ਖੇਡਾਂ ਵਤਨ ਪੰਜਾਬ ਦੀਆਂ -2024 ਅਧੀਨ ਜ਼ਿਲ੍ਹਾ ਪੱਧਰ ਖੇਡਾਂ ਦੀ ਨਹਿਰੂ ਸਟੇਡੀਅਮ ਵਿਖੇ ਹੋਈ ਰੰਗਾ ਰੰਗ ਸ਼ੁਰੂਆਤ

ਫ਼ਰੀਦਕੋਟ 12 ਸਤੰਬਰ,2024

        ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2024 ਸੀਜਨ-3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ (ਲੜਕੇ ਅਤੇ ਲੜਕੀਆਂ) ਦਾ ਅੱਜ ਨਹਿਰੂ ਸਟੇਡੀਅਮ ਵਿਖੇ ਰੰਗਾ ਰੰਗ ਅੰਦਾਜ਼ ਵਿੱਚ ਸ਼ੁਰੂ ਹੋਈਆ । ਇਸ ਮੌਕੇ ਸ. ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ. ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਸ. ਸੇਖੋਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਬਣਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਨੌਜਵਾਨਾਂ ਦਾ ਖੇਡਾਂ ਨਾਲ ਜੁੜਨਾ ਵੀ ਬਹੁਤ ਜ਼ਰੂਰੀ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਸਕਦੇ ਹਨ ।

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਖੇਡਾਂ ਵਿੱਚ ਮੋਹਰੀ ਸੂਬਾ ਬਣੇ । ਇਸ ਲਈ ਪੰਜਾਬ ਸਰਕਾਰ ਵਲੋਂ ਲਗਾਤਾਰ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ।

ਜ਼ਿਲ੍ਹਾ ਖੇਡ ਅਫਸਰ ਸ.ਬਲਜਿੰਦਰ ਸਿੰਘ ਫਰੀਦਕੋਟ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ 20 ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪੱਧਰੀ ਖੇਡਾਂ ਫਰੀਦਕੋਟ ਵਿਖੇ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬਲਬੀਰ ਸਕੂਲ ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਈਆਂ ਜਾ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡੌਲਫਿਨ ਪਬਲਿਕ ਸਕੂਲ ਕੋਟਕਪੂਰਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਫੁੱਟਬਾਲ, ਖੋਹ—ਖੋਹ, ਕਬੱਡੀ (ਨਸ), ਕਬੱਡੀ (ਸਰਕਲ), ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੁਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਤੈਰਾਕੀ, ਵੇਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾ ਖੇਡਾਂ ਵਿੱਚ ਪਹਿਲੇ 3 ਦਿਨ ਅੰਡਰ 14, 17 ਅਤੇ 21 ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਅਤੇ ਪਿਛਲੇ 2 ਦਿਨ ਵਿੱਚ ਬਾਕੀ ਦੇ ਉਮਰ ਵਰਗਾਂ ਦੇ ਖੇਡ ਮੁਕਾਬਲੇ ਹੋਣਗੇ ਅਤੇ ਇਹ ਖੇਡ ਮੁਕਾਬਲੇ ਮਿਤੀ 16 ਸਤੰਬਰ 2024 ਤੱਕ ਜਾਰੀ ਰਹਿਣਗੇ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਜਸਬੀਰ ਜੱਸੀ ਵਲੋਂ ਨਿਭਾਈ ਗਈ ।

ਇਸ ਮੌਕੇ ਸ. ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ, ਸ. ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ, ਸੁਖਵੰਤ ਸਿੰਘ ਪੱਕਾ, ਕੁਲਤਾਰ ਸਿੰਘ ਬਰਾੜ (ਸਾਬਕਾ ਚੇਅਰਮੈਨ), ਜਤਿੰਦਰ ਸਿੰਘ ਰੋਮਾਣਾ ਰਿਟਾ. ਸੀਨੀ. ਹੈਂਡਬਾਲ ਕੋਚ, ਕੰਵਲਜੀਤ ਸਿੰਘ ਫੈਡਰੇਸ਼ਨ ਕੱਪ ਮੈਡਲਿਸਟ ਤੋਂ ਇਲਾਵਾ  ਦਫਤਰ ਦਾ ਸਮੂਹ ਸਟਾਫ, ਕੋਚਿਜ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।

Leave a Reply

Your email address will not be published. Required fields are marked *