ਯੁਵਕ ਸੇਵਾਵਾਂ ਵਿਭਾਗ ਦਾ ਦੋ ਰੋਜ਼ਾ ਓਪਨ ਯੁਵਕ ਮੇਲਾ ਸਫ਼ਲਤਾ ਪੂਰਵਕ ਸੰਪੰਨ

ਮੋਗਾ 12 ਜਨਵਰੀ:
ਨੌਜਵਾਨਾਂ ਵਿਚਲੀ ਕਲਾ ਦਾ ਨਿਖਾਰ ਕਰਨ ਲਈ ਅਤੇ ਉਨ੍ਹਾਂ ਦੀ ਸਖਸ਼ੀਅਤ ਦੀ ਉਸਾਰੀ ਕਰਨ ਲਈ  ਯੁਵਕ ਸੇਵਾਵਾਂ ਵਿਭਾਗ  ਦਾ ਦੋ ਰੋਜ਼ਾ ਓਪਨ ਯੁਵਕ ਮੇਲਾ ਅੱਜ ਸਫ਼ਲਤਾ ਪੂਰਵਕ ਸੰਪੰਨ ਹੋ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ, ਮੋਗਾ ਵਿਖੇ ਕੀਤਾ ਗਿਆ ਸੀ।
ਇਸ ਯੁਵਕ ਮੇਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ  ਨੌਜਵਾਨਾਂ ਨੂੰ ਆਪਣੇ ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਹਨਾਂ ਯੁਵਕ ਸੇਵਾਵਾਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਸੱਭਿਆਚਾਰ ਨਾਲ ਜੋੜੀ ਰੱਖਣ ਵਿੱਚ ਮੀਲ ਪੱਥਰ ਸਾਬਿਤ ਹੁੰਦੇ ਹਨ।
ਪ੍ਰੋਗਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਹਨਾਂ ਨੌਜਵਾਨਾਂ ਨੂੰ ਆਪਣੇ ਭਾਸ਼ਣ ਜਰੀਏ ਪੰਜਾਬੀ ਵਿਰਸੇ ਨਾਲ ਨੇੜਤਾ ਵਧਾਉਣ ਤੇ ਜੋਰ ਦਿੱਤਾ।
ਇਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕਰਕੇ ਰੰਗਾਰੰਗ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਸ੍ਰ. ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਪਹਿਲੇ ਦਿਨੇ ਇਸ ਮੇਲੇ ਵਿੱਚ ਭੰਗੜਾ,  ਲੁੱਡੀ/ਸੰਮੀ,  ਲੋਕ-ਸਾਜ਼ ਮੁਕਾਬਲਾ,  ਭਾਸ਼ਣ ਪ੍ਰਤੀਯੋਗਤਾ/ਡੀਬੇਟ,  ਵਾਰ-ਗਾਇਨ, ਕਵੀਸ਼ਰੀ ਅਤੇ ਫਾਈਨ ਆਰਟਸ ਮੁਕਾਬਲੇ (ਪੋਸਟਰ ਬਣਾਉਣਾ, ਕਲਾਜ਼ ਬਣਾਉਣਾ, ਕਲੇਅ ਮਾਡਲਿੰਗ, ਕਾਰਟੂਨਿੰਗ, ਰੰਗੋਲੀ ਅਤੇ ਮਹਿੰਦੀ) ਆਇਟਮਾਂ ਦੇ ਮੁਕਾਬਲੇ ਕਰਵਾਏ ਗਏ। ਅੱਜ ਮੇਲੇ ਦੇ ਦੂਸਰੇ ਦਿਨ ਗਿੱਧਾ, ਗੱਤਕਾ, ਰਵਾਇਤੀ ਲੋਕ-ਗੀਤ (ਲੰਮੀਆਂ ਹੇਕਾਂ ਵਾਲੇ),  ਪੁਰਾਤਨ ਪਹਿਰਾਵਾ,  ਭੰਡ,  ਮੋਨੋ-ਐਕਟਿੰਗ, ਬੇਕਾਰ ਵਸਤੂਆਂ ਦਾ ਸਦਉਪਯੋਗ ਅਤੇ ਰਵਾਇਤੀ ਲੋਕ ਕਲਾ ਮੁਕਾਬਲੇ ( ਫੁਲਕਾਰੀ ਕੱਢਣਾ, ਨਾਲੇ ਬੁਨਣਾ, ਪੀੜੀ ਬੁਨਣਾ, ਛਿੱਕੂ ਬਣਾਉਣਾ ਅਤੇ ਪੱਖੀ ਬੁਣਨਾ) ਆਇਟਮਾਂ ਦੇ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਵਿੱਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਪ੍ਰਤੀਯੋਗੀ/ਟੀਮਾਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਬਾਕੀ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ।
ਪ੍ਰੋਗਰਾਮ ਵਿੱਚ  ਪ੍ਰਧਾਨ ਪ੍ਰਵੀਨ ਗਰਗ,ਚੇਅਰਮੈਨ ਜਨੇਸ਼ ਗਰਗ, ਮੈਨੇਜਰ ਡਾ ਮੁਸਕਾਨ ਗਰਗ, ਪ੍ਰਿੰਸੀਪਲ ਸੋਨੀਆ ਵਰਮਾ, ਗੁਰਪ੍ਰੀਤ ਸਿੰਘ ਘਾਲੀ, ਐਡਵੋਕੇਟ ਗੁਰਪ੍ਰੀਤ ਸਿੰਘ ਪਵਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *