ਸਿਹਤ ਵਿਭਾਗ ਵੱਲੋਂ 28 ਮਈ ਨੂੰ ਮਨਾਇਆ ਜਾਵੇਗਾ ਕਿਸ਼ੋਰ ਅਵਸਥਾ ਦਿਵਸ

ਮਾਨਸਾ, 27 ਮਈ:
ਮਾਨਸਾ ਜਿਲ੍ਹੇ ਵਿੱਚ 28 ਮਈ ਨੂੰ ਕਿਸ਼ੋਰ ਅਵਸਥਾ ਦਿਵਸ ਮੌਕੇ ਪਿੰਡ, ਬਲਾਕ ਪੱਧਰ, ਜ਼ਿਲੇ੍ਹ ਦੇ ਸਮੂਹ ਹੈਲਥ ਐਂਡ ਵੈਲਨਸ ਸੈਂਟਰ ਅਤੇ ਉਮੰਗ ਕਲੀਨਿਕ/ਸਬ ਸੈਂਟਰ ਪੱਧਰ ’ਤੇ ਲੋਕਾਂ ਨੂੰ ਕਿਸ਼ੋਰ ਅਵਸਥਾ ’ਚ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕਿਸ਼ੋਰ ਉਮਰ ਦੇ ਬੱਚੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੀ ਆਦਤ ਪਾਉਣ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਦੇਵ ਸਿੰਘ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕਿਸ਼ੋਰ ਉਮਰ ਵਿੱਚ ਖਾਸ ਕਰ ਲੜਕੀਆਂ ਨੂੰ  ਮਾਂਹਵਾਰੀ ਦੇ ਦੌਰਾਨ ਪੈਡ ਜਾਂ ਸੁੱਕੇ ਕੱਪੜੇ ਦੀ ਵਰਤੋਂ ਕਰਨਾ, ਵਰਤੋਂ ਕੀਤੇ ਗਏ ਪੈਡ ਜਾਂ ਕੱਪੜੇ ਨੂੰ ਖੁੱਲੇ੍ਹ ਵਿੱਚ ਨਾ ਸੁੱਟਣਾ, ਕੱਪੜੇ ਜਾ ਪੈਡ ਨੂੰ ਹਰ ਚਾਰ ਜਾਂ ਛੇ ਘੰਟੇ ਬਾਅਦ ਬਦਲਦੇ ਰਹਿਣਾ, ਸਫਾਈ ਦਾ ਵਿਸ਼ੇਸ਼ ਧਿਆਨ ਰੱਖਣਾ, ਰੋਜ਼ਾਨਾ  ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਫਲਾਂ ਦੀ ਵਰਤੋਂ, ਸੰਤੁਲਿਤ ਭੋਜਨ, ਆਇਰਨ ਅਤੇ ਫੋਲਿਕ ਐਸਿਡ ਦੀ ਗੋਲੀ ਲੈਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਸਰੀਰਿਕ ਬਦਲਾਵ ਆਉਣਾ ਕੁਦਰਤੀ ਹੈ, ਅਜਿਹਾ ਨਾ ਹੋਣ ਦੀ ਸੁਰਤ ਵਿਚ ਵੀ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਆਪਣੇ ਨੇੜੇ ਦੀ ਆਸ਼ਾ ਵਰਕਰ, ਏ ਐਨ ਐਮ, ਐਲ ਐਚ ਵੀ, ਨਰਸ ਜਾਂ ਲੇਡੀ ਡਾਕਟਰ ਨਾਲ ਗੱਲ ਸਾਂਝੀ ਕਰਨੀ ਜਾਂ ਨੇੜੇ ਦੇ ਸਿਹਤ ਕੇਂਦਰ ਦੇ ਡਾਕਟਰ ਤੋਂ ਸਲਾਹ ਮਸ਼ਵਰਾ ਕਰਨਾ ਲਾਜ਼ਮੀ ਹੈ।
ਇਸ ਮੌਕੇ ਡਾ. ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ, ਡਾ. ਹਰਪ੍ਰੀਤ ਕੌਰ ਡੀ ਐਮ ਸੀ, ਡਾ. ਅਮਿਤ ਅਰੋੜਾ ਸੀਨੀਅਰ ਮੈਡੀਕਲ ਅਫ਼ਸਰ ਬਰੇਟਾ, ਡਾ. ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ, ਡਾ. ਰਵਨੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਇੰਦੂ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਖਿਆਲਾ ਕਲਾਂ, ਡਾ. ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ, ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਮਾਨਸਾ, ਅਵਤਾਰ ਸਿੰਘ ਜ਼ਿਲਾ ਪ੍ਰੋਗਰਾਮ ਮੈਨੇਜਰ, ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਮੌਜੂਦ ਸਨ।

Leave a Reply

Your email address will not be published. Required fields are marked *