Wednesday, March 11
Shadow

ਪੰਜਾਬ ਸਰਕਾਰ ਵਲੋਂ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ

ਬਰਨਾਲਾ, 1 ਜੁਲਾਈ
ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਦੀ ਸਿਹਤਯਾਬੀ ਵੱਲ ਚੁੱਕੇ ਜਾ ਰਹੇ ਕਦਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅ਼ਤੇ ਸਿਹਤ ਵਿਭਾਗ ਡੇਂਗੂ ਤੋਂ ਲੋਕਾਂ ਦੇ ਬਚਾਅ ਲਈ ਸਰਗਰਮ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਦੱਸਿਆ ਕਿ ਜੁਲਾਈ ਦਾ ਮਹੀਨਾ ਡੇਂਗੂ ਤੋਂ ਬਚਾਅ ਲਈ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਮੌਨਸੂਨ ਸੀਜ਼ਨ ਦੌਰਾਨ ਬਰਸਾਤਾਂ ਕਰਕੇ ਪਾਣੀ ਇਕੱਠਾ ਹੋਣ ਨਾਲ ਡੇਂਗੂ ਦਾ ਲਾਰਵਾ ਇਕੱਠਾ ਹੋਣ ਕਰਕੇ ਇਸ ਦੇ ਕੇਸ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਡੇਂਗੂ ਹੋਣ ਦੇ ਕਾਰਨ, ਲੱਛਣਾਂ ਅਤੇ ਇਲਾਜ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਲਾਰਵਾ ਨਸ਼ਟ ਕਰਨ ਲਈ ਗਤੀਵਿਧੀਆਂ ਰੋਜ਼ਾਨਾ ਪੱਧਰ ‘ਤੇ ਉਲੀਕੀਆਂ ਜਾਣ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਸ. ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ – ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਡੇਂਗੂ ਵਿਰੁੱਧ ਜ਼ਿਲ੍ਹੇ ਵਿੱਚ 67 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਲੋਂ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ 56646 ਥਾਵਾਂ ‘ਤੇ ਚੈਕਿੰਗ ਕੀਤੀ ਗਈ ਹੈ। ਓਨ੍ਹਾਂ ਦੱਸਿਆ ਕਿ ਹੁਣ ਤੱਕ 124 ਥਾਵਾਂ ਤੋਂ ਲਾਰਵਾ ਮਿਲਿਆ ਹੈ।
ਓਨ੍ਹਾਂ ਦੱਸਿਆ ਕਿ ਸਿਹਤ ਵਰਕਰਾਂ ਵਲੋਂ ਰੋਜ਼ਾਨਾ ਪੱਧਰ ‘ਤੇ ਵੱਖ ਵੱਖ ਥਾਵਾਂ ‘ਤੇ ਜਾ ਕੇ ਡੇਂਗੂ ਅਤੇ ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਲਾਰਵਾ ਪੈਦਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਮੁਹਿੰਮ ਚਲਾਈ ਜਾਂਦੀ ਹੈ ਜਿਸ ਤਹਿਤ ਸਿਹਤ ਕਰਮਚਾਰੀਆਂ ਵੱਲੋਂ ਨਰਸਿੰਗ ਦੇ ਵਿਦਿਆਰਥੀਆਂ ਅਤੇ ਆਸ਼ਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ‘ਤੇ ਗਮਲੇ, ਕੂਲਰ, ਟਾਇਰ, ਘੜੇ, ਫਰਿੱਜ ਦੀ ਬੈਕ ਟਰੇਅ, ਖੇਲਾਂ ਆਦਿ ‘ਚ ਮੱਛਰ ਦਾ ਲਾਰਵਾ ਚੈੱਕ ਕੀਤਾ ਜਾਂਦਾ ਹੈ।
ਓਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ ਕਿ ਹਰ ਸ਼ੁੱਕਰਵਾਰ ਇਸ ਮੁਹਿੰਮ ਤਹਿਤ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣਾ ਚਾਹੀਦਾ ਹੈ।

ਕੀ ਹਨ ਡੇਂਗੂ ਦੇ ਲੱਛਣ
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ਼ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਜੇਕਰ ਕਿਸੇ ਨੂੰ ਕਾਂਬੇ ਨਾਲ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਮਾਸ ਪੇਸ਼ੀਆਂ ‘ਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ ‘ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਓਨ੍ਹਾਂ ਕਿਹਾ ਕਿ ਡੇਂਗੂ ਇਲਾਜ ਯੋਗ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਇਲਾਜ ਅਤੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।

ਕੀ ਹਨ ਬਚਾਅ ਦੇ ਤਰੀਕੇ
ਡੇਂਗੂ ਤੋਂ ਬਚਾਅ ਲਈ ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਸਾਫ਼ ਕਰੋ। ਕੱਪੜੇ ਅਜਿਹੇ ਪਾਓ ਜਿਸ ਨਾਲ ਸਰੀਰ ਢਕਿਆ ਰਹੇ ਤਾਂ ਜੋ ਮੱਛਰ ਨਾ ਕੱਟੇ। ਸੌਣ ਵੇਲੇ ਮੱਛਰਦਾਨੀ, ਮੱਛਰਾਂ ਤੋਂ ਬਚਾਅ ਕਰਨ ਵਾਲਿਆਂ ਕਰੀਮਾਂ ਆਦਿ ਦੀ ਵਰਤੋਂ ਕਰੋ। ਬੁਖ਼ਾਰ ਹੋਣ ‘ਤੇ ਸਿਰਫ ਪੈਰਾਸੀਟਾਮੋਲ ਗੋਲੀ ਹੀ ਲਵੋ। ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ, ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ। ਵਧੇਰੇ ਮਾਤਰਾ ਵਿਚ ਤਰਲ ਪਦਾਰਥ ਪੀਓ। ਵਧੇਰੇ ਜਾਣਕਾਰੀ ਲਈ ਫਰੀ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *