ਐਸ.ਏ.ਐਸ. ਨਗਰ, 5 ਫਰਵਰੀ:
ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰ-ਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਇਆ ਗਿਆ ਚੌਥਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ-19 ਅੱਜ ਸਮਾਪਤ ਹੋ ਗਿਆ। ਫਾਈਨਲ ਮੈਚ ਵਿਚ ਐਸ.ਜੀ.ਪੀ.ਸੀ. ਮਿਸਲ ਸ਼ੁੱਕਰਚੱਕੀਆਂ ਨੇ ਪੀ.ਆਈ.ਐਸ. ਮੁਹਾਲੀ ਮਿਸਲ ਆਹਲੂਵਾਲੀਆ ਨੂੰ 1-0 ਨਾਲ ਹਰਾ ਕੇ ਚੈਂਪੀਅਨ ਬਣੀ ਅਤੇ ਗੋਲਡ ਕੱਪ ’ਤੇ ਆਪਣਾ ਕਬਜ਼ਾ ਕੀਤਾ, ਜਦੋਂ ਕਿ ਰਾਊਂਡ ਗਲਾਸ ਮੁਹਾਲੀ ਮਿਸਲ ਨਿਸ਼ਾਨਾਂਵਾਲੀ ਨੂੰ ਤੀਸਰਾ ਅਤੇ ਪੀ.ਆਈ.ਐਸ. ਲੁਧਿਆਣਾ ਮਿਸਲ ਭੰਗੀਆਂ ਨੂੰ ਚੌਥਾ ਸਥਾਨ ਮਿਲਿਆ।
ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਕਰਵਾਏ ਗਏ ਇਸ ਟੂਰਨਾਮੈਂਟ ਦੇ ਅੱਜ ਦੇ ਫਾਈਨਲ ਮੈਚ ਦਾ ਉਦਘਾਟਨ ਸ: ਗੁਰਬਖ਼ਸ਼ ਸਿੰਘ ਖਾਲਸਾ ਮੀਤ ਪ੍ਰਧਾਨ ਐਸ.ਜੀ.ਪੀ.ਸੀ. ਤੇ ਸ: ਤੇਜਿੰਦਰ ਸਿੰਘ ਪੱਡਾ ਸਪੋਰਟਸ ਸਕੱਤਰ ਐਸ.ਜੀ.ਪੀ.ਸੀ. ਨੇ ਕੀਤਾ।
ਇਨਾਮ ਵੰਡ ਸਮਾਰੋਹ ਵਿਚ ਸ: ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੇ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਵੱਲੋਂ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਸਲ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਅੱਜ ਦਾ ਸੈਮੀਫਾਈਨਲ ਮੈਚ ਜੁਗਰਾਜ ਸਿੰਘ ਗਿੱਲ ਟਰੱਸਟ ਚੰਡੀਗੜ੍ਹ ਦੀ ਟੀਮ ਐਸ.ਜੀ.ਪੀ.ਸੀ. ਮਿਸਲ ਸ਼ੁੱਕਰਚੱਕੀਆਂ ਅਤੇ ਮੁਹਾਲੀ ਵਾਕ ਦੀ ਟੀਮ ਪੀ.ਆਈ.ਐਸ. ਮੁਹਾਲੀ ਮਿਸਲ ਆਹਲੂਵਾਲੀਆ ਵਿੱਚ ਬਹੁਤ ਹੀ ਸੰਘਰਸ਼ਪੂਰਨ ਰਿਹਾ। ਐਸ.ਜੀ.ਪੀ.ਸੀ. ਦੇ ਖਿਡਾਰੀ ਕਮਲਦੀਪ ਸਿੰਘ ਵੱਲੋਂ ਇਕਲੌਤਾ ਜੇਤੂ ਗੋਲ ਮੈਚ ਦੇ 24ਵੇਂ ਮਿੰਟ ਵਿਚ ਕੀਤਾ ਗਿਆ। ਇਸ ਗੋਲ ਨੂੰ ਉਤਾਰਨ ਲਈ ਮੁਹਾਲੀ ਦੀ ਟੀਮ ਦੇ ਖਿਡਾਰੀਆਂ ਨੇ ਐਸ.ਜੀ.ਪੀ.ਸੀ. ਦੇ ਗੋਲ ਤੇ ਤਾਬੜਤੋੜ ਹਮਲੇ ਕੀਤੇ ਪਰ ਐਸ.ਜੀ.ਪੀ.ਸੀ. ਨੇ 1-0 ਗੋਲ ਦੇ ਫ਼ਰਕ ਨਾਲ ਚੈਂਪੀਅਨ ਖਿਤਾਬ ਹਾਸਿਲ ਕਰਕੇ ਗੋਲਡ ਕੱਪ ਤੇ ਆਪਣਾ ਕਬਜ਼ਾ ਕਰ ਲਿਆ। ਮੁਹਾਲੀ ਦੀ ਟੀਮ ਨੂੰ ਉਪ-ਚੈਂਪੀਅਨ ਦਾ ਖਿਤਾਬ ਮਿਲਿਆ। ਨਰੋਆ ਪੰਜਾਬ ਦੀ ਟੀਮ ਰਾਊਂਡ ਗਲਾਸ ਮੁਹਾਲੀ (ਮਿਸਲ ਨਿਸ਼ਾਨਾਂਵਾਲੀ) ਨੇ ਜਸਵਾਲ ਸੰਨਜ਼ ਯੂ.ਐਸ.ਏ. ਦੀ ਟੀਮ ਪੀ.ਆਈ.ਐਸ. ਲੁਧਿਆਣਾ ਮਿਸਲ ਭੰਗੀਆਂ ਨੂੰ 3-1 ਗੋਲਾਂ ਨਾਲ ਹਰਾ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਲੁਧਿਆਣਾ ਦੀ ਟੀਮ ਨੂੰ ਚੌਥੇ ਸਥਾਨ ਤੇ ਰਹਿ ਕੇ ਸਬਰ ਦਾ ਘੁੱਟ ਭਰਨਾ ਪਿਆ। ਇਨ੍ਹਾਂ ਤੋਂ ਇਲਾਵਾ ਐਸ.ਜੀ.ਪੀ.ਸੀ. ਦੇ ਖਿਡਾਰੀ ਨੂੰ ਜਗਜੀਤ ਸਿੰਘ ਪਲੇਅਰ ਆਫ਼ ਦਾ ਟੂਰਨਾਮੈਂਟ, ਕਰਨਦੀਪ ਸਿੰਘ ਨੂੰ ਸਰਵੋਤਮ ਗੋਲਕੀਪਰ, ਰਾਊਂਡ ਗਲਾਸ ਦੇ ਪਾਵੇਲ ਸਿੰਘ ਨੂੰ ਟਾਪ ਸਕੋਰਰ, ਐਸ.ਜੀ.ਪੀ.ਸੀ ਦੇ ਹਰਸ਼ਦੀਪ ਸਿੰਘ ਨੂੰ ਬੈਸਟ ਫਾਰਵਰਡ, ਪੀ.ਆਈ.ਐਸ. ਦੇ ਜੈਪਾਲ ਸਿੰਘ ਨੂੰ ਬੈਸਟ ਡਿਫੈਂਡਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਉੱਘੇ ਸਮਾਜ ਸੇਵੀ ਭਾਈ ਸ਼ਮਸ਼ੇਰ ਸਿੰਘ ਪ੍ਰਭ ਆਸਰਾ ਪਡਿਆਲਾ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਸਮਾਜ ਸੇਵੀ ਨਸੀਬ ਸਿੰਘ ਸੰਧੂ, ਸਮਾਜ ਸੇਵੀ ਬੀਬੀ ਸੰਦੀਪ ਕੌਰ ਨੂੰ ਕੌਂਸਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਦਵਿੰਦਰ ਸਿੰਘ ਬਾਜਵਾ ਖੇਡ ਪ੍ਰਮੋਟਰ, ਸੁਰਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਬਾਜਵਾ, ਪਰਮਜੀਤ ਸਿੰਘ ਪੰਮੀ, ਅਮਰਜੀਤ ਸਿੰਘ, ਆਰ.ਪੀ. ਸਿੰਘ, ਅਵਤਾਰ ਸਿੰਘ ਸੱਗੂ, ਸਤੀਸ਼ ਕੁਮਾਰ ਭਾਗੀ, ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ, ਜਗਰੂਪ ਸਿੰਘ ਚੀਮਾ, ਦਲੇਰ ਸਿੰਘ ਡੋਡ, ਪਰਮਜੀਤ ਕੌਰ ਲਾਡਰਾਂ, ਬੀਬੀ ਨਿਰਮਲ ਕੌਰ ਸੇਖੋਂ ਆਦਿ ਨੇ ਵੀ ਖਿਡਾਰੀਆਂ ਨੂੰ ਹੌਂਸਲਾ ਅਫ਼ਜਾਈ ਕੀਤੀ।