–97 ਗ੍ਰਾਮ ਹੈਰੋਇਨ, 750 ਨਸ਼ੀਲੀਆਂ ਗੋਲੀਆਂ, 80 ਕਿੱਲੋ ਭੁੱਕੀ, 9 ਮੋਟਰਸਾਈਕਲ, 40 ਲੀਟਰ ਲਾਹਨ, 108 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
ਮੋਗਾ, 8 ਜਨਵਰੀ:
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਪ੍ਰਭਾਵਸ਼ਾਲੀ ਪੁਲਿਸ ਸੇਵਾਵਾਂ ਦੇਣ ਦੇ ਮਨੋਰਥ ਵਜੋਂ ਅੱਜ ਮੋਗਾ ਪੁਲਿਸ ਵੱਲੋਂ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਡੀ.ਆਈ.ਜੀ. ਐਡਮਿਨ ਪੀ.ਏ.ਪੀ. ਜਲੰਧਰ ਇੰਦਰਬੀਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕਸ਼ੀਲ ਸੋਨੀ ਮੌਜੂਦ ਰਹੇ। ਇਸ ਆਪ੍ਰੇਸ਼ਨ ਵਿੱਚ 1 ਐਸ.ਪੀ., 8 ਡੀ.ਐਸ.ਪੀ.ਜ਼, 306 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਅੱਜ ਇਸ ਵਿਸ਼ੇ਼ਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਖੇਤਰ ਜਿਹੜੇ ਕਿ ਨਸ਼ਿਆਂ ਦੇ ਹਾਟਸਪਾਟ ਖੇਤਰ ਸਨ ਵਿੱਚ ਘੇਰਾਬੰਦੀਆਂ ਕੀਤੀਆਂ ਗਈਆਂ। ਇਸ ਮੁਹਿੰਮ ਦੌਰਾਨ 22 ਐਫ.ਆਈ.ਆਰ.ਜ਼ ਦਰਜ ਕਰਕੇ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਇੱਕ ਕੇਸ ਦਰਜ ਕੀਤਾ ਗਿਆ। ਇਸ ਮੁਹਿੰਮ ਤਹਿਤ 97 ਗ੍ਰਾਮ ਹੈਰੋਇਨ, 750 ਨਸ਼ੀਲੀਆਂ ਗੋਲੀਆਂ, 80 ਕਿੱਲੋ ਭੁੱਕੀ, 9 ਮੋਟਰਸਾਈਕਲ, 1 ਕਾਰ ਵਰਨਾ, 40 ਲੀਟਰ ਲਾਹਨ, 108 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਤਲਾਸ਼ੀ ਮੁਹਿੰਮ ਦੌਰਾਨ 2 ਭਗੌੜੇ ਅਪਰਾਧੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਕਿ ਵੱਖ ਵੱਖ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦੇ ਸਨ। 58 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। 366 ਵਾਹਨਾਂ ਦੀ ਚੈਕਿੰਗ ਕੀਤੀ ਗਈ, 2 ਵਾਹਨ ਜ਼ਬਤ ਕਰਕੇ 21 ਵਾਹਨਾਂ ਦੇ ਚਲਾਨ ਕੀਤੇ ਗਏ।
ਸ੍ਰੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਮੁਲਜ਼ਮ ਬਲਪ੍ਰੀਤ ਸਿੰਘ ਉਰਫ਼ ਨਿੱਕਾ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਨੰਗਲ ਨੂੰ 100 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਕੇ ਐਨ.ਡੀ.ਪੀ.ਐਸ. ਤਹਿਤ ਮੁਕੱਦਮਾ ਕਰ ਕੀਤਾ ਗਿਆ ਹੈ। ਇਹ ਅਪਰਾਧੀ ਵੀ ਪੁਲਿਸ ਨੂੰ ਹੋਰ ਕੇਸਾਂ ਵਿੱਚ ਲੋੜੀਂਦਾ ਸੀ।
ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮੋਗਾ ਪੁਲਿਸ ਜ਼ਿਲ੍ਹੇ ਵਿੱਚੋਂ ਅਪਰਾਧ, ਨਸ਼ੇ ਅਤੇ ਹੋਰ ਸਾਰੇ ਗੈਰ ਕਾਨੂੰਨੀ ਕੰਮਾਂ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਹੈ, ਅਪਰਾਧੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ।