“ਟਰਾਂਸਜੈਂਡਰਾਂ” (ਤੀਜਾ ਲਿੰਗ) ਦੀ ਮੱਦਦ ਨਾਲ ਵੋਟਰਾਂ ਨੂੰ ਕੀਤਾ ਜਾਵੇਗਾ ਜਾਗਰੂਕ: ਅਰੁਣ ਸ਼ਰਮਾ

ਫਿਰੋਜ਼ਪੁਰ, 3 ਅਪ੍ਰੈਲ 2024.

           ਲੋਕ ਸਭਾ ਚੋਣਾਂ 2024 ਵਿੱਚ ਵੋਟ ਪੋਲ ਪ੍ਰਤੀਸ਼ਤ ਵਧਾਉਣ ਲਈ ਸਵੀਪ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਫਿਰੋਜ਼ਪੁਰ ਸ੍ਰੀ ਰਜੇਸ਼ ਧੀਮਾਨ ਦੀ ਅਗਵਾਈ ਵਿੱਚ ਨਿਵੇਕਲਾ ਉਪਰਾਲਾ ਕਰਦਿਆਂ, ਇਸ ਮੁਹਿਮ ਵਿੱਚ ਟਰਾਂਸਜੈਂਡਰਾਂ (ਤੀਸਰਾ ਲਿੰਗ) ਦੀ ਮੱਦਦ ਨਾਲ ਤੇਜ਼ ਕੀਤਾ ਗਿਆ।

      ਸਵੀਪ ਨੋਡਲ ਅਫਸਰ ਸ੍ਰੀ ਅਰੁਣ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਵਿੱਚ ਆਯੋਜਿਤ ਸਮਾਗਮ ਦੌਰਾਨ ਟਰਾਂਸਜੈਂਡਰਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਦੱਸਿਆ ਕਿ ਇਹਨਾਂ ਵੱਲੋਂ ਘਰਾਂ ਵਿੱਚ ਹੁੰਦੇ ਸਮਾਜਿਕ ਸਮਾਗਮਾਂ ਮੌਕੇ, ਜਨਤਕ ਸਥਾਨਾਂ ਉੱਪਰ ਹੁੰਦੇ ਸਮਾਗਮਾਂ ਅਤੇ ਸਵੀਪ ਮੁਹਿੰਮ ਦੇ ਪ੍ਰੋਗਰਾਮਾਂ ਵਿੱਚ ਟਰਾਂਸਜੈਂਡਰਾਂ ਦੀ ਇਹ ਟੀਮ ਸਵੀਪ ਸਭਿਆਚਾਰਕ ਬੋਲੀਆਂ ਪਾ ਕੇ ਲੋਕਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਯਤਨ ਕਰਨਗੇ। ਉਨ੍ਹਾ ਕਿਹਾ ਕਿ ਸਵੀਪ ਟੀਮ ਵੱਲੋਂ ਇਹਨਾਂ ਲਈ ਵਿਸ਼ੇਸ਼ ਪੰਜਾਬੀ ਸੱਭਿਆਚਾਰਕ ਬੋਲੀਆਂ ਤਿਆਰ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਇਸ ਮੌਕੇ ਟਰਾਂਸਜੈਂਡਰਾਂ ਦੇ ਮੁੱਖੀ ਮਹੰਤ ਬੋਬੀ ਦੇਵਾ ਨੂੰ ਸਵੀਪ ਆਈਕਨ ਵੀ ਨਿਯੁਕਤ ਕੀਤਾ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦਾ ਟੀਚਾ ਜਿੱਥੇ ਵੋਟ ਪੋਲ ਪ੍ਰਤੀਸ਼ਤ ਨੂੰ ਵਧਾਉਣਾ ਹੈ, ਉੱਥੇ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਡਰ ,ਭੈਅ , ਲਾਲਚ ,ਜਾਤ ਪਾਤ ਅਤੇ ਵਰਗ ਤੋਂ ਉੱਪਰ ਉੱਠ ਕੇ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ।

      ਮਹੰਤ ਬੋਬੀ ਦੇਵਾ ਨੇ ਕਿਹਾ ਕਿ ਉਹ ਜਿੱਥੇ ਜ਼ਿਲ੍ਹੇ ਦੇ ਸਮੂਹ ਟਰਾਂਸਜੈਂਡਰਾਂ ਦੀ ਵੋਟ ਪੋਲ ਕਰਨਾ ਯਕੀਨੀ ਬਣਾਉਣਗੇ, ਉੱਥੇ ਸਮਾਜ ਦੇ ਲੋਕਾਂ ਨੂੰ ਹਰ ਸਮਾਗਮ ਵਿੱਚ ਪਹੁੰਚ ਕੇ ਪੰਜਾਬੀ ਬੋਲੀਆਂ ਰਾਹੀਂ ਵੋਟ ਪਾਉਣ ਲਈ ਪ੍ਰੇਰਿਤ ਵੀ ਕਰਨਗੇ।

    ਡਾ. ਸਤਿੰਦਰ ਸਿੰਘ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਨੇ ਟਰਾਂਸਜੈਂਡਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਵੀਪ ਮੁਹਿੰਮ ਤਹਿਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ।

    ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਚਾਂਦ ਪ੍ਰਕਾਸ਼ ਚੋਣ ਤਹਿਸੀਲਦਾਰ, ਗਗਨਦੀਪ ਕੌਰ ਚੋਣ ਕਾਨੁੰਗੋ, ਕਮਲ ਸ਼ਰਮਾ ਸਵੀਪ ਕੋਆਰਡੀਨੇਟਰ ਫਿਰੋਜ਼ਪੁਰ ਦਿਹਾਤੀ, ਲਖਵਿੰਦਰ ਸਿੰਘ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰ, ਰਜਿੰਦਰ ਕੁਮਾਰ,  ਸਰਬਜੀਤ ਸਿੰਘ ਭਾਵੜਾ  ਸਵੀਪ ਟੀਮ ਮੈਂਬਰ, ਸਰਬਜੀਤ ਸਿੰਘ ਸਟਾਫ ਜ਼ਿਲ੍ਹਾ ਪ੍ਰੀਸ਼ਦ ਅਤੇ ਕਵਲਜੀਤ ਸਿੰਘ ਪੰਜਾਬੀ ਲੋਕ ਗਾਇਕ, ਰਵੀ ਇੰਦਰ ਸਿੰਘ ਸਟੇਟ ਅਵਾਰਡੀ ਅਤੇ ਬਲਕਾਰ ਸਿੰਘ  ਸਟੇਟ ਅਵਾਰਡੀ ਨੇ ਵਿਸ਼ੇਸ਼ ਯੋਗਦਾਨ ਪਾਇਆ।

Leave a Reply

Your email address will not be published. Required fields are marked *