ਮੋਗਾ, 15 ਜਨਵਰੀ,
ਪੰਜਾਬ ਦੇ ਵਸਨੀਕਾਂ ਵਿਚ ਵੋਟਰ ਐਜੂਕੇਸ਼ਨ ਅਤੇ ਭਾਗੀਦਾਰੀ ਨੂੰ ਪ੍ਰੋਮੋਟ ਕਰਨ ਲਈ ਮੁੱਖ ਚੋਣ ਅਧਿਕਾਰੀ,ਪੰਜਾਬ ਵੱਲੋਂ ਕਰਵਾਏ ਜਾ ਰਹੇ 15ਵੇਂ ਰਾਸ਼ਟਰੀ ਵੋਟਰ ਦਿਵਸ ਚੋਣ ਕੁਇਜ਼-2025 ਬਾਰੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਮੋਗਾ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ, ਕੋਚਿੰਗ ਸੈਂਟਰਾਂ ਦੇ ਵਿਦਿਆਰਥੀਆਂ ਨੂੰ ਇਸ ਵਿਚ ਭਾਗ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਕੁਇਜ਼ ਸਬੰਧੀ ਪੋਟੈਂਸ਼ੀਆ ਅਕੈਡਮੀ ਦੇ ਵਿਦਿਆਰਥੀਆਂ ਨੂੰ ਸਾਬਕਾ ਸਵੀਪ ਕੋਆਰਡੀਨੇਟਰ ਬਲਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਇਕ ਆਨਲਾਈਨ ਕੁਇਜ਼ ਹੈ ਜਿਸ ਦਾ ਸਮਾਂ 60 ਮਿੰਟ ਹੈ। ਇਸ ਵਿਚ ਮਲਟੀਪਲ ਚੁਆਇਸ ਕਿਸਮ ਦੇ 75 ਪ੍ਰਸ਼ਨ ਹੋਣਗੇ ਅਤੇ ਸਾਰੇ ਪ੍ਰਸ਼ਨ ਲਾਜ਼ਮੀ ਹਨ। ਪ੍ਰਸ਼ਨ ਅੰਗ੍ਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਹੋਣਗੇ, ਹਰੇਕ ਪ੍ਰਸ਼ਨ ‘ਚ ਚਾਰ ਆਪਸ਼ਨਾਂ ਹੋਣਗੀਆਂ ਅਤੇ ਸਿਰਫ ਇਕ ਹੀ ਸਹੀ ਹੋਵੇਗੀ। ਨੈਗੇਟਿਵ ਮਾਰਕਿੰਗ ਹੋਵੇਗੀ ਅਤੇ ਹਰੇਕ ਗ਼ਲਤ ਉੱਤਰ ਲਈ ਅਲਾਟ ਕੀਤੇ ਅੰਕਾਂ ਦਾ 1/3 ਹਿੱਸਾ ਕੱਟਿਆ ਜਾਵੇਗਾ। ਸਿਲੇਬਸ ਵਿਚ ਪਿਛਲੀਆਂ ਚੋਣਾਂ, ਅਸੈਂਬਲੀ ਅਤੇ ਲੋਕ ਸਭਾ ਚੋਣਾਂ, ਚੋਣ ਸਾਖਰਤਾ, ਵੋਟਰ ਭਾਗੀਦਾਰੀ ਅਤੇ ਭਾਰਤੀ ਚੋਣ ਪ੍ਰਕਿਰਿਆ ਟੋਪਿਕ ਸ਼ਾਮਿਲ ਹੋਣਗੇ। ਨਿਰਧਾਰਤ ਲਿੰਕ ‘ਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 17 ਜਨਵਰੀ 2025 ਹੈ। ਰਜਿਸਟ੍ਰੇਸ਼ਨ ਲਈ ਵੈਲਿਡ ਈਮੇਲ ਐਡਰੈੱਸ ਅਤੇ ਸ਼ਨਾਖਤੀ ਸਬੂਤ (ਵੋਟਰ ਆਈਡੀ, ਆਧਾਰ ਕਾਰਡ ਜਾਂ ਸਕੂਲ/ਕਾਲਜ ਆਈਡੀ) ਲੋੜੀਂਦੇ ਹਨ। ਸਿਰਫ ਪੰਜਾਬ ਦੇ ਰਜਿਸਟਰਡ ਵੋਟਰ ਅਤੇ ਵਿਦਿਆਰਥੀ ਹੀ ਕੁਇਜ਼ ਵਿੱਚ ਭਾਗ ਲੈ ਸਕਦੇ ਹਨ। ਕੁਇਜ਼ ਲਈ ਉਮਰ ਦੀ ਉਪਰਲੀ ਹੱਦ ਕੋਈ ਨਹੀਂ ਹੈ।
ਉਹਨਾਂ ਦੱਸਿਆ ਕਿ ਆਨਲਾਈਨ ਕੁਇਜ਼ ਐਂਟਰੀ 19 ਜਨਵਰੀ 2025 ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸਿਰਫ ਅਲਾਟ ਹੋਏ ਟਾਈਮ ਸਲੌਟ ਵਿਚ ਹੋਵੇਗੀ। ਕੁਇਜ਼ ਵਿਚ ਅਪੀਅਰ ਹੋਣ ਵਾਲੇ ਹਰੇਕ ਭਾਗੀਦਾਰ ਦਾ ਨਤੀਜ਼ਾ ਕੁਇਜ਼ ਦੇ ਤੁਰੰਤ ਬਾਅਦ ਉਪਲਬਧ ਹੋਵੇਗਾ ਜਦੋਂ ਕਿ ਜ਼ਿਲ੍ਹਾ ਟੌਪਰਾਂ ਦਾ ਐਲਾਨ 20 ਜਨਵਰੀ 2025 ਨੂੰ ਹੋਵੇਗਾ। ਬਾਅਦ ਵਿੱਚ 23 ਜ਼ਿਲ੍ਹਿਆਂ ਦੇ ਟੌਪਰਾਂ ਦਾ ਆਫ਼ਲਾਈਨ ਕੁਇਜ਼ ਲੁਧਿਆਣਾ ਵਿਖੇ 24 ਜਨਵਰੀ 2025 ਨੂੰ ਹੋਵੇਗਾ। ਰਾਜ ਪੱਧਰ ‘ਤੇ ਪਹਿਲਾ ਇਨਾਮ ਲੈਪਟੋਪ,ਦੂਜਾ ਇਨਾਮ ਟੈਬਲਿਟ ਅਤੇ ਤੀਜਾ ਇਨਾਮ ਸਮਾਰਟ ਵਾਚ ਤੋਂ ਇਲਾਵਾ ਹਰੇਕ ਜ਼ਿਲ੍ਹੇ ਦੇ ਟੋਪ ਸਕੋਰ ਕਰਨ ਵਾਲੇ ਨੂੰ ਸਮਾਰਟ ਫ਼ੋਨ ਦਿੱਤੇ ਜਾਣਗੇ।ਕੁਇਜ਼ ਵਿੱਚ ਵੱਧ ਤੋਂ ਵੱਧ ਭਾਗ ਲੇਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਅਕੈਡਮੀ ਦੇ ਡਾਇਰੈਕਟਰ ਪ੍ਰੋ. ਸੁਖਦਵਿੰਦਰ ਸਿੰਘ ਕੌੜਾ, ਮੈਡਮ ਸੁਖਵਿੰਦਰ ਕੌਰ ਤੋਂ ਇਲਾਵਾ ਹੋਰ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।