Saturday, March 7
Shadow

ਵਧੀਕ ਡਿਪਟੀ ਕਮਿਸ਼ਨਰ ਨੇ ਰਾਜਪਾਲ ਦੀ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਕੀਤੀ ਮੀਟਿੰਗ

ਫਿਰੋਜ਼ਪੁਰ, 07 ਫਰਵਰੀ 2026: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਵੱਲੋਂ 10 ਫ਼ਰਵਰੀ ਨੂੰ ਫਿਰੋਜ਼ਪੁਰ ਵਿਚ ‘ਨਸ਼ਿਆਂ ਵਿਰੁੱਧ ਪੈਦਲ ਯਾਤਰਾ’ ਕੱਢੀ ਜਾਵੇਗੀ। ਪੈਦਲ ਯਾਤਰਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਅੱਜ ਵੱਧੀਕ ਡਿਪਟੀ ਕਮਿਸ਼ਨਰ (ਜ.) ਨਿਧੀ ਕੁਮੁਦ ਬੰਬਾਹ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
 ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਤੋਂ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਸਬੰਧੀ ਹੁਣ ਤੱਕ ਕੀਤੇ ਗਏ ਕੰਮਾਂ ਦੀ ਜਾਣਕਾਰੀ ਲਈ ਗਈ ਅਤੇ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜਪਾਲ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਪੈਦਲ ਯਾਤਰਾ 10 ਫ਼ਰਵਰੀ 2026 ਨੂੰ ਸਾਰਾਗੜ੍ਹੀ ਮੈਮੋਰੀਅਲ ਫ਼ਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਹੋ ਕੇ ਸਰਕਾਰੀ ਸਕੂਲ ਆਫ਼ ਐਮੀਨੈਂਸ ਫ਼ਿਰੋਜ਼ਪੁਰ ਸ਼ਹਿਰ ਤੱਕ ਜਾਵੇਗੀ। ਇਸ ਦੌਰਾਨ ਪੰਜਾਬ ਦੇ ਰਾਜਪਾਲ ਲੋਕਾਂ ਦੇ ਨਾਮ ਆਪਣਾ ਸੰਦੇਸ਼ ਵੀ ਦੇਣਗੇ। ਇਸ ਪੈਦਲ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਯੂਥ ਕਲੱਬਾਂ ਦੇ ਮੈਂਬਰ, ਵਲੰਟੀਅਰ ਅਤੇ ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼) ਆਦਿ ਸ਼ਾਮਿਲ ਹੋ ਕੇ ਨਸ਼ੇ ਤਿਆਗਣ ਅਤੇ ਨਸ਼ਿਆਂ ਦੇ ਖਾਤਮੇ ਲਈ ਇੱਕਜੁਟ ਹੋਣ ਦਾ ਸੱਦਾ ਦੇਣਗੇ।
 ਉਨ੍ਹਾਂ ਇਸ ਪੈਦਲ ਯਾਤਰਾ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ, ਟ੍ਰੈਫਿਕ ਨਿਯੰਤਰਣ, ਸਾਫ਼-ਸਫ਼ਾਈ, ਸਿਹਤ ਸਹੂਲਤਾਂ, ਮੈਡੀਕਲ ਟੀਮਾਂ, ਰਿਫਰੈਸ਼ਮੈਂਟ, ਪੀਣ ਵਾਲਾ ਪਾਣੀ ਅਤੇ ਸਮਾਗਮ ਦੌਰਾਨ ਲੋੜੀਂਦੀਆਂ ਵਿਵਸਥਾਵਾਂ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਇਸ ਜਾਗਰੂਕਤਾ ਪੈਦਲ ਯਾਤਰਾ ਨੂੰ ਸਫਲ ਬਣਾਉਣ ਦੀ ਹਦਾਇਤ ਕੀਤੀ।
 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਅਰਵਿੰਦ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ. ਸਤਿੰਦਰ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *