ਮੁੱਖ ਮੰਤਰੀ ਦੇ ਯਤਨਾਂ ਸਦਕਾ ਹੋਰ ਮਜ਼ਬੂਤ ਹੋਇਆ ਸਹਿਕਾਰੀ ਅਦਾਰਾ ‘ਮਿਲਕਫੈੱਡ’

ਚੰਡੀਗੜ੍ਹ, 29 ਦਸੰਬਰ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਸਾਲ 2024 ਵਿੱਚ ਦੁੱਧ ਉਤਪਾਦਕਾਂ ਨੂੰ ਵੱਧ ਭਾਅ ਦੇਣ, ਵੇਰਕਾ ਪਲਾਂਟਾਂ ਦਾ ਵਿਸਥਾਰ ਕਰਨ ਅਤੇ ਨਵੇਂ ਉਤਪਾਦ ਲਾਂਚ ਕਰਕੇ ਸਹਿਕਾਰੀ ਅਦਾਰੇ ‘ਮਿਲਕਫੈੱਡ’ ਨੂੰ ਹੋਰ ਮਜ਼ਬੂਤ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਸਹਿਕਾਰਤਾ ਮਹਿਕਮਾ ਵੀ ਹੈ, ਨੇ ਕਿਸਾਨਾਂ ਨੂੰ ਖੇਤੀ ਸਹਾਇਕ ਕਿੱਤਿਆਂ ਨਾਲ ਜੋੜਨ ਲਈ ਮਿਲਕਫੈੱਡ ਨੂੰ ਵਿਸ਼ੇਸ਼ ਤੌਰ ਉਤੇ ਵੱਡੇ ਪ੍ਰਾਜੈਕਟ ਦਿੱਤੇ ਹਨ ਤਾਂ ਕਿ ਦੁੱਧ ਦੇ ਧੰਦੇ ਨੂੰ ਮੁਨਾਫੇ ਵਾਲਾ ਬਣਾਇਆ ਜਾ ਸਕੇ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਦੁੱਧ ਉਤਪਾਦਕਾਂ ਦੀ ਸਹਾਇਤਾ ਲਈ ਇਕ ਅਪ੍ਰੈਲ ਤੋਂ 31 ਅਕਤੂਬਰ, 2024 ਤੱਕ ਦੁੱਧ ਦੀ ਖਰੀਦ ਕੀਮਤ ਵਿੱਚ 25 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਅਤੇ ਦੁੱਧ ਦੀ ਖਰੀਦ 840 ਰੁਪਏ ਪ੍ਰਤੀ ਕਿਲੋ ਫੈਟ ਦੇ ਮੁਤਾਬਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿੱਚ 6000 ਤੋਂ ਵੱਧ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਕੋਲ 5 ਲੱਖ ਦੁੱਧ ਉਤਪਾਦਕ ਰਜਿਸਟਰਡ ਹਨ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵੇਰਕਾ ਡੇਅਰੀ ਲੁਧਿਆਣਾ ਵਿਖੇ ਨਵਾਂ ਪਲਾਂਟ ਲੋਕਾਂ ਨੂੰ ਸਮਰਪਿਤ ਕੀਤਾ ਜਿਸ ਦੀ ਦੁੱਧ ਦੀ ਪ੍ਰੋਸੈਸਿੰਗ ਕਰਨ ਦੀ ਰੋਜ਼ਾਨਾ ਸਮਰੱਥਾ 9 ਲੱਖ ਲਿਟਰ ਹੈ ਅਤੇ ਇਹ ਪਲਾਂਟ 10 ਮੀਟ੍ਰਿਕ ਟਨ ਮੱਖਣ ਸੰਭਾਲਣ ਦੀ ਸਮਰੱਥਾ ਵੀ ਰੱਖਦਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਵਿਖੇ ਵੇਰਕਾ ਡੇਅਰੀ ਪਲਾਂਟ ਵੀ ਮੁੱਖ ਮੰਤਰੀ ਨੇ ਲੋਕਾਂ ਨੂੰ ਸਮਰਪਿਤ ਕੀਤਾ ਜੋ ਇਕ ਦਿਨ ਵਿੱਚ ਇਕ ਲੱਖ ਲਿਟਰ ਦੁੱਧ ਦੀ ਪ੍ਰੋਸੈਸਿੰਗ ਤੇ ਪੈਕਿਜਿੰਗ ਕਰਨ ਦੀ ਸਮਰੱਥਾ ਹੈ। ਇਸ ਤੋਂ ਇਲਾਵਾ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ ਯੂਨਿਟਾਂ ਦਾ ਵਿਸਥਾਰ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਨੇ ਜਲੰਧਰ ਵਿਖੇ ਵੇਰਕਾ ਡੇਅਰੀ ਪਲਾਂਟ ਵਿੱਚ 1.25 ਲੱਖ ਲਿਟਰ ਪ੍ਰਤੀ ਦਿਨ (ਐਲ.ਐਲ.ਪੀ.ਡੀ.) ਦੀ ਸਮਰੱਥਾ ਵਾਲੇ ਫਰਮੈਂਟਡ ਉਤਪਾਦਾਂ (ਦਹੀ ਤੇ ਲੱਸੀ) ਦੀ ਪ੍ਰੋਸੈਸਿੰਗ ਤੇ ਪੈਕੇਜਿੰਗ ਲਈ ਨਵੇਂ ਆਟੋਮੈਟਿਕ ਯੂਨਿਟ ਦਾ ਉਦਘਾਟਨ ਕੀਤਾ।

ਬੁਲਾਰੇ ਨੇ ਅੱਗੇ ਦੱਸਿਆ ਕਿ ਮਿਲਕਫੈੱਡ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਿੰਡਾਂ ਵਿੱਚ ਦੁੱਧ ਦੀ ਖਰੀਦ ਤੇ ਸਪਲਾਈ ਲਈ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੀ ਸਥਾਪਨਾ ਕੀਤੀ ਹੈ। ਵਿੱਤੀ ਵਰ੍ਹੇ ਸਾਲ 2023-24 ਵਿੱਚ ਮਿਲਕਫੈੱਡ ਨੇ ਪ੍ਰਤੀ ਦਿਨ  20.01 ਲੱਖ ਲੀਟਰ ਦੁੱਧ ਦੀ ਖਰੀਦ ਕੀਤੀ ਹੈ ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਤਾਬਲੇ 9.4 ਫੀਸਦੀ ਵੱਧ ਹੈ। ਇਸ ਸਮੇਂ ਦੌਰਾਨ ਸਹਿਕਾਰੀ ਅਦਾਰੇ ਨੇ ਸਖ਼ਤ ਮੁਕਾਬਲੇ ਦੇ ਬਾਵਜੂਦ ਪ੍ਰਤੀ ਦਿਨ 12.66 ਲੱਖ ਲਿਟਰ ਪੈਕੇਟ ਵਾਲਾ ਦੁੱਧ ਵੇਚਿਆ ਜਦਕਿ ਬੀਤੇ ਸਾਲ ਇਸ ਦੀ ਵਿਕਰੀ 12.01 ਲੱਖ ਲਿਟਰ ਸੀ ਜਿਸ ਨਾਲ 5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ਵਿੱਚ ਮਿਲਕਫੈੱਡ ਨੇ ਲੋਕਾਂ ਦੀ ਮੰਗ ਦੇ ਮੁਤਾਬਕ ਪਹਿਲੀ ਵਾਰ ਬਿਨਾ ਸ਼ੂਗਰ ਵਾਲੀ ਖੀਰ ਅਤੇ ਮਿਲਕਕੇਕ ਅਤੇ ਹੋਰ ਉਤਪਾਦਾਂ ਦੀ ਵਿਕਰੀ ਸ਼ੁਰੂ ਕੀਤੀ।

Leave a Reply

Your email address will not be published. Required fields are marked *