ਸਿਹਤ ਵਿਭਾਗ ਵੱਲੋਂ 05 ਫਰਵਰੀ ਨੂੰ ਡੀ-ਵਾਰਮਿੰਗ ਅਤੇ 12 ਫਰਵਰੀ ਨੂੰ ਮਨਾਇਆ ਜਾਵੇਗਾ ਮੋਪ ਅਪ ਡੇਅ

ਮਾਨਸਾ, 03 ਫਰਵਰੀ:
ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ’ਤੇ 05 ਫਰਵਰੀ 2024 ਨੂੰ ਡੀ-ਵਾਰਮਿੰਗ ਡੇਅ ਅਤੇ 12 ਫਰਵਰੀ 2024 ਨੂੰ ਮੋਪ ਅਪ ਡੇਅ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਕੂਲਾਂ ਅਤੇ ਆਂਗੜਵਾੜੀ ਸੈਂਟਰਾਂ ਵਿਚ ਦਾਖਲ ਬੱਚਿਆਂ ਤੋ ਇਲਾਵਾ ਸਕੂਲੋ ਵਿਰਵੇ ਕਿਸ਼ੋਰ ਕਿਸ਼ੋਰੀਆਂ ਨੂੰ ਐਲਬੈਂਡਾਜੋਲ ਦੀ ਗੋਲੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇਸ ਦਿਨ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਖਾਤਮੇ ਲਈ ਐਲਬੈਂਡਾਜੋਲ ਦੀ ਗੋਲੀ ਦਿੱਤੀ ਜਾਣੀ ਹੈ, ਇਸ ਵਿਚ ਆਂਗਣਵਾੜੀ ਅਤੇ ਸਰਕਾਰੀ ਸਕੂਲਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੇ ਬੱਚੇ ਵੀ ਕਵਰ ਕੀਤੇ ਜਾਣੇ ਹਨ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਕਵਰ ਕੀਤੇ ਜਾਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਲਗਭਗ 2 ਲੱਖ 1837 ਹੈ। ਇਸ ਕਾਰਜ ਨੂੰ ਸਿਹਤ ਸਿੱਖਿਆ ਅਤੇ ਇਸਤਰੀ ਦੇ ਬਾਲ ਵਿਕਾਸ ਵਿਭਾਗ ਦੁਆਰਾ ਆਪਸੀ ਤਾਲਮੇਲ ਨਾਲ ਨੇਪਰੇ ਚਾੜਿਆ ਜਾਣਾ ਹੈ। ਜਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 1 ਤੋਂ 2 ਸਾਲ ਤੱਕ ਦੇ ਬੱਚਿਆ ਨੂੰ ਸਿਰਪ ਅਤੇ 2 ਤੋਂ 19 ਸਾਲ ਦੇ ਸਾਰੇ ਬੱਚਿਆ ਨੂੰ ਐਲਬੈਂਡਾਜੋਲ ਦੀ ਗੋਲੀ ਦਿੱਤੀ ਜਾਣੀ ਹੈ। ਉਹਨਾਂ ਕਿਹਾ ਕਿ ਐਲਬੈਂਡਾਜੌਲ ਦੀ ਗੋਲੀ ਖਾਣਾ ਖਾਣ ਤੋਂ ਬਾਅਦ ਹੀ ਦਿੱਤੀ ਜਾਵੇ, ਕਿਸੇ ਵੀ ਬੱਚੇ ਨੂੰ ਗੋਲੀ ਖਾਲੀ ਪੇਟ ਨਾ ਦਿੱਤੀ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਬੱਚੇ ਨੂੰ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੀ ਸੂਰਤ ਵਿਚ ਨੇੜੇ ਦੇ ਸਿਹਤ ਕੇਂਦਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਐਲਬੈਡਾਜੋਲ ਦਵਾਈ ਦੀ ਖੁਰਾਕ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਲਈ ਅਤਿ ਜ਼ਰੂਰੀ ਹੈ, ਜਿਸ ਕਾਰਨ ਅਨੀਮੀਆਂ, ਸਰੀਰਕ ਵਾਧਾ ਰੁਕਣਾ ਸਮੇਤ ਬੱਚੇ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਦਵਾਈ ਨਾਲ ਬੱਚੇ ਦੀ ਸਿਹਤ ਠੀਕ ਰਹਿੰਦੀ ਹੈ।

Leave a Reply

Your email address will not be published. Required fields are marked *