ਰੀਓ ਟਿੰਟੋ ਕੰਪਨੀ ਦੇ ਮਜ਼ਦੂਰਾਂ ਨੂੰ ਲਿਜਾ ਰਿਹਾ ਜਹਾਜ਼ ਕੈਨੇਡਾ ‘ਚ ਕਰੈਸ਼; 6 ਦੀ ਮੌਤ

ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਮੰਗਲਵਾਰ ਨੂੰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ’ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:50 ਵਜੇ ਵਾਪਰੀ।

ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਰੀਓ ਟਿੰਟੋ ਦੇ ਮੁੱਖ ਕਾਰਜਕਾਰੀ ਜੈਕਬ ਸਟੋਸ਼ੋਲਮ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਇਸ ਹਾਦਸੇ ਤੋਂ ਬਹੁਤ ਦੁਖੀ ਹੈ। ਸਟੋਸ਼ੋਲਮ ਨੇ ਕਿਹਾ, ਅਸੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਤਕ ਰਹੇ ਹਾਂ ਤੇ ਇਹ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਅਸਲ ਵਿੱਚ ਕੀ ਹੋਇਆ ਹੈ।

ਖਾਨ ’ਚ ਮਜ਼ਦੂਰਾਂ ਨੂੰ ਲਿਜਾਇਆ ਜਾ ਰਿਹਾ ਸੀ

ਨਾਰਥਵੈਸਟਰਨ ਏਅਰ ਨੇ ਦੱਸਿਆ ਕਿ ਇਹ ਇੱਕ ਚਾਰਟਰ ਫਲਾਈਟ ਸੀ ਜੋ ਮਜ਼ਦੂਰਾਂ ਨੂੰ ਇੱਕ ਖਾਨ ਵਿੱਚ ਲੈ ਕੇ ਜਾ ਰਹੀ ਸੀ। ਇਸ ਦੌਰਾਨ, ਫੋਰਟ ਸਮਿਥ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਬੁੱਧਵਾਰ ਤੱਕ ਰੋਕ ਦਿੱਤੀਆਂ ਗਈਆਂ ਹਨ ਕਿਉਂਕਿ ਅਧਿਕਾਰੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਹਾਦਸੇ ਦੀ ਜਾਂਚ ਲਈ ਇੱਕ ਟੀਮ ਤਾਇਨਾਤ ਕੀਤੀ ਹੈ।

ਰਿਸ਼ਤੇਦਾਰਾਂ ਨੂੰ ਕੀਤਾ ਜਾਵੇਗਾ ਸੂਚਿਤ

ਆਰ.ਜੇ. ਸਿਮਪਸਨ, ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਪ੍ਰੀਮੀਅਰ, ਨੇ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਅਤੇ ਦੋਸਤਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਸਿੰਪਸਨ ਨੇ ਕਿਹਾ, “ਭਾਰੀ ਮਨ ਨਾਲ, ਮੈਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ, ਦੋਸਤਾਂ ਅਤੇ ਪਿਆਰਿਆਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪੇਸ਼ ਕਰਦਾ ਹਾਂ।” ਉੱਤਰੀ ਪੱਛਮੀ ਪ੍ਰਦੇਸ਼ਾਂ ਦੇ ਮੁੱਖ ਕੋਰੋਨਰ, ਗਾਰਥ ਐਗੇਨਬਰਗਰ ਨੇ ਪੁਸ਼ਟੀ ਕੀਤੀ ਕਿ ਮੌਤਾਂ ਹੋਈਆਂ ਹਨ, ਪਰ ਕਿਹਾ ਕਿ ਅਧਿਕਾਰੀ ਕੋਈ ਹੋਰ ਜਾਣਕਾਰੀ ਨਹੀਂ ਦੇਣਗੇ ਜਦੋਂ ਤਕ ਕਿ ਰਿਸ਼ਤੇਦਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ।

Leave a Reply

Your email address will not be published. Required fields are marked *