ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਿੱਖਾਂ ਵਾਲਾ ਰੋਡ ਕੋਟਕਪੂਰਾ ਵਿਖੇ ਸਥਿਤ ਜੋਨਲ ਦਫਤਰ ਵਿੱਚ ਚਲਾਏ ਜਾ ਰਹੇ ਗੁਰੂ ਨਾਨਕ ਮੋਦੀਖਾਨਾ ਵਿੱਚ ਸਰਦੀ ਦੇ ਕੱਪੜੇ ਅਤੇ ਹੋਰ ਵਸਤੂਆਂ ਪਹੁੰਚਾਉਣ ਲਈ ਕਰਵਾਏ ਗਏ ਸਮਾਰੋਹ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੋਰੀਆ, ਉਪ ਚੇਅਰਮੈਨ ਬਿੱਟਾ ਠੇਕੇਦਾਰ ਅਤੇ ਸਰਪ੍ਰਸਤ ਗੁਰਿੰਦਰ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ 1996 ਵਿੱਚ ਪਹਿਲੀਵਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਕ ਸ਼ਖਸ਼ੀਅਤ ਉਸਾਰੀ ਕੈਂਪ ਵਿੱਚ ਸ਼ਮੂਲੀਅਤ ਕੀਤੀ, ਜਿਸ ਨੇ ਉਨ੍ਹਾਂ ਦੀ ਜਿੰਦਗੀ ਤਬਦੀਲ ਕਰਕੇ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਦੀ ਜਰੂਰਤ ਹੈ, ਜਿਸ ਲਈ ਇਸ ਤਰਾਂ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਅ ਰਹੀਆਂ ਹਨ। ਉਨ੍ਹਾਂ ਗੁਰੂ ਨਾਨਕ ਮੋਦੀਖਾਨਾ ਦੇ ਸੰਚਾਲਕਾਂ ਅਤੇ ਸੇਵਾਦਾਰਾਂ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਤੇ ਕਿਹਾ ਕਿ ਅੱਜ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਦੀ ਬਹੁਤ ਸਖਤ ਜਰੂਰਤ ਹੈ ਤੇ ਜਿਹੜੀਆਂ ਸੰਸਥਾਵਾਂ, ਜਥੇਬੰਦੀਆਂ ਇਹ ਸੇਵਾ ਕਾਰਜ ਕਰ ਰਹੀਆਂ ਹਨ, ਸਮੁੱਚੇ ਦੇਸ਼ ਅਤੇ ਸਮਾਜ ਨੂੰ ਉਨ੍ਹਾਂ ’ਤੇ ਮਾਣ ਹੈ।

ਇਸ ਮੌਕੇ ਡਾ. ਸੁਖਚੈਨ ਸਿੰਘ ਬਰਾੜ, ਪੋ੍ਰ. ਐੱਚ.ਐੱਸ. ਪਦਮ, ਕੈਪ. ਜਰਨੈਲ ਸਿੰਘ ਮਾਨ, ਡਾ. ਦੇਵ ਰਾਜ, ਮਨਤਾਰ ਸਿੰਘ ਮੱਕੜ ਅਤੇ ਗੁਰਵਿੰਦਰ ਸਿੰਘ ਸਿਵੀਆਂ ਆਦਿ ਨੇ ਸਾਹਿਤਕ ਅਤੇ ਉਸਾਰੂ ਰਚਨਾਵਾਂ ਨਾਲ ਆਪਣੀ ਹਾਜਰੀ ਲਵਾਈ। ਕਲੱਬ ਦੇ ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ,  ਡਾ ਅਵੀਨਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਖਾਲਸਾ ਨੇ ਜਥੇਬੰਦੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਸੰਖੇਪ ਵਿੱਚ ਜਿਕਰ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਮੋਦੀਖਾਨਾ ਵਿੱਚੋਂ ਹੁਣ ਤੱਕ 32 ਹਜਾਰ ਤੋਂ ਜਿਆਦਾ ਪਰਿਵਾਰ ਵੱਖ ਵੱਖ ਕਿਸਮਾਂ ਦੀ ਮਦਦ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਜਰੂਰਤਮੰਦ ਦੀ ਬੇਟੀ ਦਾ ਵਿਆਹ, ਬੱਚਿਆਂ ਦੀ ਫੀਸ, ਮਕਾਨ ਦੀ ਮੁਰੰਮਤ, ਖੁਸ਼ੀ-ਗਮੀ ਦੇ ਸਮਾਗਮਾ ਮੌਕੇ ਮੱਦਦ ਕਰਨੀ ਹੈ ਤਾਂ ਪਹਿਲਾਂ ਉਸਦੀ ਡੂੰਘਾਈ ਨਾਲ ਬਕਾਇਦਾ ਪੜਤਾਲ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜਥੇਬੰਦੀ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਅਜੇ ਹੋਰ ਅਨੇਕਾਂ ਸੇਵਾ ਕਾਰਜਾਂ ਦੀ ਰਣਨੀਤੀ ਤਿਆਰ ਕਰਨ ਦੀ ਵਿਵਸਥਾ ਬਾਰੇ ਵੀ ਵਿਚਾਰ ਚਰਚਾ ਚੱਲ ਰਹੀ ਹੈ।

 ਇਸ ਮੌਕੇ ਕਲੱਬ ਦੇ ਅਨੇਕਾਂ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਸਪੀਕਰ ਸੰਧਵਾਂ ਦੀ ਟੀਮ ਦੇ ਮੈਂਬਰ ਵੀ ਹਾਜਰ ਸਨ।

Leave a Reply

Your email address will not be published. Required fields are marked *