਵਿਚ ਖੇਡ ਮੈਦਾਨਾਂ ਲਈ ਫੰਡ ਜਾਰੀ ਕੀਤੇ ਗਏ ਜਿਸ ਨਾਲ ਪਿੰਡਾਂ ਦੇ ਖੇਡ ਢਾਂਚੇ ਦੀ ਨੁਹਾਰ ਬਦਲੀ ਜਾ ਰਹੀ ਹੈ। ਓਹਨਾਂ ਕਿਹਾ ਕਿ ਸੂਬੇ ਵਿਚ 3000 ਖੇਡ ਮੈਦਾਨ ਪਿਛਲੇ ਸਾਲ ਬਣੇ ਹਨ ਅਤੇ ਇੰਨੇ ਹੀ ਖੇਡ ਮੈਦਾਨ ਇਸ ਸਾਲ ਬਣਨੇ ਹਨ। ਓਹਨਾਂ ਕਿਹਾ ਕਿ ਜਿਹੜਾ ਖੇਡ ਸੱਭਿਆਚਾਰ ਪਿਛਲੇ ਸਮੇਂ ਵਿੱਚ ਸੂਬੇ ‘ਚ ਖਤਮ ਹੋ ਚੁੱਕਿਆ ਸੀ, ਉਹ ਮਾਨ ਸਰਕਾਰ ਦੇ ਉਪਰਾਲਿਆਂ ਨਾਲ ਮੁੜ ਤੋਂ ਉਤਸ਼ਾਹਿਤ ਹੋਇਆ ਹੈ। ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਪਿੰਡਾਂ ਦੇ ਖੇਡ ਮੈਦਾਨਾਂ ਵਿੱਚੋਂ ਨਿਕਲ ਕੇ ਖਿਡਾਰੀ ਏਸ਼ੀਅਨ ਖੇਡਾਂ ਅਤੇ ਉਲੰਪਿਕਸ ਤੱਕ ਜਾਣਗੇ ਅਤੇ ਸੂਬੇ ਨੂੰ ਮੁੜ ਤੋਂ ਨੰਬਰ ਇੱਕ ‘ਤੇ ਲੈ ਕੇ ਆਉਣਗੇ।
   ਓਹਨਾਂ ਕਿਹਾ ਕਿ ਅੱਜ ਵਿੱਤ ਮੰਤਰੀ ਪੰਜਾਬ ਵਲੋਂ ਲੋਕਪੱਖੀ ਅਤੇ ਵਿਕਾਸਮੁਖੀ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਸਾਡਾ ਸੂਬਾ “ਰੰਗਲਾ ਪੰਜਾਬ” ਬਣੇਗਾ।

Leave a Reply

Your email address will not be published. Required fields are marked *