ਪਰਾਲੀ ਨੂੰ ਅੱਗ ਲਗਾਉਣ ਦੇ ਕੇਸਾਂ ਵਿੱਚ ਪਿਛਲੇ ਸਾਲ ਨਾਲੋਂ 100 ਕੇਸਾਂ ਦੀ ਕਮੀ ਆਈ

ਅੰਮ੍ਰਿਤਸਰ , 30 ਸਤੰਬਰ 2024–

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕੀਤੀਆਂ ਜਾ ਰਹੀਆਂ ਦਿਨ ਰਾਤ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਇਸ ਸਾਲ ਪਿਛਲੇ ਸਾਲ ਨਾਲੋਂ ਹੁਣ ਤੱਕ ਅੱਗ ਦੇ  ਕਰੀਬ 100 ਕੇਸ ਘੱਟ ਆਏ ਹਨ।  ਇਹ ਪ੍ਰਗਟਾਵਾ ਕਰਦੇ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 30 ਸਤੰਬਰ ਤੱਕ 174 ਕੇਸ ਪਰਾਲੀ ਨੂੰ ਅੱਗ ਲਗਾਉਣ ਦੇ ਆ ਚੁੱਕੇ ਸਨਜਦ ਕਿ ਇਸ ਸਾਲ ਕੇਵਲ 71 ਕੇਸ ਉਪਗ੍ਰਹਿ ਨੇ ਰਿਪੋਰਟ ਕੀਤੇ ਹਨਜਿਨਾਂ ਵਿੱਚੋਂ ਸਾਰੀਆਂ ਹੀ ਥਾਵਾਂ ਉੱਤੇ ਸਾਡੇ ਨੋਡਲ ਅਧਿਕਾਰੀਆਂ ਨੇ ਪਹੁੰਚ ਕਰਕੇ ਜਾਂਚ ਕੀਤੀ ਹੈ। ਜਿਸ ਵਿੱਚੋਂ 36 ਥਾਵਾਂ ਉੱਤੇ ਅੱਗ ਲੱਗੀ ਪਾਈ ਗਈ ਅਤੇ ਇਹਨਾਂ ਕਿਸਾਨਾਂ ਨੂੰ 92 ਹਜਾਰ 500 ਰੁਪਏ ਦਾ ਜੁਰਮਾਨਾ ਕੀਤਾ ਗਿਆ।  ਉਹਨਾਂ ਨੇ ਦੱਸਿਆ ਕਿ ਜੁਰਮਾਨਾ ਉਗਰਾਉਣ ਵਿੱਚ ਵੀ ਇਸ ਸਾਲ ਪਿਛਲੇ ਸਾਲ ਨਾਲੋਂ ਤੇਜ਼ੀ ਹੈ ਅਤੇ ਹੁਣ ਤੱਕ 80 ਹਜਾਰ ਰੁਪਏ ਕਿਸਾਨਾਂ ਕੋਲੋਂ ਜੁਰਮਾਨੇ ਵਜੋਂ ਵਸੂਲੇ ਜਾ ਚੁੱਕੇ ਹਨ। ਸ੍ਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਅੱਜ ਤੱਕ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਜਮੀਨੀ ਰਿਕਾਰਡ ਵਿੱਚ 28 ਰੈਡ ਐਂਟਰੀ ਵੀ ਕੀਤੀਆਂ ਗਈਆਂ ਹਨ।

   ਦੱਸਣ ਯੋਗ ਹੈ ਕਿ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਲਗਾਤਾਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਅਧਿਕਾਰੀਆਂ ਦੀਆਂ ਮੀਟਿੰਗਾਂ ਲੈ ਰਹੇ ਹਨ ਅਤੇ ਕੱਲ ਉਹਨਾਂ ਨੇ ਜਿਲਾ ਪੁਲਿਸ ਮੁਖੀ ਨੂੰ ਨਾਲ ਲੈ ਕੇ ਕਈ ਪਿੰਡਾਂ ਦਾ ਦੌਰਾ ਕਰਕੇ ਖੇਤਾਂ ਤੱਕ ਪਹੁੰਚ ਕੀਤੀ ਹੈਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਅੱਜ ਵੀ ਮੁੱਖ ਦਫਤਰ ਵਿਖੇ ਮੀਟਿੰਗਾਂ ਲਈ ਪਹੁੰਚੇ ਐਸਡੀਐਮ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਨੇ ਕੰਮ ਤੋਂ ਤੁਰੰਤ ਵਿਹਲੇ ਕਰਕੇ ਉਹਨਾਂ ਨੂੰ ਪਰਾਲੀ ਦੀ ਅੱਗ ਰੋਕਣ ਲਈ ਖੇਤਾਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ । ਲਗਾਤਾਰ ਉਹਨਾਂ ਵੱਲੋਂ ਰੱਖੀ ਜਾ ਰਹੀ ਇਸ ਤਿੱਖੀ ਨਜ਼ਰ ਦਾ ਨਤੀਜਾ ਹੈ ਕਿ ਪਿੰਡ ਪੱਧਰ ਉੱਤੇ ਲਗਾਏ ਹੋਏ ਨੋਡਲ ਅਧਿਕਾਰੀ ਜਦੋਂ ਵੀ ਕਿਧਰੇ ਅੱਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਹ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਕਰਦੇ ਹਨ ਅਤੇ ਕਿਸਾਨਾਂ ਨੂੰ ਸਮਝਾਉਂਦੇ ਹਨ।  ਇਸ ਤੋਂ ਇਲਾਵਾ ਹਰੇਕ ਪਿੰਡ ਵਿੱਚ ਗੁਰਦੁਆਰਾ ਸਾਹਿਬਾਨ ਤੋਂ ਲਗਾਤਾਰ ਅਨਾਉਂਸਮੈਂਟਾਂ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੋਕਾ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *