ਫਰੀਦਕੋਟ 18 ਅਪ੍ਰੈਲ ,2024 ( ) ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਵਲੋਂ ਅੱਜ ਲੋਕਾਂ ਨੂੰ ਵੋਟ ਦੀ ਮਹੱਤਤਾ ਦੱਸਣ ਦੇ ਮੰਤਵ ਨਾਲ ਧਾਰਮਿਕ ਸਥਾਨਾਂ ਤੇ ਪਹੁੰਚ ਕੀਤੀ ਗਈ। ਇਸ ਮੌਕੇ ਇੰਨਾਂ ਟੀਮਾਂ ਵਲੋਂ ਰਾਮਨੌਮੀ ਦੇ ਸ਼ੁਭ ਅਵ਼ਸਰ ਤੇ ਸ਼੍ਰੀ ਪ੍ਰਵੀਨ ਹਨੂਮਾਨ ਮੰਦਰ ਸ਼੍ਰੀ ਬਾਲਾ ਜੀ ਮੰਦਰ, ਗਊਸ਼ਾਲਾ ਪੰਚਵਟੀ ਮੰਦਰ ਅਤੇ ਹੋਰ ਧਾਰਮਿਕ ਸਥਾਨਾਂ ਤੇ ਪਹੁੰਚ ਕੇ ਲੋਕਾਂ ਨੂੰ ਇਸ ਵਾਰ ਵੋਟਾਂ ਪਾਉਣ ਤੇ ਉਤਸ਼ਾਹਿਤ ਕੀਤਾ।ਇਸ ਮੌਕੇ ਅਧਿਕਾਰੀਆਂ ਦੀਆਂ ਟੀਮਾਂ ਧਾਰਮਿਕ ਸਥਾਨਾਂ ਤੇ ਲੀਡਰਾਂ ਅਤੇ ਵੱਖ-ਵੱਖ ਸੰਗਠਨਾਂ ਤੱਕ ਵੀ ਪਹੁੰਚ ਕੀਤੀ।
ਇਸ ਮੌਕੇ ਅਫ਼ਸਰ ਸਹਿਬਾਨਾਂ ਵੱਲੋਂ ਲੋਕਾਂ ਨੂੰ ਵੋਟ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਜਿਨ੍ਹਾਂ ਦੀ ਵੋਟ ਬਣੀ ਹੈ ਉਹ ਖੁਦ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਦੂਜਿਆਂ ਨੂੰ ਇਸ ਅਧਿਕਾਰ ਦੀ ਵਰਤੋਂ ਵਾਸਤੇ ਪ੍ਰੇਰਿਤ ਕਰਨ। ਉਨ੍ਹਾਂ ਨੇ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਕਿਹਾ ਕਿ ਜੇਕਰ ਉਹ ਚਾਹੁਣ ਤਾਂ ਘਰ ਬੈਠੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਸੀ-ਵਿਜ਼ਲ ਐਪ ਦੀ ਜਾਣਕਾਰੀ ਵੀ ਦਿੱਤੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ‘ ਅਬ ਦੀ ਬਾਰ ਵੋਟਿੰਗ 70 ਪ੍ਰਤੀਸ਼ਤ ਪਾਰ ’ ਸਲੋਗਨ ਤਹਿਤ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਪਹਿਲ ਦੇ ਅਧਾਰ ਤੇ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਦੇ ਵੋਟਰਾਂ ਨੂੰ ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ’ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਬਿਨ੍ਹਾਂ ਡਰ, ਭੈ, ਲਾਲਚ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੇ ਪਰਵ ਵਿੱਚ ਸਾਨੂੰ ਚੰਗੀ ਸਰਕਾਰ ਦੇ ਗਠਨ ਵਾਸਤੇ ਆਪਣੀ ਅਹਿਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਮੌਕੇ ਸਵੀਪ ਟੀਮ ਦੇ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ, ਸ਼੍ਰੀ ਪ੍ਰਦੀਪ ਦਿਓੜਾ, ਸਹਾਇਕ ਜ਼ਿਲਾ ਨੋਡਲ ਅਫ਼ਸਰ ਜਸਬੀਰ ਸਿੰਘ ਜੱਸੀ ਵੀ ਹਾਜ਼ਰ ਸਨ।