ਲੋਕ ਸਭਾ ਚੋਣਾਂ-2024 ਦੌਰਾਨ ਅਣ-ਉਚਿੱਤ ਸਾਧਨਾਂ ਦੀ ਵਰਤੋਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਮਾਰਚ, 2024:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ-2024 ਦੌਰਾਨ ਅਣ-ਉਚਿੱਤ ਸਾਧਨਾਂ ਦੀ ਵਰਤੋਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ, ਜਿਸ ਲਈ ‘ਜ਼ੀਰੋ ਟੋਲਰੈਂਸ’ ਦੀ ਨੀਤੀ ਰੱਖੀ ਜਾਵੇਗੀ।
ਜ਼ਿਲ੍ਹਾ ਐਸ.ਏ.ਐਸ.ਨਗਰ ਵਿਖੇ ਚੋਣਾਂ ਦੀਆਂ ਤਿਆਰੀਆਂ ਸਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੈਸੇ ਅਤੇ ਤਾਕਤ ਦੀ ਵਰਤੋਂ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਦੋਸ਼ੀਆਂ ਨੂੰ ਤੁਰੰਤ ਸਲਾਖਾਂ ਪਿੱਛੇ ਭੇਜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਤਿੰਨ ਸੂਬਾਈ ਵਿਧਾਨ ਸਭਾ ਹਲਕੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 52-ਖਰੜ ਅਤੇ 53-ਐਸ.ਏ.ਐਸ ਨਗਰ, 06-ਅਨੰਦਪੁਰ ਸਾਹਿਬ ਸੰਸਦੀ ਹਲਕੇ ਵਿੱਚ ਆਉਂਦੇ ਹਨ ਜਦੋਂ ਕਿ 112-ਡੇਰਾਬੱਸੀ, 13-ਪਟਿਆਲਾ ਸੰਸਦੀ ਹਲਕੇ ਵਿੱਚ ਆਉਂਦੇ ਹਨ। ਇਨ੍ਹਾਂ ਹਲਕਿਆਂ ਵਿੱਚ ਕੁੱਲ 818 ਪੋਲਿੰਗ ਬੂਥ ਹਨ ਅਤੇ 7,90,499 ਵੋਟਰ ਹਨ। ਇਨ੍ਹਾਂ ਵਿੱਚੋਂ 4,14,276 ਪੁਰਸ਼ ਵੋਟਰ, 3,76,187 ਮਹਿਲਾ ਵੋਟਰ ਅਤੇ 36 ਤੀਜੇ ਲਿੰਗ ਦੇ ਵੋਟਰ ਹਨ। ਕੋਈ ਵੀ ਵਿਅਕਤੀ ਜੋ 1 ਅਪ੍ਰੈਲ, 2024 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਉਹ 5 ਮਈ, 2024 ਤੱਕ ਆਪਣਾ ਨਾਮ ਦਰਜ ਕਰਵਾ ਸਕਦਾ ਹੈ, ਉਨ੍ਹਾਂ ਅੱਗੇ ਕਿਹਾ।
ਯੂਟੀ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਅਤੇ ਹਰਿਆਣਾ ਨਾਲ ਅੰਤਰਰਾਜੀ ਸੀਮਾਵਾਂ ਸਾਂਝੀਆਂ ਹੋਣ ਕਾਰਨ ਜ਼ਿਲ੍ਹੇ ਦੀ ਨਿਗਰਾਨੀ ਕਰਨ ਲਈ, ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ‘ਤੇ ਚੌਕਸੀ ਰੱਖਣ ਲਈ ਹਰੇਕ ਹਲਕੇ ਵਿੱਚ 03 ਕਾਰਜਸ਼ੀਲ ਫਲਾਇੰਗ ਸਕੁਐਡ ਟੀਮਾਂ ਤਾਇਨਾਤ ਹਨ। ਇਸੇ ਤਰ੍ਹਾਂ, ਜ਼ਿਲ੍ਹੇ ਵਿੱਚ ਨਾਮਜ਼ਦਗੀਆਂ ਭਰਨ ਦੇ ਸ਼ੁਰੂ ਹੋਣ ਦੇ ਦਿਨ ਤੋਂ ਕਾਰਜਸ਼ੀਲ ਹੋਣ ਲਈ ਹਰੇਕ ਹਲਕੇ ਵਿੱਚ 04 ਸਟੈਟਿਕ ਸਰਵੇਲੈਂਸ ਟੀਮਾਂ ਵੀ ਹਨ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇੱਕ 24×7 ਕਾਰਜਸ਼ੀਲ ਸ਼ਿਕਾਇਤ ਸੈੱਲ ਹੈ ਜਿਸਦਾ ਟੋਲ-ਫ੍ਰੀ ਨੰਬਰ 1950 ਅਤੇ ਈਮੇਲ complaintcellmohali2024@gmail.com ਹੈ। ਇਸੇ ਤਰ੍ਹਾਂ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਇੱਕ ਹੋਰ ਔਨਲਾਈਨ ਸ਼ਿਕਾਇਤ ਵਿਧੀ ਵੀ, ਸੀਵਿਜਿਲ ਐਪ ਵਜੋਂ ਮੌਜੂਦ ਹੈ। ਕੋਈ ਵੀ ਇਸ ਨੂੰ ਆਪਣੇ ਮੋਬਾਈਲ ‘ਤੇ ਡਾਊਨਲੋਡ ਕਰ ਸਕਦਾ ਹੈ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਫੋਟੋ ਜਾਂ ਵੀਡੀਓ ਅੱਪਲੋਡ ਕਰ ਸਕਦਾ ਹੈ, ਜਿਸ ਦਾ ਨਿਪਟਾਰਾ ਸਬੰਧਤ ਟੀਮ ਨੂੰ ਸ਼ਿਕਾਇਤ ਦੇਣ ਦੇ 100 ਮਿੰਟਾਂ ਦੇ ਅੰਦਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖਣ ਲਈ ਆਦਰਸ਼ ਚੋਣ ਜ਼ਾਬਤਾ ਇਨਫੋਰਸਮੈਂਟ ਟੀਮ, ਖਰਚਾ ਨਿਗਰਾਨ ਟੀਮ, ਇਲੈਕਟੋਰਲ ਬੈਲਟ ਪੇਪਰ ਟੀਮ ਅਤੇ ਪਰਮਿਸ਼ਨ ਕਮੇਟੀ ਨੂੰ ਵੀ ਕਾਰਜਸ਼ੀਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀਆਂ ਸੁਵਿਧਾ ਐਪ ‘ਤੇ ਲੌਗਇਨ ਕਰਕੇ ਔਨਲਾਈਨ ਅਨੁਮਤੀਆਂ ਪ੍ਰਾਪਤ ਕਰ ਸਕਦੀਆਂ ਹਨ।
ਸੀਨੀਅਰ ਪੁਲਿਸ ਕਪਤਾਨ ਡਾ. ਸੰਦੀਪ ਗਰਗ ਨੇ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਗਏ ਪੁਖਤਾ ਸੁਰੱਖਿਆ ਪ੍ਰਬੰਧਾਂ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਅੰਤਰਰਾਜੀ ਸਰਹੱਦੀ ਸਾਂਝ ਨੂੰ ਦੇਖਦੇ ਹੋਏ ਨਕਦੀ, ਸ਼ਰਾਬ ਅਤੇ ਨਸ਼ੇ ਦੀ ਆਮਦ ਨੂੰ ਰੋਕਣ ਲਈ ਪਹਿਲਾਂ ਹੀ ਨਾਕੇ ਲਗਾਏ ਗਏ ਹਨ । ਇਸ ਤੋਂ ਇਲਾਵਾ ਮੁਲਜ਼ਮਾਂ ਅਤੇ ਪੀ.ਓਜ਼ ਨੂੰ ਗ੍ਰਿਫ਼ਤਾਰ ਕਰਨ ਲਈ ਗੈਰ-ਜ਼ਮਾਨਤੀ ਵਾਰੰਟਾਂ ‘ਤੇ ਅਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 9000 ਦੇ ਕਰੀਬ ਲਾਇਸੈਂਸੀ ਹਥਿਆਰ ਹਨ ਜੋ ਥਾਣਿਆਂ ਜਾਂ ਅਸਲਾ ਡੀਲਰਾਂ ਕੋਲ ਜਮ੍ਹਾਂ ਕਰਵਾਉਣੇ ਪੈਂਦੇ ਹਨ। ਇਨ੍ਹਾਂ ਵਿੱਚੋਂ 1500 ਦੀ ਪ੍ਰਾਪਤੀ ਕਰ ਲਈ ਗਈ ਹੈ ਅਤੇ ਬਾਕੀ ਅਸਲਾ ਲਾਇਸੈਂਸ ਧਾਰਕਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਛੋਟ ਪ੍ਰਾਪਤ ਸ਼੍ਰੇਣੀਆਂ ਨੂੰ ਛੱਡ ਕੇ ਏਅਰ ਗਨ ਵਰਗੇ ਹਥਿਆਰ ਵੀ ਜਮ੍ਹਾਂ ਕਰਵਾਏ ਜਾਣਗੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਾਈਵੇਟ ਬਾਊਂਸਰਾਂ ਆਦਿ ਦੀ ਵਰਤੋਂ ਨੂੰ ‘ਮਸਲ ਪਾਵਰ’ ਵਜੋਂ ਮੰਨਿਆ ਜਾਵੇਗਾ ਕਿਉਂਕਿ ਸਾਰੇ ਉਮੀਦਵਾਰਾਂ ਨੂੰ ਪੁਲਿਸ ਵੱਲੋਂ ਢੁੱਕਵੀਂ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਬਕਾਰੀ ਅਤੇ ਪੁਲਿਸ ਦੀਆਂ ਸਾਂਝੀਆਂ ਟੀਮਾਂ ਹਰ ਨਾਕੇ ‘ਤੇ ਗੈਰ-ਕਾਨੂੰਨੀ ਸਮਾਨ ਦੀ ਆਮਦ ਨੂੰ ਰੋਕਣ ਲਈ ਹਨ ਜੋ ਚੋਣ ਪ੍ਰਕਿਰਿਆ ਵਿਚ ਰੁਕਾਵਟ ਪਾਉਣ ਲਈ ਵਰਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀ ਇੱਕ ਕੰਪਨੀ ਪਹਿਲਾਂ ਹੀ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ ਅਤੇ ਗਸ਼ਤ, ਫਲੈਗ ਮਾਰਚ, ਏਰੀਆ ਡੋਮੀਨੇਸ਼ਨ ਆਦਿ ਲਈ ਲੋੜ ਅਨੁਸਾਰ ਤਾਇਨਾਤ ਕੀਤੀ ਗਈ ਹੈ।
ਉਨ੍ਹਾਂ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਚੋਣ ਪ੍ਰਕਿਰਿਆ ਤੋਂ ਦੂਰ ਰਹਿਣ ਨਹੀਂ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪੁਲਿਸ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਦਿਆਂ ਸ਼ਾਂਤਮਈ ਚੋਣ ਪ੍ਰਕਿਰਿਆ ਕਰਵਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ।
ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਗੁੰਮਰਾਹਕੁੰਨ ਸੂਚਨਾਵਾਂ, ਜਾਅਲੀ ਖ਼ਬਰਾਂ ਅਤੇ ਪੇਡ ਨਿਊਜ਼ (ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ) ਨੂੰ ਰੋਕਣ ਅਤੇ ਉਸ ‘ਤੇ ਨਜ਼ਰ ਰੱਖਣ ਲਈ ਪਹਿਲਾਂ ਹੀ ਇੱਕ ਮੀਡੀਆ ਨਿਗਰਾਨੀ ਸੈੱਲ ਕੰਮ ਕਰ ਰਿਹਾ ਹੈ ਜਿੱਥੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ‘ਤੇ ਕਿਸੇ ਵੀ ਸਿਆਸੀ ਇਸ਼ਤਿਹਾਰ ਲਈ ਸੰਸਦੀ ਹਲਕੇ ਦੇ ਰਿਟਰਨਿੰਗ ਅਫ਼ਸਰ ਦੀ ਪ੍ਰਧਾਨਗੀ ਹੇਠ ਗਠਿਤ ਕਮੇਟੀ ਦੇ ਪੱਧਰ ‘ਤੇ ਪ੍ਰੀ-ਸਰਟੀਫ਼ਿਕੇਸ਼ਨ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੋਲਿੰਗ ਦੇ ਆਖ਼ਰੀ 48 ਘੰਟਿਆਂ ਦੌਰਾਨ ਅਖ਼ਬਾਰਾਂ ਵਿੱਚ ਲਾਏ ਜਾਣ ਵਾਲੇ ਪ੍ਰਿੰਟ ਮੀਡੀਆ ਇਸ਼ਤਿਹਾਰਾਂ ਲਈ ਵੀ ਪ੍ਰਮਾਣੀਕਰਣ ਦੀ ਲੋੜ ਹੁੰਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਕਿਹਾ ਕਿ ਐਮ.ਸੀ.ਸੀ. ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਪਿਛਲੇ ਦਿਨੀਂ ਸਿਆਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *