ਕੋਟਸ਼ਮੀਰ ਵਿਖੇ ਸੁਣੀਆਂ ਆਮ ਲੋਕਾਂ ਦੀਆਂ ਨਿੱਜੀ ਤੇ ਸਾਂਝੀਆਂ ਸਮੱਸਿਆਵਾਂ

ਕੋਟਸ਼ਮੀਰ (ਬਠਿੰਡਾ), 5 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਆਦੇਸ਼ਾਂ ਤੇ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਅਗਵਾਈ ਹੇਠ ਹਫਤੇ ’ਚ ਦੋ ਦਿਨ ਜ਼ਿਲ੍ਹੇ ਭਰ ’ਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ‘‘ਆਪ ਦੀ ਸਰਕਾਰ ਆਪ ਦੇ ਦੁਆਰ’’ ਤਹਿਤ ਵੱਖ-ਵੱਖ ਸਥਾਨਾਂ ’ਤੇ ਆਮ ਲੋਕਾਂ ਦੀ ਸਹੂਲਤ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। “ਆਪ ਦੀ ਸਰਕਾਰ ਆਪ ਦੇ ਦੁਆਰ’’ ਮੁਹਿੰਮ ਤਹਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇੱਕੋ ਹੀ ਛੱਤ ਹੇਠਾਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਸੁਣਿਆ ਹੀ ਨਹੀਂ ਜਾਂਦਾ ਸਗੋਂ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਜਾਂਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) (ਵਾਧੂ ਚਾਰਜ) ਸ੍ਰੀ ਨਰਿੰਦਰ ਸਿੰਘ ਨੇ ਕੀਤਾ।

ਇਸ ਮੌਕੇ ਸ੍ਰੀ ਨਰਿੰਦਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਲਈ ਲਗਾਏ ਜਾ ਰਹੇ ਸਪੈਸ਼ਲ ਕੈਂਪ ਲਾਹੇਵੰਦ ਸਾਬਿਤ ਹੋ ਰਹੇ ਹਨ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਦਰਾਂ ਨੇੜੇ ਸਪੈਸ਼ਲ ਕੈਂਪ ਲਗਾ ਕੇ ਉਨ੍ਹਾਂ ਦੀਆਂ ਸਾਂਝੀਆਂ, ਨਿੱਜੀ ਅਤੇ ਜਾਇਜ਼ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਲੋੜਵੰਦ ਲਾਭਪਾਤਰੀ ਨੂੰ ਸਰਕਾਰ ਵਲੋਂ ਮੁਹੱਈਆਂ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਝਾਂ ਨਹੀਂ ਰਹਿਣ ਦਿੱਤਾ ਜਾਵੇਗਾ।

ਕੈਂਪ ਦੌਰਾਨ ਪਿੰਡ ਕੋਟਸ਼ਮੀਰ ਦੇ ਲੋਕ ਆਪਣੀਆਂ ਸਾਂਝੀਆਂ ਤੇ ਨਿੱਜੀ ਸਮੱਸਿਆਵਾਂ ਲੈ ਕੇ ਪਹੁੰਚੇ, ਜਿਨ੍ਹਾਂ ’ਚ ਮਾਲ ਵਿਭਾਗ ਤੋਂ ਇਲਾਵਾ ਮਗਨਰੇਗਾ, ਪੈਨਸ਼ਨਾਂ, ਛੱਪੜਾਂ ਤੇ ਗਲੀਆਂ-ਨਾਲੀਆਂ ਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ, ਨਹਿਰੀ ਪਾਣੀ ਤੇ ਖਾਲੇ ਆਦਿ ਤੋਂ ਇਲਾਵਾ ਵਿਕਾਸ ਕਾਰਜਾਂ ਨਾਲ ਸਬੰਧਤ ਸਮੱਸਿਆਵਾਂ ਸਨ। ਇਨ੍ਹਾਂ ’ਚੋਂ ਬਹੁਤੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ’ਤੇ ਹੀ ਕੀਤਾ ਗਿਆ ਤੇ ਰਹਿੰਦੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡ ਕੋਟਸ਼ਮੀਰ ਦੇ ਲੋਕ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *