ਸਾਹਿਬਜ਼ਾਦਾ ਅਜੀਤ ਸਿੰਘ ਨਗਰ 03 ਦਸੰਬਰ, 2024:
ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨਿਥ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਕੁਝ ਸੜਕਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਚੱਲ ਰਹੇ ਕੰਮਾਂ ਦੀ ਕੁਆਲਿਟੀ ਦੀ ਜਾਂਚ ਕਰਵਾਉਣ ਲਈ ਸੈਂਪਲ ਭਰਵਾਏ ਗਏ।
ਇਸ ਮੌਕੇ ਕਮਿਸ਼ਨਰ ਟੀ ਬੈਨਿਥ ਨੇ ਦੱਸਿਆ ਕਿ ਸੈਕਟਰ-67 ਦੀ ਮਾਰਕੀਟ ਅਤੇ ਸੈਕਟਰ-66 ਬੀ ਵਾਲੀ ਸੜਕ (ਸੋਹਾਣਾ ਦੇ ਪੁਰਾਣੇ ਥਾਣੇ ਦੇ ਸਾਹਮਣੇ) ਅਤੇ ਫੇਜ਼-11 ਵਾਰਡ ਨੰਬਰ-21 ਦੀਆਂ ਸੜਕਾਂ ਦੇ ਸੈਂਪਲ ਭਰਵਾਏ ਗਏ ਹਨ ਅਤੇ ਜਾਂਚ ਲਈ ਭੇਜੇ ਗਏ ਹਨ।
ਉਹਨਾਂ ਕਿਹਾ ਕਿ ਇਹ ਰੂਟੀਨ ਜਾਂਚ ਕੀਤੀ ਗਈ ਹੈ ਅਤੇ ਚੱਲ ਰਹੇ ਕੰਮਾਂ ਦੀ ਇਸੇ ਤਰ੍ਹਾਂ ਸਮੇਂ-ਸਮੇਂ ਸਿਰ ਜਾਂਚ ਕੀਤੀ ਜਾਵੇਗੀ। ਕਮਿਸ਼ਨਰ ਨੇ ਇਸ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਚੱਲ ਰਹੇ ਕੰਮਾਂ ਨੂੰ ਨਿਰਧਾਰਿਤ ਸਪੈਸੀਫਿਕੇਸ਼ਨ ਅਨੁਸਾਰ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਕਮਿਸ਼ਨਰ ਨਗਰ ਨਿਗਮ ਨੇ ਇਸ ਮੌਕੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਲਏ ਗਏ ਸੈਂਪਲ ਫੇਲ ਹੁੰਦੇ ਹਨ ਤਾਂ ਜਿੰਮੇਵਾਰ ਠੇਕੇਦਾਰ ਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਚੀਫ ਇੰਜੀਨੀਅਰ ਨਰੇਸ਼ ਬੱਤਾ, ਐਕਸੀਅਨ ਕਮਲਦੀਪ ਸਿੰਘ, ਐਸ.ਡੀ.ਓ ਧਰਮਿੰਦਰ ਅਤੇ ਹੋਰ ਅਧਿਕਾਰੀ ਵੀ ਉਨਾਂ ਦੇ ਨਾਲ ਹਾਜ਼ਰ ਸਨ।