Monday, March 9
Shadow

ਸਹਿਕਾਰੀ ਅਦਾਰਿਆਂ ਦਾ ਮੁੱਖ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ : ਉਮੇਸ਼ ਕੇ

ਬਠਿੰਡਾ, 10 ਜੁਲਾਈ : ਸਹਿਕਾਰੀ ਅਦਾਰਿਆਂ ਦਾ ਮੁੱਖ ਮੰਤਵ ਲੋਕਾਂ ਦੀ ਸੇਵਾ ਕਰਨਾ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਵੇਰਕਾ ਮਿਲਕ ਪਲਾਂਟ ਦੇ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਉਮੇਸ਼ ਕੇ ਨੇ ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਪਹਿਲੇ ਪੜਾਅ ਤਹਿਤ ਵੇਰਕਾ ਮਿਲਕ ਪਲਾਂਟ ’ਚ ਛਾਂਦਾਰ ਤੇ ਫਲਦਾਰ 500 ਬੂਟੇ ਲਗਾਉਣ ਦੀ ਸ਼ੁਰੂਆਤ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਵਲੋਂ ਆਪਣੇ ਹੱਥੀ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਡਾਇਰੈਕਟਰ ਮਾਰਕਫੈਡ ਪੰਜਾਬ ਸ ਟਹਿਲ ਸਿੰਘ ਸੰਧੂ, ਸਹਿਕਾਰੀ ਸਭਾਵਾ ਦੇ ਉਪ ਰਜਿਸਟਰਾਰ ਸ਼੍ਰੀ ਤਾਜੇਸ਼ਵਰ ਸਿੰਘ, ਵੇਰਕਾ ਸਹਿਕਾਰੀ ਸਭਾਵਾ/ਤਲਵੰਡੀ ਸਾਬੋ ਦੇ ਸਹਾਇਕ ਰਜਿਸਟਰਾਰ ਸ਼੍ਰੀ ਹਰਮੀਤ ਸਿੰਘ, ਜਨਰਲ ਮੈਨੇਜ਼ਰ ਵੇਰਕਾ ਸ਼੍ਰੀ ਅਨੀਮੇਸ਼ ਪ੍ਰਮਾਣਿਕ ਤੇ ਵੇਰਕਾ ਦੇ ਡਾਇਰੈਕਟਰ ਸ਼੍ਰੀ ਸੁਖਪ੍ਰੀਤ ਸੁੱਖੀ ਮਾਨ ਆਦਿ ਹਾਜ਼ਰ ਸਨ।

ਇਸ ਮੌਕੇ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਉਮੇਸ਼ ਕੇ ਨੇ ਰੁੱਖਾਂ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਜਿੱਥੇ ਸਾਡੀ ਸਾਰਿਆਂ ਦੀ ਜਿੰਮੇਵਾਰੀ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ ਉਥੇ ਹੀ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਸਾਡਾ ਮੁੱਖ ਧਰਮ ਹੈ।

ਇਸ ਦੌਰਾਨ ਵੇਰਕਾ ਦੇ ਡਾਇਰੈਕਟਰ ਸ਼੍ਰੀ ਸੁਖਪ੍ਰੀਤ ਸੁੱਖੀ ਮਾਨ ਨੇ ਕਿਹਾ ਕਿ ਲਗਾਏ ਗਏ ਇਨ੍ਹਾਂ ਬੂਟਿਆਂ ਨੂੰ 4 ਭਾਗਾਂ ’ਚ ਵੰਡਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੂਟਿਆਂ ਦੀ ਸਾਂਭ-ਸੰਭਾਲ ਲਈ ਨਿਯੁਕਤ ਕੀਤੀਆਂ ਟੀਮਾਂ ’ਚੋਂ ਜੋ ਵੀ ਟੀਮ ਇਨ੍ਹਾਂ ਬੂਟਿਆਂ ਦੀ ਸੁਚੱਜੀ ਸਾਂਭ-ਸੰਭਾਲ ਕਰੇਗੀ ਉਸ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਗਾਏ ਗਏ ਇਨ੍ਹਾਂ ਬੂਟਿਆਂ ਨੂੰ ਪਾਣੀ ਤੁਪਕਾ ਸਿੰਚਾਈ ਵਿਧੀ ਨਾਲ ਦਿੱਤਾ ਜਾਵੇਗਾ।

ਇਸ ਦੌਰਾਨ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜ਼ਰ ਸ਼੍ਰੀ ਅਨੀਮੇਸ਼ ਪ੍ਰਮਾਣਿਕ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਅੱਜ ਇੱਥੇ 500 ਛਾਂਦਾਰ ਤੇ ਫਲਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਉਪਰੰਤ ਦੂਜੇ ਪੜਾਅ ਤਹਿਤ ਮਿਲਕ ਪਲਾਂਟ ਅਧੀਨ ਪੈਂਦੇ 5 ਦੁੱਧ ਸ਼ੀਤਲ ਕੇਂਦਰਾਂ (ਸਰਦੂਲਗੜ੍ਹ, ਭਿੱਖੀ, ਰਾਮਪੁਰਾ, ਤਲਵੰਡੀ ਸਾਬੋ ਅਤੇ ਪਿੰਡ ਬਾਦਲ) ਵਿਖੇ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਮਿਲਕ ਪਲਾਂਟ ਹੈ ਜਿਥੇ ਤੁਪਕਾ ਸਿੰਚਾਈ ਵਿਧੀ ਨਾਲ ਬੂਟਿਆਂ ਨੂੰ ਪਾਣੀ ਦਿੱਤਾ ਜਾਵੇਗਾ।

ਇਸ ਉਪਰੰਤ ਵੇਰਕਾ ਮਿਲਕ ਪਲਾਂਟ ਦੇ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਉਮੇਸ਼ ਕੇ ਨੇ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੁੱਧ ਦੀ ਖਰੀਦ ਅਤੇ ਪਲਾਂਟ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਮਾਰਕੀਟਿੰਗ ਵੱਲ ਵਧੇਰੇ ਧਿਆਨ ਦੇਣ ਸਬੰਧੀ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਦਿੱਤੇ।

Leave a Reply

Your email address will not be published. Required fields are marked *