ਫ਼ਰੀਦਕੋਟ 28 ਫ਼ਰਵਰੀ,2024
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ਵਿਚ ਵੋਟ ਪਾਉਣ, ਈ.ਵੀ.ਐਮ ਅਤੇ ਵੀ.ਵੀ ਪੈਟ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ‘ਸਵੀਪ ਵੋਟਰ ਜਾਗਰੂਕਤਾ ਵੈਨਾਂ’ ਨੂੰ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀ. ਸੈਕੰ. ਸਕੂਲ ਫ਼ਰੀਦਕੋਟ ਤੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਵੀਰਪਾਲ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਲਈ ਦੋ-ਦੋ ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ ਹਨ, ਤਾਂ ਜੋ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੇ ਨਾਲ-ਨਾਲ ਈ.ਵੀ.ਐਮ ਅਤੇ ਵੀ.ਵੀ ਪੈਟ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨਾਂ ਜ਼ਿਲ੍ਹੇ ਵਿਚ ਆਰੰਭ ਸਵੀਪ ਗਤੀਵਿਧੀਆਂ ਦਾ ਹਿੱਸਾ ਹਨ, ਜੋ ਕਿ ਸਾਰੇ ਵਿਧਾਨ ਸਭਾ ਖੇਤਰਾਂ ਨੂੰ ਕਵਰ ਕਰਨਗੀਆਂ ਅਤੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ-1950 ਅਤੇ ਈ.ਵੀ.ਐਮ ਅਤੇ ਵੀ.ਵੀ ਪੈਟ ਦੀ ਕਾਰਜਪ੍ਰਣਾਲੀ ਅਤੇ ਇਸਦੇ ਪ੍ਰਯੋਗ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਵੈਨਾਂ ਦਾ ਉਦੇਸ਼ ਵੋਟਰਾਂ ਖਾਸ ਕਰਕੇ ਨੌਜਵਾਨ ਵਰਗ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ।
ਇਸ ਮੌਕੇ ਮਾਸਟਰ ਰਿਸੋਰਸ ਪਰਸਨ ਡਾ. ਸੰਜੀਵ ਕਟਾਰੀਆ ਵਲੋਂ ਯੋਗ ਵਿਦਿਆਰਥੀਆਂ ਨੂੰ ਨਵੀਂ ਵੋਟ ਬਣਾਉਣ ਅਤੇ ਵੋਟਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਸੌ ਫ਼ੀਸਦੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਵੋਟ ਦੀ ਮਹੱਤਤਾ ਸਾਂਝੀ ਕਰਦੇ ਹੋਏ ਦੱਸਿਆ ਕਿ ਭਾਰਤ ਦੇ 18 ਸਾਲ ਤੋਂ ਉੱਪਰ ਹਰੇਕ ਨਾਗਰਿਕ ਦੀ ਇੱਕ ਹੀ ਵੋਟ ਹੈ ਜੋ ਬਰਾਬਰਤਾ ਦਾ ਵੱਡਾ ਸਬੂਤ ਹੈ। ਉਨ੍ਹਾਂ ਬੱਚਿਆਂ ਨਾਲ ਚੋਣ ਕਮਿਸ਼ਨ ਅਤੇ ਭਾਰਤ ਦੇ ਸੰਵਿਧਾਨ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ, ਸ੍ਰੀ ਬ੍ਰਿਜ ਮੋਹਨ ਸਿੰਘ ਬੇਦੀ, ਡੀ.ਈ.ਓ (ਸਕੈਡਰੀ) ਸ੍ਰੀ ਪ੍ਰਦੀਪ ਦਿਊੜਾ, ਡਿਪਟੀ ਡੀ.ਈ.ਓ ਕਮ ਜ਼ਿਲ੍ਹਾ ਨੋਡਲ ਅਫਸਰ ਸਵੀਪ, ਸ੍ਰੀ ਜਸਬੀਰ ਜੱਸੀ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ,ਚੇਅਰਮੈਨ ਸਵਰਨਜੀਤ ਸਿੰਘ ਗਿੱਲ, ਪ੍ਰਿੰਸੀਪਲ ਭੁਪਿੰਦਰ ਕੌਰ ਸਰਾਂ, ਚੋਣ ਕਾਨੂੰਗੋ ਜਸਪ੍ਰੀਤ ਕੌਰ, ਬੇਅੰਤ ਸਿੰਘ, ਅਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।