ਤੀਜੀ ਇੰਟਰ ਸਟੇਟ ਕਨਸਲਟੇਟਿਵ ਐਂਡ ਮੋਨਟਰਿੰਗ ਕਮੇਟੀ ਫਾਰ ਕਾਟਨ 2024 ਸਬੰਧੀ ਮੀਟਿੰਗ ਆਯੋਜਿਤ

ਬਠਿੰਡਾ, 18 ਜੁਲਾਈ : ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ.ਸਤਬੀਰ ਸਿੰਘ ਗੌਸਲ, ਦੀ ਪ੍ਰਧਾਨਗੀ ਹੇਠ ਅਤੇ ਕੇਨ ਕਮਿਸ਼ਨਰ ਪੰਜਾਬ ਡਾ. ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਵਿੱਚ ਸਥਾਨਕ ਖੇਤੀ ਭਵਨ ਵਿਖੇ ਤੀਜੀ ਅੰਤਰ-ਰਾਜੀ ਸਲਾਹਕਾਰ ਅਤੇ ਮੋਨਟਰਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋ ਭਾਗ ਲਿਆ ਗਿਆ।

ਮੀਟਿੰਗ ਦੀ ਸ਼ੁਰਆਤ ਵਿੱਚ ਡਾ. ਰਹੇਜਾ ਵੱਲੋ ਸਮੂਹ ਅਧਿਕਾਰੀਆ ਨੂੰ ਜੀ-ਆਇਆ ਕਿਹਾ ਗਿਆ ਅਤੇ ਜ਼ਿਲ੍ਹੇਵਾਰ ਮੁੱਖ ਖੇਤੀਬਾੜੀ ਅਫਸਰਾਂ ਤੋਂ ਨਰਮੇ ਦੀ ਫ਼ਸਲ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਜਗਸੀਰ ਸਿੰਘ ਨੇ ਹਾਊਸ ਦੇ ਧਿਆਨ ਵਿੱਚ ਲਿਆਂਦਾ ਕਿ ਜ਼ਿਲ੍ਹੇ ਵਿੱਚ ਕੁੱਲ 14500 ਹੈਕ. ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ। ਨਰਮੇ ਦੀ ਫ਼ਸਲ ਦਾ ਸਮੇ-ਸਮੇ ਸਿਰ ਸਰਵੇਖਣ ਕਰਨ ਹਿੱਤ ਇੱਕ ਜ਼ਿਲ੍ਹਾ ਪੱਧਰੀ 7 ਬਲਾਕ ਪੱਧਰੀ ਅਤੇ 44 ਸਰਕਲ ਪੱਧਰੀ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ ਜੋ ਕਿ ਨਰਮੇ ਦੀ ਫ਼ਸਲ ਤੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹੋਣ ਵਾਲੇ ਹਮਲੇ ਸਬੰਧੀ ਸਰਵੇਖਣ ਰਿਪੋਰਟ ਸੋਮਵਾਰ ਅਤੇ ਵੀਰਵਾਰ ਨੂੰ ਭੇਜਦੀਆਂ ਹਨ, ਜੋ ਕਿ ਕੰਪਾਈਲ ਹੋਣ ਉਪਰੰਤ  ਉਚ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ। ਪਿਛਲੇ ਹਫਤੇ ਸਰਵੇਖਣ ਦੀਆਂ ਰਿਪੋਰਟਾਂ ਦੇ ਆਧਾਰ ਤੇ ਨਰਮੇ ਦੀ ਫਸਲ ਤੇ ਚਿੱਟਾ ਮੱਛਰ ਵੇਖਿਆ ਗਿਆ ਜੋ ਕਿ ਆਰਥਿਕ ਕਾਗਾਰ ਤੋ ਹੇਠਾਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਸਮ ਖੁਸ਼ਕ ਰਹਿਣ ਕਾਰਨ ਅਤੇ ਬਾਰਸ਼ ਨਾ ਪੈਣ ਕਾਰਨ ਨਰਮੇ ਦਾ ਕੱਦ ਬਹੁਤ ਛੋਟਾ ਰਹਿ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਹੁਣ ਤੱਕ ਲਗਭਗ 500 ਫਿਰੋਮਿਨ ਟਰੈਪਸ ਲਗਾਏ ਜਾ ਚੁੱਕੇ ਹਨ ਅਤੇ ਹੋਰ ਵੀ ਫਿਰੋਮਿਨ ਟਰੈਪਸ ਮੰਗਵਾਏ ਜਾ ਰਹੇ ਹਨ। ਇਸ ਤੋ ਇਲਾਵਾ ਇਸ ਮੀਟਿੰਗ ਵਿੱਚ ਕਾਟਨ ਬੈਲਟ ਦੇ ਜ਼ਿਲ੍ਹਿਆਂ ਤੋ ਪਹੁੰਚੇ ਮੁੱਖ ਖੇਤੀਬਾੜੀ ਅਫਸਰਾਂ ਨੇ ਵੀ ਆਪਣੇ-ਆਪਣੇ ਜ਼ਿਲ੍ਹੇ ਦੀ ਰਿਪੋਰਟ ਪੇਸ਼ ਕੀਤੀ।

          ਮੀਟਿੰਗ ਦੌਰਾਨ ਡਾ. ਗੋਸਲ ਨੇ ਹਾਊਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਉਣੀ 2024 ਦੌਰਾਨ ਰਾਜ ਵਿੱਚ ਨਰਮੇ ਦੀ ਫਸਲ ਹੇਠ 2 ਲੱਖ ਹੈਕਟੇਅਰ ਬਿਜਾਈ ਕਰਨ ਦਾ ਟੀਚਾ ਮਿਥਿਆ ਗਿਆ ਸੀ, ਜਿਸ ਦੇ ਮੁਕਾਬਲੇ ਲਗਭਗ ਇੱਕ ਲੱਖ ਹੈਕ. ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ। ਨਰਮਾ ਪੱਟੀ ਦੇ ਜ਼ਿਲ੍ਹਿਆਂ ਵਿੱਚ ਕੀਟ ਸਰਵੇਖਣ ਕਰਨ ਲਈ ਸਰਕਲ, ਬਲਾਕ ਅਤੇ ਜ਼ਿਲ੍ਹਾ ਪੱਧਰੀ ਟੀਮਾਂ ਗਠਿਤ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਸਮੇ-ਸਮੇ ਤੇ ਨਰਮੇ ਦੀ ਫਸਲ ਦਾ ਸਰਵੇਖਣ ਕਰਦੀਆਂ ਹਨ ਅਤੇ ਮੌਕੇ ਤੇ ਹੀ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਹੈ। ਪ੍ਰਿੰਸੀਪਲ ਕੀਟ ਵਿਗਿਆਨੀ ਲੁਧਿਆਣਾ ਡਾ. ਵਿਜੇ ਕੁਮਾਰ ਨੇ ਨਰਮੇ ਦੀ ਫ਼ਸਲ ਤੇ ਪੈਣ ਵਾਲੇ ਰਸ ਚੂਸਕ ਕੀੜਿਆਂ ਅਤੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ, ਹਮਲੇ ਅਤੇ ਸਮਾਧਾਨ ਬਾਰੇ ਸਮੂਹ ਹਾਊਸ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਨਿਰਦੇਸ਼ਕ ਖੋਜ, ਪੀ.ਏ.ਯੂ., ਲੁਧਿਆਣਾ ਡਾ.ਅਜਮੇਰ ਸਿੰਘ ਢੱਟ ਵੱਲੋ ਦੱਸਿਆ ਗਿਆ ਕਿ ਨਰਮੇ ਦੀ ਫਸਲ ਨੂੰ ਸਰਵਪੱਖੀ ਕੀਟ ਪ੍ਰਬੰਧਨ ਨਾਲ ਹੀ ਬਚਾਇਆ ਜਾ ਸਕਦਾ ਹੈ। ਨਿਰਦੇਸ਼ਕ ਪ੍ਰਸਾਰ ਸਿੱਖਿਆ, ਪੀ.ਏ.ਯੂ ਲੁਧਿਆਣਾ ਡਾ.ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਰਸ ਚੂਸਕ ਕੀੜਿਆਂ ਦੇ ਕੰਟਰੋਲ ਲਈ ਨਰਮੇ ਦੀ ਫ਼ਸਲ ਤੇ ਨਿੰਮ ਅਧਾਰਤ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਾਟਨ ਬੈਲਟ ਦੇ ਜ਼ਿਲ੍ਹਿਆਂ ਵਿੱਚ ਸਮਰ ਮੂੰਗ ਦੀ ਬਿਜਾਈ ਹੋਣ ਕਾਰਨ ਜੁਲਾਈ ਦੇ ਅੰਤ ਤਕ ਚਿੱਟੀ ਮੱਖੀ ਦੇ ਸਰਵੇਖਣ ਦੇ ਆਧਾਰ ਤੇ ਲੋੜ ਪੈਣ ਤੇ ਹੀ ਨਰਮੇ ਦੀ ਫਸਲ ਤੇ ਸਿਫਾਰਸ਼ਸ਼ੁਦਾ ਸਪਰੇਆਂ ਕਰਨੀਆਂ ਚਾਹੀਦੀਆਂ ਹਨ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋ ਬਚਾਅ ਲਈ ਫੁੱਲ ਬਣਨ ਤੇ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ।

ਮੀਟਿੰਗ ਵਿੱਚ ਡਾਇਰੇਕਟਰ ਖੇਤਰੀ ਖੋਜ ਕੇਂਦਰ, ਬਠਿੰਡਾ ਡਾ.ਕੇ.ਐਸ.ਸੇਖੋਂ ਨੇ ਦੱਸਿਆ ਕਿ ਇਸ ਸਮੇਂ ਇਹ ਮੌਸਮ ਚਿੱਟੀ ਮੱਖੀ ਦੇਵਾਧੇ ਲਈ ਅਨੁਕੂਲ ਹੈ। ਇਸ ਲਈ ਸਰਕਲ ਅਤੇ ਪਿੰਡ ਪੱਧਰੀ ਸਰਵੇਖਣ ਟੀਮਾਂ ਅਲਰਟਰਹਿਣ ਅਤੇ ਕਿਸਾਨ ਸਿਖਲਾਈ ਕੈਪਾਂ ਅਤੇ ਨੁੱਕੜ ਮੀਟਿੰਗਾਂ ਰਾਹੀ ਕਿਸਾਨਾਂ ਨੂੰ ਸਿਰਫ ਪੀ.ਏ.ਯੂ ਵੱਲੋ ਸਿਫਾਰਸ਼ ਕੀਤੀਆਂ ਗਈਆਂ ਦਵਾਈਆਂ ਦੀ ਵਰਤੋ ਕਰਨ ਦੀ ਸਲਾਹ ਦਿੱਤੀ ਜਾਵੇ। ਹੈਡ ਐਡ ਪ੍ਰਿੰਸੀਪਲ ਸਾਇੰਟਿਸਟ ,ਹਿਸਾਰ ਡਾ. ਰਿਸੀ  ਨੇ ਹਰਿਆਣਾ ਸਟੇਟ ਦੀ ਨਰਮੇ ਦੀ ਫਸਲ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਅਤੇ ਕਿਹਾ ਕਿ ਸਮੁੱਚੀ ਫਸਲ ਤੇ ਕੀੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਲਈ ਸਹੀ ਸਪਰੇਅ ਤਕਨਾਲੋਜੀ ਅਡਾਪਟ ਕੀਤੀ ਜਾਵੇ। ਡਾ. ਰਹੇਜਾ ਨੇ ਦੱਸਿਆ ਕਿ ਵੱਧ ਤੋਂ ਵੱਧ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਲੋੜੀਦੀ ਐਡਵਾਈਜ਼ਰੀ ਸਮੇਂ-ਸਮੇਂ ਸਿਰ ਮੁਹੱਈਆ ਕਰਵਾਈ ਜਾਵੇ। ਡਿਪਟੀ ਡਾਇਰੈਕਟਰ (ਦਾਲਾਂ) ਪੰਜਾਬ, ਬਠਿੰਡਾ ਡਾ. ਧਰਮਪਾਲ ਮੌਰੀਆ, ਨੇ ਕਿਹਾ ਕਿ ਸਮਰ ਮੂੰਗ ਦੇ ਜੁਲਾਈ ਅੰਤ ਤੱਕ ਵੱਢੇ ਜਾਣ ਕਾਰਨ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦਾ ਹਮਲਾ ਹੋ ਸਕਦਾ ਹੈ। ਇਸ ਲਈ ਨਰਮੇ ਦੀ ਫ਼ਸਲ ਦੇ ਬਚਾਅ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।

          ਮੀਟਿੰਗ ਵਿੱਚ ਹੋਰ ਰਾਜਾਂ ਤੋ ਆਏ ਵਿਗਿਆਨੀਆਂ ਵੱਲੋ ਵੀ ਪੀ.ਪੀ.ਟੀ.ਰਾਹੀਂ ਆਪਣੇ ਰਾਜਾਂ ਵਿੱਚ ਹੋ ਰਹੀ ਨਰਮੇ ਦੀ ਫ਼ਸਲ ਦੀ ਸਮੀਖਿਆ ਰਿਪੋਰਟ ਵਿਸਥਾਰਪੂਰਵਕ ਪੇਸ਼ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਸਾਇੰਸਦਾਨਾਂ ਤੋ ਇਲਾਵਾ ਜ਼ਿਲ੍ਹਾ ਸਿਖਲਾਈ ਅਫਸਰ ਬਠਿੰਡਾ ਡਾ. ਸਰਵਣ ਸਿੰਘ ਅਤੇ ਜ਼ਿਲ੍ਹੇ ਦੇ ਵੱਖ-ਵੱਖ ਖੇਤੀਬਾੜੀ ਵਿੰਗਾਂ ਦੇ ਅਧਿਕਾਰੀਆਂ ਵੱਲੋ ਭਾਗ ਲਿਆ ਗਿਆ।

Leave a Reply

Your email address will not be published. Required fields are marked *