“ਬੀਆਈਐਸ ਗਤੀਵਿਧੀਆਂ, ਭਾਰਤੀ ਮਿਆਰਾਂ ਅਤੇ ਆਨ-ਲਾਈਨ ਸੇਵਾਵਾਂ” ‘ਤੇ ਵਰਕਸ਼ਾਪ ਆਯੋਜਿਤ

ਬਠਿੰਡਾ, 23 ਅਗਸਤ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਵਲੋਂ “ਬੀਆਈਐਸ ਗਤੀਵਿਧੀਆਂ, ਭਾਰਤੀ ਮਿਆਰਾਂ ਅਤੇ ਆਨ-ਲਾਈਨ ਸੇਵਾਵਾਂ” ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸ. ਅਜੈ ਮੌਰਿਆ ਜੁਆਇੰਟ ਡਾਇਰੈਕਟਰ ਅਤੇ ਸ਼੍ਰੀ ਕੁਸ਼ਾਗਰਾ ਜਿੰਦਲ ਡਿਪਟੀ ਡਾਇਰੈਕਟਰ ਸੀ.ਐਚ.ਬੀ.ਓ. ਨੇ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਦੱਸਿਆ। ਇਸ ਦੌਰਾਨ ਸ਼੍ਰੀ ਅਜੈ ਮੌਰਿਆ ਨੇ ਬੀ.ਆਈ.ਐੱਸ. ਪ੍ਰਮਾਣਿਤ ਉਤਪਾਦਾਂ ਦੀ ਖਰੀਦ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰ ਭਾਰਤੀ ਮਿਆਰਾਂ ਦੇ ਅਨੁਕੂਲ ਉਤਪਾਦਾਂ ਦੀ ਵਰਤੋਂ ਤੇ ਅਜਿਹੇ ਪ੍ਰੋਗਰਾਮ ਅਤੇ ਸਕੀਮਾਂ ਜਿਥੇ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣਗੀਆਂ ਉਥੇ ਸਮੁੱਚੀ ਲਾਗਤ ਨੂੰ ਘਟਾਉਣਗੀਆਂ ਅਤੇ ਰਾਜ ਵਿੱਚ ਮਿਆਰੀ ਈਕੋ-ਸਿਸਟਮ ਨੂੰ ਵਿਕਸਤ ਕਰਨ ਵਿੱਚ ਮਦਦ ਕਰਨਗੀਆਂ।

ਇਸ ਦੌਰਾਨ ਉਨ੍ਹਾਂ ਬੀਆਈਐਸ ਗਤੀਵਿਧੀਆਂ, ਭੂਮਿਕਾਵਾਂ ਅਤੇ ਕਾਰਜਾਂ ਦੀ ਵਿਆਖਿਆ ਕਰਦਿਆਂ ਭਾਗੀਦਾਰਾਂ ਨੂੰ ਲਾਜ਼ਮੀ ਬੀਆਈਐਸ ਪ੍ਰਮਾਣੀਕਰਣ ਲਈ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਕੁਆਲਿਟੀ ਕੰਟਰੋਲ ਆਰਡਰ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕੁਆਲਿਟੀ ਕੰਟਰੋਲ ਆਰਡਰ ਦੇ ਅਨੁਸਾਰ ਕੋਈ ਵੀ ਬੀਆਈਐਸ ਤੋਂ ਲਾਇਸੰਸ ਲਏ ਬਿਨਾਂ ਇਨ੍ਹਾਂ ਆਦੇਸ਼ਾਂ ਦੇ ਅਧੀਨ ਆਉਣ ਵਾਲੇ ਉਤਪਾਦਾਂ ਦਾ ਨਿਰਮਾਣ, ਆਯਾਤ, ਵੇਚ, ਸਟੋਰ ਜਾਂ ਪ੍ਰਦਰਸ਼ਨ ਨਹੀਂ ਕਰ ਸਕਦਾ।

ਸ਼੍ਰੀ ਕੁਸ਼ਾਗਰਾ ਜਿੰਦਲ ਨੇ ਭਾਗੀਦਾਰਾਂ ਨੂੰ ਆਨਲਾਈਨ ਸੇਵਾਵਾਂ ਬਾਰੇ ਜਾਣੂ ਕਰਵਾਇਆ ਜੋ ਬੀਆਈਐਸ ਵੈਬਸਾਈਟ, ਈ-ਬੀਆਈਐਸ ਪੋਰਟਲ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿੱਥੋਂ ਉਹ ਬੀਆਈਐਸ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਮਿਆਰਾਂ, ਪ੍ਰਮਾਣੀਕਰਨ ਸਕੀਮਾਂ ਅਤੇ ਹੋਰ ਸੇਵਾਵਾਂ ਬਾਰੇ ਸਬੰਧਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਬੀਆਈਐਸ ਕੇਅਰ ਐਪ ਬਾਰੇ ਵੀ ਜਾਣਕਾਰੀ ਦਿੱਤੀ ਜੋ ਖਪਤਕਾਰਾਂ ਨੂੰ ਬੀਆਈਐਸ ਪ੍ਰਮਾਣਿਤ ਉਤਪਾਦਾਂ ਦੀ ਅਸਲੀਅਤ ਦੀ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਜੇਕਰ ਉਹ ਸੰਤੁਸ਼ਟ ਨਹੀਂ ਹਨ ਤਾਂ ਉਹ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ।

ਸ਼੍ਰੀ ਕੁਸ਼ਾਗਰ ਜਿੰਦਲ ਨੇ ਭਾਗੀਦਾਰਾਂ ਨੂੰ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਬਾਰੇ ਜਾਣਕਾਰੀ ਦਿੱਤੀ। ਭਾਗੀਦਾਰਾਂ ਨੂੰ ਪੀ.ਡਬਲਯੂ.ਡੀ., ਪੀ.ਐਚ.ਈ.ਡੀ., ਸਿੰਚਾਈ, ਸਿਹਤ ਖੇਤਰ, ਉਦਯੋਗ, ਖੇਤੀਬਾੜੀ, ਇਸਤਰੀ ਅਤੇ ਬਾਲ ਵਿਕਾਸ, ਇਲੈਕਟ੍ਰੀਕਲ ਵਸਤੂਆਂ, ਦਫ਼ਤਰੀ ਸਾਜ਼ੋ-ਸਾਮਾਨ, ਖਾਣ-ਪੀਣ ਦੀਆਂ ਵਸਤੂਆਂ ਨਾਲ ਸਬੰਧਤ ਮਹੱਤਵਪੂਰਨ ਮਿਆਰਾਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ,  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਮੈਡਮ ਇਨਾਯਤ, ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ. ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ੍ਰੀ ਕੰਵਰਜੀਤ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ. ਗੁਰਪ੍ਰਤਾਪ ਸਿੰਘ ਗਿੱਲ, ਉਪ ਅਰਥ ਅਤੇ ਅੰਕੜਾ ਸਲਾਹਕਾਰ ਸ਼੍ਰੀਮਤੀ ਸੁਨੀਤਾ ਪਾਲ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *