ਪਹਿਲ ਪ੍ਰੋਜੈਕਟ ਤਹਿਤ ਸਵੈ ਸਹਾਇਤਾ ਸਮੂਹਾਂ ਨੇ ਤਿਆਰੀ ਕੀਤੀਆਂ 10000 ਵਿਦਿਆਰਥੀਆਂ ਲਈ ਸਕੂਲੀ ਵਰਦੀਆਂ

ਫਾਜ਼ਿਲਕਾ, 2 ਜੁਲਾਈ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਜੀਵਿਕਾ ਮਿਸ਼ਨ ਪੰਜਾਬ ਤਹਿਤ ਸਵੈ ਸਹਾਇਤਾ ਸਮੂਹਾਂ ਦੇ ਰਾਹੀਂ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ ਦੇ ਉਪਰਾਲਿਆਂ ਦੀ ਲੜੀ ਵਿਚ ਪ੍ਰੋਜੈਕਟ ਪਹਿਲ ਸ਼ੁਰੂ ਕੀਤਾ ਗਿਆ ਹੈ।
ਇਸ ਤਹਿਤ ਜ਼ਿਲ੍ਹੇ ਵਿਚ ਔਰਤਾਂ ਦੇ ਸਮੂਹ ਨੇ 10 ਹਜਾਰ ਸਕੂਲੀ ਵਰਦੀਆਂ ਤਿਆਰ ਕਰਕੇ ਆਪਣੀ ਸਫਲਤਾ ਦੀ ਕਹਾਣੀ ਲਿਖੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਉਤਸਾਹਜਨਕ ਨਤੀਜੇ ਨਿਕਲੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ  ਇਸ ਪ੍ਰੋਜੈਕਟ ਲਈ 10000 ਸਕੂਲ ਵਰਦੀਆਂ ਦਾ ਆਰਡਰ ਸਵੈ ਸਹਾਇਤਾ ਸਮੂਹਾਂ ਨੂੰ ਦੁਆਇਆ ਗਿਆ ਸੀ। ਬਲਾਕ ਜਲਾਲਾਬਾਦ ਦੇ ਸੈਲਫ ਹੈਲਪ ਸਮੂਹਾਂ ਦੀਆਂ ਲਗਭਗ 60 ਔਰਤਾਂ ਵੱਲੋਂ ਜਨਵਰੀ ਮਹੀਨੇ ਤੋਂ ਇਸ ਪ੍ਰੋਜੈਕਟ ਵਿੱਚ ਵਰਦੀਆਂ ਦੀ ਸਿਲਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਇੱਥੇ ਦੱਸਣਯੋਗ ਹੈ ਕਿ ਆਜੀਵਿਕਾ ਮਿਸ਼ਨ ਪੰਜਾਬ ਵੱਲੋਂ ਹਮੇਸ਼ਾ ਔਰਤਾਂ ਨੂੰ ਰੁਜ਼ਗਾਰ ਦੇਣ ਲਈ ਯਤਨ ਕੀਤੇ ਜਾਂਦੇ ਹਨ।  ਪਹਿਲਾਂ ਸਰਕਾਰੀ ਸਕੂਲ ਦੀਆਂ ਵਰਦੀਆਂ ਸਕੂਲ ਪੱਧਰ ਤੋਂ ਆਪਣੇ ਤੌਰ ਤੇ ਖਰੀਦੀਆਂ ਜਾਂਦੀਆਂ ਸੀ। ਇਸ ਵਾਰ ਪੰਜਾਬ ਸਰਕਾਰ ਵੱਲੋਂ ਵਰਦੀਆਂ ਦੀ ਸਿਲਾਈ ਦਾ ਕੰਮ ਆਜੀਵਿਕਾ ਮਿਸ਼ਨ ਨੂੰ ਦਿੱਤਾ  ਗਿਆ।  ਮਿਸ਼ਨ ਵੱਲੋਂ ਪਿੰਡਾਂ ਵਿੱਚੋ ਇਸ ਪ੍ਰੋਜੈਕਟ ਲਈ ਪਿੰਡਾਂ ਵਿੱਚ ਕੰਮ ਕਰਨ ਲਈ ਔਰਤਾਂ ਦੀ ਚੋਣ ਕੀਤੀ ਗਈ, ਫਿਰ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਵਾਂ (RSETI) ਜ਼ੀਰਾ ਦੇ ਸਹਿਯੋਗ ਨਾਲ ਇਹਨਾਂ ਔਰਤਾਂ ਨੂੰ ਸਿਖਲਾਈ ਦਿੱਤੀ ਗਈ। ਸਿਖਲਾਈ ਦੇਣ ਉਪੰਰਤ ਇਹਨਾਂ ਔਰਤਾਂ ਵੱਲੋਂ ਪਿੰਡ ਮੋਹਰ ਸਿੰਘ ਵਾਲਾ, ਜਲਾਲਾਬਾਦ ਵਿਖੇ ਬਣੇ ਪਹਿਲ ਆਜੀਵਿਕਾ ਹੌਜ਼ਰੀ ਸੈਂਟਰ ਵਿਖੇ ਸਿਲਾਈ ਦਾ ਕੰਮ ਪੂਰਾ ਕੀਤਾ ਗਿਆ। ਹੁਣ ਔਰਤਾਂ ਵੱਲੋਂ ਇਹ 10000 ਵਰਦੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਇਹ ਵਰਦੀਆਂ ਸਕੂਲਾਂ ਵਿੱਚ ਦੇਣ ਲਈ ਬਿਲਕੁਲ ਤਿਆਰ ਹਨ। ਜਲਦੀ ਹੀ ਇਹ ਵਰਦੀਆਂ ਜਲਾਲਾਬਾਦ ਦੇ ਸਾਰੇ ਸਕੂਲਾਂ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ।
ਪ੍ਰੋਜੈਕਟ ਦੀ ਜ਼ਿਲ੍ਹਾ ਇੰਚਾਰਜ ਸ਼੍ਰੀਮਤੀ ਨਵਨੀਤ ਕੌਰ ਨੇ ਦੱਸਿਆ ਕਿ ਇਸ ਤਰਾਂ ਪਿੰਡਾਂ ਦੀਆਂ ਇੰਨ੍ਹਾਂ ਔਰਤਾਂ ਨੂੰ ਰੋਜਗਾਰ ਮਿਲਿਆ ਹੈ ਅਤੇ ਉਹ ਆਪਣੇ ਪਿੰਡ ਵਿਚ ਹੀ ਰਹਿ ਕੇ ਉਹ ਆਪਣੇ ਪਰਿਵਾਰ ਦੀ ਆਮਦਨ ਵਾਧਾ ਕਰਨ ਵਿਚ ਸਫਲ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਤਹਿਤ ਇੰਨ੍ਹਾਂ ਸਮੂਹਾਂ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *