ਫਾਜ਼ਿਲਕਾ 26 ਅਪ੍ਰੈਲ
ਫਾਜ਼ਿਲਕਾ ਤੋਂ ਫਿਰੋਜ਼ਪੁਰ ਸੜਕ ਦੇ ਚਹੁੰ ਮਾਰਗੀ ਕਰਨ ਲਈ ਪ੍ਰਕਿਰਿਆਵਾਂ ਤੇਜ਼ ਹੋ ਗਈਆਂ ਹਨ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਦੇ ਨਿਰਦੇਸ਼ਾਂ ਤੇ ਲੋਕ ਨਿਰਮਾਣ ਵਿਭਾਗ (ਨੈਸ਼ਨਲ ਹਾਈਵੇ ਵਿੰਗ) ਦੇ ਨਿਗਰਾਨ ਇੰਜੀਨੀਅਰ ਦੀ ਅਗਵਾਈ ਵਿੱਚ ਇੱਕ ਟੀਮ ਫਾਜ਼ਿਲਕਾ ਪਹੁੰਚੀ ਅਤੇ ਉਨਾਂ ਨੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੂੰ ਇਸ ਸਬੰਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਜਾਣੂ ਕਰਵਾਇਆ। ਜਿਕਰਯੋਗ ਹੈ ਕਿ ਹਲਕਾ ਵਿਧਾਇਕ ਇਸ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਮੰਗ ਨੂੰ ਜ਼ੋਰਦਾਰ ਤਰੀਕੇ ਨਾਲ ਉਠਾ ਰਹੇ ਸਨ ਅਤੇ ਹੁਣ ਇਸ ਸਬੰਧੀ ਕਾਰਵਾਈ ਤੇਜੀ ਨਾਲ ਅੱਗੇ ਵਧਣ ਲੱਗੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਕੇਂਦਰੀ ਸੜਕ ਅਤੇ ਪਰਿਵਾਹਨ ਮੰਤਰੀ ਸ਼੍ਰੀ ਨਿਤਨ ਗਟਕਰੀ ਦੇ ਪੰਜਾਬ ਦੌਰੇ ਸਮੇਂ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਨੇ ਉਹਨਾਂ ਕੋਲ ਇਸ ਸੜਕ ਦਾ ਮੁੱਦਾ ਉਠਾਇਆ ਸੀ ਅਤੇ ਇਸ ਤੋਂ ਬਾਅਦ ਹੁਣੇ ਜਿਹੇ ਉਹ ਦਿੱਲੀ ਜਾ ਕੇ ਵੀ ਉਹਨਾਂ ਕੋਲ ਇਸ ਸੜਕ ਸਬੰਧੀ ਮਿਲੇ ਹਨ। ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਸ ਸੜਕ ਨੂੰ ਦੇਸ਼ ਦੇ ਸਰਹੱਦੀ ਖੇਤਰ ਦੀ ਸੁਰੱਖਿਆ ਦ੍ਰਿਸ਼ਟੀ ਤੋਂ ਮਹੱਤਵਪੂਰਨ ਮੰਨਦਿਆਂ ਇਸ ਦਾ ਕੇਸ ਭੇਜਣ ਲਈ ਕਿਹਾ ਹੈ ।
ਵਿਧਾਇਕ ਨੇ ਦੱਸਿਆ ਕਿ ਇਸੇ ਸੰਦਰਭ ਵਿੱਚ ਅਧਿਕਾਰੀਆਂ ਦੀ ਟੀਮ ਵੱਲੋਂ ਸਾਰਾ ਕੇਸ ਤਿਆਰ ਕਰਕੇ ਭਾਰਤ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਤੋਂ ਇਸ ਸਬੰਧੀ ਹਰੀ ਝੰਡੀ ਮਿਲ ਚੁੱਕੀ ਹੈ । ਉਹਨਾਂ ਨੇ ਕਿਹਾ ਕਿ ਇਹ ਸੜਕ ਦੀ ਲੰਬਾਈ 84 ਕਿਲੋਮੀਟਰ ਹੋਵੇਗੀ ਅਤੇ ਇਹ ਅੱਗੇ ਫਾਜ਼ਿਲਕਾ ਤੋਂ ਅਬੋਹਰ ਵੱਲ ਬਣ ਰਹੇ ਨੈਸ਼ਨਲ ਹਾਈਵੇ ਨਾਲ ਜੁੜੇਗਾ। ਇਸ ਤੋਂ ਬਿਨਾਂ ਇਹ ਫਿਰੋਜ਼ਪੁਰ ਤੋਂ ਚੰਡੀਗੜ੍ਹ ਨੈਸ਼ਨਲ ਹਾਈਵੇ ਅਤੇ ਅੰਮ੍ਰਿਤਸਰ ਲਈ ਵੀ ਬਿਹਤਰ ਸੰਪਰਕ ਸਹੂਲਤ ਦੇਵੇਗਾ। ਵਿਧਾਇਕ ਨੇ ਕਿਹਾ ਕਿ ਸੜਕਾਂ ਕਿਸੇ ਵੀ ਇਲਾਕੇ ਦੀ ਤਰੱਕੀ ਦਾ ਆਧਾਰ ਹੁੰਦੀਆਂ ਹਨ ਅਤੇ ਇਹ ਸੜਕ ਵੀ ਇਸ ਪੂਰੇ ਸਰਹੱਦੀ ਖੇਤਰ ਦੇ ਵਿਕਾਸ ਦਾ ਆਧਾਰ ਬਣੇਗੀ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਜ਼ੋਰ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਸੜਕ ਦਾ ਕੰਮ ਸ਼ੁਰੂ ਹੋ ਸਕੇਗਾ ਅਤੇ ਇਹ ਸੜਕ ਨਾ ਕੇਵਲ ਫਾਜ਼ਿਲਕਾ ਸਗੋਂ ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਿਲਿਆਂ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ। ਉਨਾਂ ਨੇ ਇਸ ਸੜਕ ਦੇ ਨਿਰਮਾਣ ਸਬੰਧੀ ਲੋਕ ਨਿਰਮਾਣ ਮੰਤਰੀ ਸ਼ ਹਰਹਰਭ ਸਿੰਘ ਈਟੀਓ ਵੱਲੋਂ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ
ਫਾਜ਼ਿਲਕਾ ਫਿਰੋਜ਼ਪੁਰ ਸੜਕ ਨੂੰ ਚਹੁੰ ਮਾਰਗੀ ਕਰਨ ਦੀ ਪ੍ਰਕਿਰਿਆ ਹੋਈ ਤੇਜ

