Sunday, March 8
Shadow

ਇਕ ਪੌਦਾ ਆਪਣੇ ਬਜੁਰਗਾਂ ਲਈ, ਇਕ ਪੌਦਾ ਆਪਣੀ ਧੀ ਲਈ ਮੁਹਿੰਮ ਦੀ ਸ਼ੁਰੂਆਤ 12 ਜੁਲਾਈ ਨੂੰ-ਡਾ: ਬਲਜੀਤ ਕੌਰ

ਮਲੋਟ, 11 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਦੇ ਸੰਕਲਪ ਦੀ ਪ੍ਰੇਰਣਾ ਨਾਲ ਮਲੋਟ ਵਿਧਾਨ ਸਭਾ ਹਲਕੇ ਵਿਚ –ਇਕ ਪੌਦਾ ਆਪਣੇ ਬਜੁਰਗਾਂ ਲਈ, ਇਕ ਪੌਦਾ ਆਪਣੀ ਧੀ ਲਈ- ਮੁਹਿੰਮ ਦੀ ਸ਼ੁਰੂਆਤ 12 ਜੁਲਾਈ ਨੂੰ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਨੇ ਕਿਹਾ ਗੰਧਲਾ ਹੋ ਰਿਹਾ ਵਾਤਾਵਰਨ ਅੱਜ ਪੂਰੀ ਮਨੁੱਖਤਾ ਲਈ ਇਕ ਵੱਡੀ ਚੁਣੌਤੀ ਹੈ ਅਤੇ ਇਸ ਨਾਲ ਕਾਦਰ ਦੀ ਕੁਦਰਤ ਵੱਲੋਂ ਸਾਜੀ ਇਸ ਧਰਤ ਸੁਹਾਵਣੀ ਤੇ ਮਾਨਵ ਜਾਤੀ ਦਾ ਭਵਿੱਖ ਅਸੁਰੱਖਿਅਤ ਹੋਣ ਲੱਗਿਆ ਹੈ। ਇਸ ਲਈ ਜਰੂਰੀ ਹੈ ਕਿ ਜਿਆਦਾ ਤੋਂ ਜਿਆਦਾ ਰੁੱਖ ਲਗਾਏ ਜਾਣ। ਰੁੱਖ ਸਿਰਫ ਲਗਾਏ ਹੀ ਨਾ ਜਾਣ ਸਗੋਂ ਉਨ੍ਹਾਂ ਨੂੰ ਸੰਭਾਲਿਆਂ ਵੀ ਜਾਵੇ। ਇਸ ਲਈ ਪੰਜਾਬ ਸਰਕਾਰ ਦੇ ਵਾਤਾਵਰਨ ਨੂੰ ਬਚਾਉਣ ਦੇ ਸੁਹਿਰਦ ਯਤਨਾਂ ਦੀ ਲੜੀ ਤਹਿਤ ਇਹ ਮੁਹਿੰਮ ਆਰੰਭ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਮੁਹਿੰਮ ਦਾ ਆਗਾਜ ਮਿਤੀ 12 ਜੁਲਾਈ ਨੂੰ 10 ਵਜੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵੱਲੋਂ ਪਿੰਡ ਸੋਥਾ ਤੋਂ ਕੀਤਾ ਜਾਵੇਗਾ।
ਇਸ ਮੌਕੇ ਡਾ: ਬਲਜੀਤ ਕੌਰ ਨੇ ਕਿਹਾ ਕਿ ਇਸ ਅਭਿਆਨ  ਤਹਿਤ ਆਪਣੇ ਬਜੁਰਗਾਂ ਅਤੇ ਧੀਆਂ ਦੇ ਨਾਂਅ ਤੇ ਪੌਦੇ ਲਗਾਉਣ ਦੀ ਮੁਹਿੰਮ ਇਸ ਲਈ ਸ਼ੁਰੂ ਕੀਤੀ ਗਈ ਹੈ ਤਾਂਕਿ ਇਸ ਮੁਹਿੰਮ ਤਹਿਤ ਲਗਾਏ ਪੌਦਿਆਂ ਨਾਲ ਲਗਾਉਣ ਵਾਲਿਆਂ ਦੀ ਭਾਵਨਾਤਮਕ ਸਾਂਝ ਪਾਈ ਜਾ ਸਕੇ ਅਤੇ ਉਹ ਪੌਦਾ ਲਗਾਉਣ ਤੋਂ ਬਾਅਦ ਉਸਨੂੰ ਭੁੱਲ ਨਾ ਜਾਣ ਸਗੋਂ ਉਸਦੀ ਸਾਂਭ ਸੰਭਾਲ ਕਰਦੇ ਰਹਿਣ ਤਾਂ ਜੋ ਇਸ ਮੁਹਿੰਮ ਤਹਿਤ ਲਗਾਏ ਪੌਦੇ ਇਕ ਵੱਡੇ ਰੁੱਖ ਬਣਕੇ ਸਾਨੂੰ ਪ੍ਰਾਣ ਵਾਯੂ ਦੇ ਸਕਨ। ਇਸ ਮੁਹਿੰਮ ਤਹਿਤ ਮਲੋਟ ਹਲਕੇ ਵਿਚ 1 ਲੱਖ 10 ਹਜਾਰ ਇਸ ਸਾਲ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਨੇ ਇਸ ਮੁਹਿੰਮ ਨਾਲ ਹਰੇਕ ਪਰਿਵਾਰ ਨੂੰ ਜੁੜਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਜਨਭਾਗੀਦਾਰੀ ਨਾਲ ਅਸੀਂ ਇਸ ਨੂੰ ਸਫਲ ਕਰਾਂਗੇ।

Leave a Reply

Your email address will not be published. Required fields are marked *